ਮੋਗਾ – ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜੋਗਿੰਦਰ ਪਾਲ ਜੈਨ ਨੇ ਜ਼ਿਮਨੀ ਚੋਣ ‘ਚ 18849 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਮੁੱਖ ਵਿਰੋਧੀ ਕਾਂਗਰਸੀ ਉਮੀਦਵਾਰ ਵਿਜੇ ਸਾਥੀ ਨੂੰ ਕਰਾਰੀ ਮਾਤ ਦਿੱਤੀ ਹੈ। ਅਕਾਲੀ ਦਲ ਦਾ ਉਮੀਦਵਾਰ ਜੈਨ ਨੂੰ 14ਵੇਂ ਗੇੜ ਦੀ ਗਿਣਤੀ ਦੌਰਾਨ ਹੀ ਜੇਤੂ ਐਲਾਨ ਦਿੱਤਾ ਗਿਆ। ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਜੋਗਿੰਦਰ ਪਾਲ ਜੈਨ ਨੂੰ ਕੁੱਲ 69,265 ਤੇ 4 ਸਰਵਿਸ ਵੋਟ ਮਿਲੇ ਜਦੋਂ ਕਿ ਕਾਂਗਰਸੀ ਉਮੀਦਵਾਰ ਵਿਜੇ ਸਾਥੀ ਨੂੰ 50,420 ਵੋਟ, ਸਾਂਝੇ ਮੋਰਚੇ ਦੇ ਉਮੀਦਵਾਰ ਡਾ. ਰਵਿੰਦਰ ਸਿੰਘ ਧਾਲੀਵਾਲ ਨੂੰ 7,401, ਪੰਜਾਬ ਲੇਬਰ ਪਾਰਟੀ ਦੇ ਗੁਰਮੀਤ ਸਿੰਘ ਰੰਘਰੇਟਾ ਨੂੰ 459, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬੀਰਇੰਦਰ ਪਾਲ ਸਿੰਘ ਨੂੰ 822, ਇੰਡੀਅਨ ਕ੍ਰਾਂਤੀਕਾਰੀ ਲਹਿਰ ਦੇ ਜਸਵੰਤ ਸਿੰਘ ਬੇਦੀ ਨੂੰ 221, ਸ੍ਰੀ ਰਾਮ ਡੈਨਵਾਲ ਨੂੰ 215, ਹਰਦੇਵ ਸਿੰਘ ਤਖਾਣਵੱਧ ਨੂੰ 304, ਛਿੰਦਰ ਸਿੰਘ ਨੂੰ 399 ਤੇ ਰਾਜਿੰਦਰ ਸਿੰਘ ਕੌਂਸਲਰ ਸਨੌਰ (ਪਟਿਆਲਾ) ਨੂੰ 759 ਨੂੰ ਵੋਟਾਂ ਮਿਲੀਆਂ। ਇਸ ਜ਼ਿਮਨੀ ਚੋਣ ‘ਚ ੮ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ।
ਇਸ ਚੋਣ ਵਿੱਚ ਮਿਲੀ ਜਿੱਤ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਨੀਤੀਆਂ ਤੇ ਹਲਕੇ ਦੇ ਲੋਕਾਂ ਦਾ ਜਿੱਤ ਕਿਹਾ ਹੈ। ਉੱਥੇ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਪ ਚੋਣ ਨੂੰ ਅਕਾਲੀਆਂ ਨੇ ਹੇਰਾ-ਫੇਰੀ ਕਰਕੇ ਜਿੱਤਿਆ ਹੈ, ਜਿਸ ‘ਚ ਧਨ ਅਤੇ ਸੱਤਾ ਦੀ ਤਾਕਤ ਅਤੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੁਰਵਰਤੋਂ ਕੀਤੀ ਗਈ ਹੈ। ਚਾਰ ਪਾਰਟੀਆਂ ਦੇ ਸਾਂਝੇ ਮੋਰਚੇ ਦੇ ਚੇਅਰਮੈਨ ਤੇ ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੋਗਾ ਹਲਕੇ ਦੀ ਜ਼ਿਮਨੀ ਚੋਣ ਸ਼ਰਾਬ, ਧੱਕੇ ਤੇ ਦੌਲਤ ਦੀ ਤਾਕਤ ਨਾਲ ਜਿੱਤੀ ਗਈ ਹੈ।
Indian News ਅਕਾਲੀ ਜੈਨ ਨੇ ਮੋਗਾ ਜ਼ਿਮਨੀ ਚੋਣ ਜਿੱਤੀ