ਮੇਜ਼ਬਾਨ ਭਾਰਤ ਨੇ ਸਪੇਨ ਨੂੰ ਹਰਾ ਕੇ ਸੈਮੀ ਫਾਈਨਲ ‘ਚ ਪੁੱਜਾ

dc-cover-v6mp1hhgdr00j0k0u4odva20m2-20161215210742-mediਜੂਨੀਅਰ ਹਾਕੀ ਵਿਸ਼ਵ ਕੱਪ
ਲਖਨਊ, 15 ਦਸੰਬਰ – ਇੱਥੇ ਖੇਡੇ ਜਾ ਰਹੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੈਚ ਦੇ ਰੋਮਾਂਚਕ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਸੈਮੀ ਫਾਈਨਲ ‘ਚ ਥਾਂ ਬਣਾ ਲਈ ਹੈ। ਹੁਣ ਭਾਰਤ ਦਾ ਸੈਮੀ ਫਾਈਨਲ ‘ਚ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਭਾਰਤ ਨੇ ਇਸ ਜਿੱਤ ਨਾਲ 11 ਸਾਲ ਪਹਿਲਾਂ ਰੌਟਰਡਮ ‘ਚ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਕਾਂਸੀ ਦੇ ਤਗਮੇ ਲਈ ਹੋਏ ਮੁਕਾਬਲੇ ‘ਚ ਸਪੇਨ ਤੋਂ ਮਿਲੀ ਹਾਰ ਦਾ ਬਦਲਾ ਲੈ ਲਿਆ।
ਸਪੇਨ ਦੇ ਖਿਡਾਰੀ ਮਾਰਕ ਸੇਰਾਹਿਮਾ ਨੇ 22ਵੇਂ ਮਿੰਟ ‘ਚ ਟੀਮ ਲਈ ਗੋਲ ਕੀਤਾ। ਭਾਰਤ ਵੱਲੋਂ ਸਿਮਰਨਜੀਤ ਸਿੰਘ ਨੇ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਰੀਬਾਊਂਡ ‘ਤੇ ਗੋਲ ਕਰਕੇ ਟੀਮ ਨੂੰ ਬਰਾਬਰੀ ਉੱਤੇ ਲਿਆ ਦਿੱਤਾ ਜਦੋਂ ਕਿ ਹਰਮਨਪ੍ਰੀਤ ਸਿੰਘ ਨੇ 65ਵੇਂ ਮਿੰਟ ‘ਚ ਡਰੈਗ ਫਲਿੱਕ ‘ਤੇ ਜੇਤੂ ਗੋਲ ਕਰਕੇ ਟੀਮ ਨੂੰ ਸੈਮੀ ਫਾਈਨਲ ਵਿੱਚ ਥਾਂ ਦਿਵਾਈ। ਇਸ ਤੋਂ ਇਲਾਵਾ ਖੇਡੇ ਗਏ ਹੋਰਨਾਂ ਕੁਆਰਟਰ ਫਾਈਨਲ ਮੈਚਾਂ ਵਿੱਚ ਪਿਛਲੇ ਦੋ ਵਾਰ ਦੇ ਚੈਂਪੀਅਨ ਜਰਮਨੀ ਨੇ ਇੰਗਲੈਂਡ ਨੂੰ 4-2 ਨਾਲ, ਆਸਟਰੇਲੀਆ ਨੇ ਹਾਲੈਂਡ ਨੂੰ 2-1 ਨਾਲ ਅਤੇ ਬੈਲਜੀਅਮ ਨੇ ਅਰਜਨਟੀਨਾ ਨੂੰ ਨਿਰਧਾਰਤ ਸਮੇਂ ‘ਚ 1-1 ਦੀ ਬਰਾਬਰੀ ਤੋਂ ਬਾਅਦ ਸ਼ੂਟਆਊਟ ‘ਚ 4-1 ਨਾਲ ਹਰਾਇਆ।