ਕੇਜਰੀਵਾਲ ਦੀ ਵਿਵਾਦਤ ਫੋਟੋ ਛਾਪਣ ਤੇ ਦਿੱਲੀ ਕਮੇਟੀ ਨੇ ਹਿੰਦੀ ਰਸਾਲੇ ਨੂੰ ਭੇਜਿਆ ਕਾਨੂੰਨੀ ਨੋਟਿਸ

photo (11)ਜੀ.ਕੇ. ਨੇ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ੭ ਦਿਨ ਦੀ ਦਿੱਤੀ ਮੋਹਲਤ
ਨਵੀਂ ਦਿੱਲੀ, 12 ਜੁਲਾਈ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿੱਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿੱਚ ਛੱਪਣ ‘ਤੇ ਸਖਤ ਨੋਟਿਸ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮਸਲੇ ਤੇ ਰਸਾਲੇ ਦੇ ਮੁਖ ਸੰਪਾਦਕ ਅਰੁਨ ਪੁਰੀ ਅਤੇ ਬਾਕੀ ਟੀਮ ਨੂੰ ਲੀਗਲ ਨੋਟਿਸ ਭੇਜ ਕੇ ਇਸ ਮਸਲੇ ‘ਤੇ 7 ਦਿਨਾਂ ਵਿੱਚ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਮੁਆਫੀ ਨਾ ਮੰਗਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਹੀ ਦਾ ਸਾਹਮਣਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
ਪ੍ਰਕਾਸ਼ਕਾਂ ਵੱਲੋਂ ਰਸਾਲੇ ਦੇ 20 ਜੁਲਾਈ 2016 ਦੇ ਅੰਕ ਵਿੱਚ ਕੇਜਰੀਵਾਲ ਨੂੰ ਬਿਨਾਂ ਕੇਸਾਂ ਦੇ ਨਿਹੰਗ ਬਾਣੇ ਵਿੱਚ ਦਰਸ਼ਾਉਂਦੇ ਹੋਏ ਕਵਰ ਪੇਜ਼ ‘ਤੇ ਫੋਟੋ ਛਾਪਣ ਕਰਕੇ ਇਹ ਵਿਵਾਦ ਪੈਦਾ ਹੋਇਆ ਹੈ। ਨੋਟਿਸ ਵਿੱਚ ਨਿਹੰਗ ਸਿੰਘਾਂ ਦੇ ਮਾਣਮਤੇ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਗੈਰ ਸਿੱਖ ਨੂੰ ਨਿਹੰਗ ਵਿਖਾਉਣ ਨੂੰ ਸਿੱਖ ਧਰਮ ਦੇ ਸਿਧਾਂਤਾ ‘ਤੇ ਚੋਟ ਦੱਸਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੀ.ਕੇ. ਨੇ ਦੱਸਿਆ ਕਿ ਅੱਜ ਤਕ ਤਾਂ ਸਿੱਖਾਂ ਨੂੰ ਮੀਡੀਆ ਵੱਲੋਂ ਪਤਿਤ ਦਿਖਾਉਣ ਦਾ ਹੀ ਚਲਣ ਸਾਹਮਣੇ ਆ ਰਿਹਾ ਸੀ ਪਰ ਹੁਣ ਇਸ ਵਿਵਾਦਿਤ ਫੋਟੋ ਨੇ ਗੈਰ ਸਿੱਖ ਨੂੰ ਨਿਹੰਗ ਸਿੰਘ ਵੱਜੋਂ ਪੇਸ਼ ਕਰਕੇ ਸਿੰਘਾਂ ਨੂੰ ਜਾਗਣ….. ਦਾ ਸੁਨੇਹਾ ਦੇ ਦਿੱਤਾ ਹੈ। ਪ੍ਰਧਾਨ ਜੀ.ਕੇ. ਨੇ ਮੰਨਿਆ ਕਿ ਜੇਕਰ ਅਸੀਂ ਆਪਣੇ ਧਰਮ ਅਤੇ ਉਸ ਦੇ ਸਿੱਧਾਤਾਂ ਤੇ ਖੁਦ ਪਹਿਰਾ ਨਹੀਂ ਦਿਆਂਗੇ ਤਾਂ ਦੂਜੀਆਂ ਤੋਂ ਇਸ ਦੀ ਆਸ ਕਰਨਾ ਬੇਮਾਨੀ ਹੋ ਜਾਵੇਗਾ। ਇਸ ਫੋਟੋ ਦੇ ਪਿੱਛੇ ਵੱਡੀ ਸਾਜਿਸ ਹੋਣ ਦਾ ਖਦਸਾ ਜਤਾਉਂਦੇ ਹੋਏ ਪ੍ਰਧਾਨ ਜੀ.ਕੇ. ਨੇ ਸਿੱਖਾਂ ਨੂੰ ਕੇਜਰੀਵਾਲ ਦੀ ਭਜਨ ਮੰਡਲੀ ਤੋਂ ਸਾਵਧਾਨ ਹੋਣ ਦੀ ਵੀ ਅਪੀਲ ਕੀਤੀ।
ਇਸ ਸਬੰਧ ਵਿੱਚ ਵਿਧਾਨਪਾਲਿਕਾ ਵੱਲੋਂ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕਰਦੇ ਹੋਏ ਪ੍ਰਧਾਨ ਜੀ.ਕੇ. ਨੇ ਇਸ ਨੂੰ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਵੀ ਕਰਾਰ ਦਿੱਤਾ। ਪ੍ਰਧਾਨ ਜੀ.ਕੇ. ਨੇ ਖੁਲਾਸਾ ਕੀਤਾ ਕਿ ਕੇਜਰੀਵਾਲ ਨੇ ਬੀਤੇ ਦਿਨੀਂ ਆਪਣੇ ਅਕਸ਼ ਨੂੰ ਲੋਕਾਂ ਦੇ ਵਿੱਚ ਮਕਬੂਲ ਕਰਨ ਵਾਸਤੇ ਇੱਕ ਮੀਡੀਆ ਕੰਪਨੀ ਨੂੰ ਸਰਕਾਰੀ ਖਜਾਨੇ ਤੋਂ 200 ਕਰੋੜ ਰੁਪਏ ਦੀ ਮੋਟੀ ਰਕਮ ਦੇਣ ਦਾ ਕਰਾਰ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਕੇਜਰੀਵਾਲ ਪੰਜਾਬ ਚੋਣਾਂ ਵਿੱਚ ਆਪਣੀ ਪਾਰਟੀ ਦੀ ਉਮੀਦਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਲੱਗੇ ਹੋਏ ਹਨ। ਪਰ ਕੇਜਰੀਵਾਲ ਦਾ ਅਨਾੜੀਆਂ ਨੂੰ ਪ੍ਰਚਾਰ ਦਾ ਜਿੰਮਾ ਦੇਣਾ ਹੁਣ ਜੀਅ ਦਾ ਜੰਜ਼ਾਲ ਬਣਦਾ ਜਾ ਰਿਹਾ ਹੈ। ਕੇਜਰੀਵਾਲ ਦੀ ਉਕਤ ਫੋਟੋ ਦੇ ਪਿੱਛੇ ਵੀ ਪ੍ਰਧਾਨ ਜੀ.ਕੇ. ਨੇ ਪੀ.ਆਰ. ਕੰਪਨੀ ਦਾ ਹੱਥ ਹੋਣ ਦਾ ਖਦਸਾ ਜਤਾਇਆ।