ਅਕਾਲ ਤਖ਼ਤ ਦੇ ਜਥੇਦਾਰ ਨੂੰ ਕੇਂਦਰ ਸਰਕਾਰ ਵੱਲੋਂ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ

ਪੰਜਾਬ ਦੀ ਆਪ ਸਰਕਾਰ ਨੇ ਹਾਲ ਹੀ ‘ਚ ਸੁਰੱਖਿਆ ਘਟਾਈ ਸੀ
ਨਵੀਂ ਦਿੱਲੀ, 3 ਜੂਨ – ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਨੇ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਖ ਆਗੂ ਲਈ ਸੰਭਾਵੀ ਖ਼ਤਰਾ ਵਧਣ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ ਤੇ ਉਨ੍ਹਾਂ ਨੂੰ ਮੁਲਕ ਦੀ ਦੂਜੀ ਸਭ ਤੋਂ ਅਹਿਮ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜਥੇਦਾਰ ਨੂੰ ਮਿਲਣ ਵਾਲੀ ਜ਼ੈੱਡ ਵਰਗ ਦੀ ਸੁਰੱਖਿਆ ਦੀ ਕਮਾਨ ਸੀਆਰਪੀਐਫ ਕਮਾਂਡੋਜ਼ ਕੋਲ ਹੋਵੇਗੀ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ 400 ਤੋਂ ਵੱਧ ਹਸਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਸੁਰੱਖਿਆ ਹਾਲ ਹੀ ਵਿੱਚ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਵਾਪਸ ਲੈ ਲਈ ਸੀ। ਹਾਲਾਂਕਿ ਜਥੇਦਾਰ ਦੀ ਸੁਰੱਖਿਆ ਮਗਰੋਂ ਬਹਾਲ ਕਰ ਦਿੱਤੀ ਗਈ ਸੀ ਪਰ ਉਨ੍ਹਾਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਉਨ੍ਹਾਂ ਨੂੰ ਕੇਂਦਰ ਵੱਲੋਂ ਸੀਆਰਪੀਐਫ ਕਮਾਂਡੋਜ਼ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ। ‘ਜ਼ੈੱਡ’ ਵਰਗ ਦੀ ਸੁਰੱਖਿਆ ਤਹਿਤ ਉਨ੍ਹਾਂ ਨਾਲ 16-20 ਹਥਿਆਰਬੰਦ ਕਮਾਂਡੋ ਰਹਿਣਗੇ ਜੋ 24 ਘੰਟੇ ਸ਼ਿਫ਼ਟਾਂ ਵਿੱਚ ਕੰਮ ਕਰਨਗੇ। ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਐਸਕਾਰਟ ਤੇ ਪਾਇਲਟ ਵਾਹਨ ਵੀ ਦਿੱਤੇ ਜਾਣਗੇ।