ਨਵੀਂ ਦਿੱਲੀ, 19 ਜੂਨ – ਦੇਸ਼ ਭਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਭਾਰਤ ਦੀਆਂ ਤਿੰਨਾਂ ਸੈਨਾਵਾਂ ਨੇ ‘ਅਗਨੀਪਥ’ ਸਕੀਮ ਤਹਿਤ ਫ਼ੌਜੀਆਂ ਦੀ ਭਰਤੀ ਲਈ ਵੱਡੇ ਪੱਧਰ ‘ਤੇ ਅੱਜ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਹੈ। ਫ਼ੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਲੈਫ਼ਟੀਨੈਂਟ ਜਨਰਲ ਅਨਿਲ ਪੁਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਰਕਾਰ ‘ਅਗਨੀਪਥ ਸਕੀਮ’ ਨੂੰ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ।
ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਕਿਹਾ ਕਿ ਜਲ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਸਬੰਧੀ ਪ੍ਰੋਗਰਾਮ 25 ਜੂਨ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਬੈਚ ਦੀ ਸਿਖਲਾਈ 21 ਨਵੰਬਰ ਤੋਂ ਸ਼ੁਰੂ ਹੋਵੇਗੀ।
ਏਅਰ ਮਾਰਸ਼ਲ ਐੱਸ ਕੇ ਝਾ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ‘ਅਗਨੀਪਥ’ ਸਕੀਮ ਤਹਿਤ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਕਰੇਗੀ। ਨਵੇਂ ਰੰਗਰੂਟਾਂ ਦੀ ਭਰਤੀ ਲਈ ਪਹਿਲੇ ਗੇੜ ਦੇ ਆਨਲਾਈਨ ਇਮਤਿਹਾਨ 24 ਜੁਲਾਈ ਤੋਂ ਲਏ ਜਾਣਗੇ। ਇਸ ਬੈਚ ਦੀ ਸਿਖਲਾਈ 30 ਦਸੰਬਰ ਤੋਂ ਸ਼ੁਰੂ ਹੋਵੇਗੀ। ਥਲ ਸੈਨਾ ਦੇ ਲੈਫ਼ਟੀਨੈਂਟ ਜਨਰਲ ਬਾਂਸੀ ਪੋਨੱਪਾ ਨੇ ਕਿਹਾ ਕਿ ਫ਼ੌਜ ਵੱਲੋਂ ਆਰਜ਼ੀ ਨੋਟੀਫ਼ਿਕੇਸ਼ਨ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਫ਼ੌਜ ਦੇ ਵੱਖ ਵੱਖ ਯੂਨਿਟਾਂ ਦੀਆਂ ਭਰਤੀਆਂ ਸਬੰਧੀ ਨੋਟੀਫ਼ਿਕੇਸ਼ਨ ਪਹਿਲੀ ਜੁਲਾਈ ਤੋਂ ਜਾਰੀ ਕੀਤੇ ਜਾਣਗੇ। ਦੇਸ਼ ਭਰ ਵਿੱਚ ਅਗਸਤ, ਸਤੰਬਰ ਤੇ ਅਕਤੂਬਰ ਵਿੱਚ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ। ਲੈਫ਼ਟੀਨੈਂਟ ਜਨਰਲ ਪੋਨੱਪਾ ਨੇ ਕਿਹਾ ਕਿ 25000 ਜਵਾਨਾਂ ਦਾ ਪਹਿਲਾ ਬੈਚ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਵੇਗਾ। ਰੰਗਰੂਟਾਂ ਦੇ ਦੂਜੇ ਬੈਚ ਦੀ ਸਿਖਲਾਈ 23 ਫਰਵਰੀ ਤੋਂ ਸ਼ੁਰੂ ਹੋਵੇਗੀ।
ਰੱਖਿਆ ਮੰਤਰਾਲੇ ਨੇ ਕਿਹਾ ਕਿ ‘ਅਗਨੀਵੀਰਾਂ’ ਦੀਆਂ ਸੇਵਾ ਸ਼ਰਤਾਂ ਰੈਗੂਲਰ ਫ਼ੌਜੀਆਂ ਦੇ ਬਰਾਬਰ ਹੋਣਗੀਆਂ। ਸਰਕਾਰ ਨੇ ਦਲੀਲ ਦਿੱਤੀ ਹੈ ਕਿ ਲਗਪਗ 17,600 ਜਵਾਨ ਹਰੇਕ ਸਾਲ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਇਹ ਸਿਰਫ਼ ਅਗਨੀਪਥ ਸਕੀਮ ਤਹਿਤ ਹੀ ਹੋਵੇਗਾ।
Home Page ‘ਅਗਨੀਪਥ’ ਸਕੀਮ ਤਹਿਤ ਫ਼ੌਜੀਆਂ ਦੀ ਭਰਤੀ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 24 ਜੂਨ...