ਕੈਲੇਫੋਰਨੀਆ ਵਿੱਚ ਸਿਖ ‘ਤੇ ਜਾਨਲੇਵਾ ਹਮਲਾ

sਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਤੇ ਦਬਾਅ ਜਾਰੀ – ਚਾਹਲ
ਜਲੰਧਰ, 26 ਸਤੰਬਰ – ਕੈਲੇਫੋਰਨੀਆ ਦੇ ਸ਼ਹਿਰ ਰਿਚਮੰਡ ਵਿੱਚ ਇੱਕ ਨੌਜਵਾਨ ਸਿਖ ਮਾਨ ਸਿੰਘ ਖਾਲਸਾ ‘ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਕਤ ਉਹ ਆਪਣੇ ਇੱਕ ਸਾਥੀ ਨੂੰ ਉਸ ਦੇ ਘਰ ਛੱਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ  ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇਸ ਸਿਖ ਨੌਜਵਾਨ ‘ਤੇ ਕੀਤੇ ਗਏ ਜਾਨਲੇਵਾ ਹਮਲਾ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ 9/11 ਦੇ ਹਮਲੇ ਦੇ 15 ਸਾਲਾਂ ਪਿੱਛੋਂ ਵੀ ਨਫ਼ਰਤ ਕਾਰਨ ਵਾਪਰ ਰਹੇ ਮੁਸਲਿਮ ਵਿਰੋਧੀ ਹਮਲਿਆਂ ਦਾ ਨਿਸ਼ਾਨਾ ਸਿੱਖ ਬਣ ਰਹੇ ਹਨ। ਇਸ ਹਮਲੇ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਸ. ਚਾਹਲ ਨੇ ਕਿਹਾ ਕਿ ਸਾਡੇ ਦਫ਼ਤਰ ਪਹੁੰਚੀ ਸੂਚਨਾ ਮੁਤਾਬਿਕ ਕੈਲੇਫੋਰਨੀਆ…. ਦੀ ਇੱਕ ਗੈਰ ਮੁਨਾਫ਼ਾ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਖ਼ਜ਼ਾਨਚੀ ਸ. ਮਾਨ ਸਿੰਘ ਖ਼ਾਲਸਾ ਨੇਪਾਲ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਪੁਰਬ ਮਨਾਉਣ ਲਈ ਸ. ਮਨਜੀਤ ਸਿੰਘ ਖ਼ਾਲਸਾ ਨਾਲ ਬੇ ਏਰੀਏ ਦੇ ਵੱਖ-ਵੱਖ ਗੁਰਦੁਆਰਿਆਂ ਦੀਆ ਮੀਟਿੰਗਾਂ ਵਿੱਚ ਰੁੱਝੇ ਹੋਏ ਸਨ।
ਇਨ੍ਹਾਂ ਮੀਟਿੰਗਾਂ ਪਿੱਛੋਂ ਵਾਪਸ ਮੁੜਦੇ ਹੋਏ ਸ. ਮਾਨ ਸਿੰਘ ਨੇ ਮਨਜੀਤ ਸਿੰਘ ਨੂੰ ਐਤਵਾਰ ਦੀ ਰਾਤ 9.00 ਵਜੇ ਉਨ੍ਹਾਂ ਦੇ ਘਰ ਛੱਡ ਦਿੱਤਾ। ਜਦੋਂ ਮਾਨ ਸਿੰਘ ਆਪਣੇ ਘਰ ਨੂੰ ਪਰਤ ਰਹੇ ਸਨ ਤਾਂ ਉਨ੍ਹਾਂ ‘ਤੇ ਉਦੋਂ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਹਿਲਟੋਪ ਮਾਲ ਟਰੈਫ਼ਿਕ ਰੈੱਡ ਲਾਈਟ ‘ਤੇ ਰੁਕੇ ਹੋਏ ਸਨ। ਕਾਰ ਵਿੱਚ ਕਿਸੇ ਹੋਰ ਬੰਦੇ ਨੂੰ ਦੇਖਣ ਲਈ ਹਮਲਾਵਰ ਕਾਰ ਦੀ ਪਿਛਲੀ ਤਾਕੀ ਵੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ। ਕਾਰ ਦੇ ਅੰਦਰੋਂ ਹੀ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਮਾਨ ਸਿੰਘ ਦੇ ਚਿਹਰੇ ਅਤੇ ਸਿਰ ‘ਤੇ ਡੂੰਘੇ ਜ਼ਖਮ ਹੋ ਗਏ। ਗੰਭੀਰ ਹਾਲਤ ਵਿੱਚ ਮਾਨ ਸਿੰਘ ਨੂੰ ਐਂਬੂਲੈਂਸ ਰਾਹੀਂ ਕੈਜਰ ਹਸਪਤਾਲ ਰਿਚਮੰਡ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਕਈ ਟਾਂਕੇ ਲਗਾਏ ਗਏ।ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ। ਰਿਚਮੰਡ ਪੁਲਿਸ ਨੇ ਮਾਨ ਸਿੰਘ ਦੇ ਬਿਆਨ ਰਿਕਾਰਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸ. ਚਾਹਲ ਨੇ ਕਿਹਾ ਕਿ ਘਟਨਾ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਨੇ ਦਸਿਆ ਕਿ ਹਮਲਾਵਰਾਂ ਨੂੰ ਜਲਦੀ ਜਲਦੀ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ‘ਤੇ ਦਬਾਅ ਬਣਾ ਕੇ ਰਖਿਆ ਹੋਇਆ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਏਗਾ।