ਨਵੀਂ ਦਿੱਲੀ, 12 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਿੱਲੀ ਇਕਾਈ ਮਨਜੀਤ ਸਿੰਘ ਜੀ. ਕੇ. ਬਲਵੰਤ ਸਿੰਘ ਰਾਮੂਵਾਲੀਆ (ਪ੍ਰਭਾਰੀ ਦਿੱਲੀ ਇਕਾਈ ਤੇ ਸਾਬਕਾ ਕੇਂਦਰੀ ਮੰਤਰੀ) ਅਤੇ ਨਰੇਸ਼ ਗੁਜਰਾਲ (ਮੈਂਬਰ ਰਾਜ ਸਭਾ) ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਭਾਰਤੀ ਜਨਤਾ ਪਾਰਟੀ ਵਲੋਂ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਨੂੰ ਮਿਲੀਆਂ ਚਾਰ ਸੀਟਾਂ ਰਾਜੌਰੀ ਗਾਰਡਨ, ਕਾਲਕਾ ਜੀ, ਸ਼ਾਹਦਰਾ ਅਤੇ ਹਰੀ ਨਗਰ ਤੋਂ ਕ੍ਰਮਵਾਰ ਮਨਜਿੰਦਰ ਸਿੰਘ ਸਿਰਸਾ (ਪ੍ਰਧਾਨ ਯੂਥ ਅਕਾਲੀ ਦਲ ਦਿੱਲੀ ਇਕਾਈ ਤੇ ਜਨਰਲ ਸਕੱਤਰ ਦਿੱਲੀ ਕਮੇਟੀ) ਹਰਮੀਤ ਸਿੰਘ ਕਾਲਕਾ (ਕੌਮੀ ਸਕੱਤਰ ਜਨਰਲ ਯੂਥ ਅਕਾਲੀ ਦਲ ਤੇ ਜੁਆਇੰਟ ਸਕੱਤਰ ਦਿੱਲੀ ਕਮੇਟੀ), ਜਤਿੰਦਰ ਸਿੰਘ ਸ਼ੰਟੀ (ਨਿਗਮ ਪਾਰਸ਼ਦ) ਅਤੇ ਸ਼ਾਮ ਸ਼ਰਮਾ (ਨਿਗਮ ਪਾਰਸ਼ਦ) ਨੂੰ ਪਾਰਟੀ ਵਲੋਂ ਚੋਣ ਲੜਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਤੇ ਸਿਰਸਾ ਤੇ ਸ਼ਰਮਾ ਜਦੋਂ ਕਿ ਭਾਜਪਾ ਦੇ ਚੋਣ ਨਿਸ਼ਾਨ ਕਮਲ ਤੇ ਕਾਲਕਾ ਤੇ ਸ਼ੰਟੀ ਚੋਣ ਅਖਾੜੇ ਵਿੱਚ ਉੱਤਰਨਗੇ।
ਮਨਜੀਤ ਸਿੰਘ ਜੀ. ਕੇ. ਨੇ ਚਾਰੋ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਅੱਜ ਦਿੱਲੀ ਦੇ ਵੋਟਰਾਂ ਵਿੱਚ ਮਹਿੰਗਾਈ, ਭ੍ਰਿਸ਼ਟਾਚਾਰ ਤੇ ਮਾੜੀ ਕਾਨੂੰਨ ਵਿਵਸਥਾ ਕਰਕੇ ਗ਼ੁੱਸੇ ਦੀ ਲਹਿਰ ਹੈ ਜਿਸ ਕਰਕੇ ਭਾਜਪਾ ਅਕਾਲੀ ਗਠਬੰਧਨ ਇਨ੍ਹਾਂ ਚੋਣਾ ਵਿੱਚ ਜਿੱਤ ਵੱਲ ਵਧਦਾ ਨਜ਼ਰ ਆ ਰਿਹਾ ਹੈ। ਰਾਮੂਵਾਲੀਆ ਨੇ ਚੋਣ ਮਨੋਰਥ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਦਾ ਮੁੱਖ ਨਿਸ਼ਾਨਾ 1984 ਦੇ ਕਾਤਲਾਂ ਨੂੰ ਸਜਾ ਦੇ ਨਾਲ ਹੀ ਮਾਂ ਬੋਲੀ ਪੰਜਾਬੀ ਨੂੰ ਦਿੱਲੀ ਵਿੱਚ ਦੂਜੀ ਰਾਜ ਭਾਸ਼ਾ ਦੇ ਰੂਪ ਵਿੱਚ ਬਣਦਾ ਮਾਣ ਸਤਿਕਾਰ ਦਿਵਾਉਣ ਤੇ ਰਹੇਗਾ। ਇਸ ਮੌਕੇ ਚਾਰੋ ਉਮੀਦਵਾਰ ਆਪਣੇ ਸੈਂਕੜੇ ਸਮਰਥਕਾਂ ਨਾਲ ਮੌਜੂਦ ਸਨ।