ਸਮਾਜਿਕ ਨੈਤਿਕ ਜਾਗਰੂਕਤਾ ਵਿੱਚ ਲੇਖਕ ਆਪਣੀ ਜ਼ਿੰਮੇਵਾਰੀ ਨਿਭਾਉਣ – ਕਹਾਣੀਕਾਰ ਲਾਲ ਸਿੰਘ

sahit-sabha-dasuyaਦਸੂਹਾ, 23 ਨਵੰਬਰ  – ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ:) ਦਸੂਹਾ ਵੱਲੋਂ ਸਭਾ ਦੇ ਦਫ਼ਤਰ ਨੇੜੇ ਸੇਂਟ ਪਾਲ ਕਾਨਵੈਂਟ ਸਕੂਲ ਨਿਹਾਲਪੁਰ ਵਿਖੇ ਇੱਕ ਰੋਜ਼ਾ ਚਿੰਤਨ ਇਕੱਠ “ਨੈਤਿਕਤਾ ਅਤੇ ਸਾਹਿਤ” ਦੇ ਵਿਸ਼ੇ ‘ਤੇ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸਮੇਂ ਆਪਣੇ ਵਿਚਾਰ ਪੇਸ਼ ਕਰਦਿਆਂ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਲੇਖਕਾਂ ਦਾ ਅਜੌਕੇ ਦੌਰ ਵਿੱਚ ਫਰਜ਼ ਬਣਦਾ ਹੈ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਪਛਾਨ ਕੇ ਸਮਾਜ ਨੂੰ ਨੈਤਿਕ ਪੱਖੋਂ ਜਾਗਰੂਕ ਕਰਨ ਦੀ ਆਪਣੀ ਬਣਦੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ। ਕਿਉਂਕਿ ਵਿਸ਼ਵੀਕਰਨ ਨੇ ਸਾਡੀ ਨੈਤਿਕਤਾ ਉੱਤੇ ਗਲਬਾ ਪਾ ਲਿਆ ਹੈ। ਵਿਸ਼ਵੀਕਰਨ ਦਾ ਮੰਤਵ ਸਿਰਫ਼ ਮੁਨਾਫਾ ਕਮਾਉਣਾ ਹੈ, ਅਸੀਂ ਇਸ ਸਬੰਧੀ ਨਾ ਸੁਆਲ ਤੇ ਪੜਚੋਲ ਅਤੇ ਨਾ ਹੀ ਵਿਰੋਧ ਕਰ ਰਹੇ ਹਨ। ਸਾਹਿਤ ਤੇ ਨੈਤਿਕਤਾ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਤਾਬ ਲੇਖਕ ਦੀ ਦਿਮਾਗ ਦਾ ਸੰਦ ਹੁੰਦੀ ਹੈ ਨਾ ਕਿ ਸੁੱਖ ਭੋਗ ਦੀ ਸਮੱਗਰੀ। ਲੇਖਕ ਜਿਹੜੀ ਗੱਲ ਲਿਖੇ, ਉਸ ਵਿੱਚ ਸੱਚਾਈ ਹੋਣੀ ਚਾਹੀਦੀ ਹੈ। ਜੇਕਰ ਲੇਖਕ ਜ਼ਿੰਮੇਵਾਰ ਨਹੀਂ ਹੈ ਤਾਂ ਉਹ ਲੇਖਕ ਹੀ ਨਹੀਂ ਹੈ। ਕਿਉਂਕਿ ਵਿਸ਼ਵੀਕਰਨ ਸਰਮਾਏਦਾਰੀ ਪ੍ਰਬੰਧ ਦਾ ਸਿਖਰਲਾ ਪੜਾਅ ਹੈ ਤੇ ਜਿਸ ਵਿੱਚ ਹਰ ਢੰਗ ਨਾਲ ਪੈਸਾ ਕਮਾਉਣਾ ਹੀ ਮੁੱਖ ਮਨੋਰਥ ਬਣ ਗਿਆ ਹੈ ਤੇ ਲੇਖਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਵਰਤਾਰੇ ਦੀ ਹਕੀਕਤ ਸਭ ਦੇ ਸਾਹਮਣੇ ਪੇਸ਼ ਕਰੇ। ਆਪਣੇ ਸੰਸਾਰ ਵਿੱਚ ਬੰਦਾ ਆਪਣੀ ਨੈਤਿਕਤਾ ਦਾ ਆਪ ਲਿਖਾਰੀ ਹੈ ਤੇ ਉਸ ਨੂੰ ਆਪਣੀ ਲਿਖਤ ਲਈ ਜ਼ਿੰਮੇਵਾਰ ਹੋਣਾ ਪਵੇਗਾ। ਇਸ ਇਕੱਠ ਵਿੱਚ ਸਰਕਾਰ ਵੱਲੋਂ ਨੋਟਾਂ ਸਬੰਧੀ ਕੀਤੀ ਗਈ ਗਈ ਤਬਦੀਲੀ ਕਾਰਨ ਪੈਣ ਵਾਲੇ ਆਮ ਲੋਕਾਂ ਉੱਤੇ ਪੈਣ ਵਾਲੇ ਦੂਰਗਾਮੀ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਵੀ ਭਰਪੂਰ ਚਰਚਾ ਕੀਤੀ ਗਈ। ਇਸ ਚਿੰਤਨ ਇਕੱਠ ਵਿੱਚ ਪ੍ਰੋ. ਬਲਦੇਵ ਸਿੰਘ ਬੱਲੀ, ਨਵਤੇਜ ਗੜ੍ਹਦੀਵਾਲਾ, ਸੁਰਿੰਦਰ ਸਿੰਘ ਨੇਕੀ, ਦਿਲਪ੍ਰੀਤ ਕਾਹਲੋ, ਸੁਖਦੇਵ ਕੌਰ ਚਮਕ, ਜਸਬੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਅੰਤ ਵਿੱਚ ਹਾਜ਼ਿਰ ਕਵੀਆਂ ਨੇ ਆਪਦੀਆਂ ਸੱਜਰੀਆਂ ਰਚਨਾਵਾਂ ਸੁਣਾ ਕੇ ਸਮਾਗਮ ਨੂੰ ਸਿਖਰ ਤੱਕ ਪਹੁੰਚਾਇਆ।