ਮੁੰਬਈ, 12 ਜੁਲਾਈ – 11 ਜੁਲਾਈ ਨੂੰ ਬਾਲੀਵੁੱਡ ਦੇ ਸ਼ਹਿਨਸ਼ਾਹ ਤੇ ਮੈਗਾਸਟਾਰ ‘ਬਿੱਗ ਬੀ’ਅਮਿਤਾਭ ਬੱਚਨ (78) ਦੀ ਕੋਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਮਿਤਾਭ ਬੱਚਨ ਨੇ ਇਸ ਸਬੰਧੀ ਜਾਣਕਾਰੀ ਖ਼ੁਦ ਆਪਣੇ ਟਵਿੱਟਰ ਹੈਂਡਲ ‘ਤੇ ਦਿੱਤੀ। ਉਨ੍ਹਾਂ ਦੇ ਪਰਿਵਾਰ ਤੇ ਸਟਾਫ਼ ਦੇ ਵੀ ਕੋਵਿਡ-19 ਦੇ ਟੈੱਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਨਤੀਜਿਆਂ ਦੀ ਉਡੀਕ ਹੈ। ਬੱਚਨ ਨੇ ਉਨ੍ਹਾਂ ਲੋਕਾਂ ਨੂੰ ਆਪਣਾ ਕੋਰੋਨਾ ਟੈੱਸਟ ਕਰਵਾਉਣ ਲਈ ਕਿਹਾ ਹੈ ਜਿਹੜੇ ਪਿਛਲੇ 10 ਦਿਨਾਂ ਵਿੱਚ ਉਨ੍ਹਾਂ ਦੇ ਸੰਪਰਕ ‘ਚ ਆਏ ਹਨ। ਉੱਥੇ ਹੀ ਅਮਿਤਾਭ ਬੱਚਨ ਦੇ ਪੁੱਤਰ ਅਤੇ ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਦਾ ਵੀ ਕੋਰੋਨਾ ਟੈੱਸਟ ਪਾਜ਼ੇਟਿਵ ਆਇਆ ਹੈ। ਅਭਿਸ਼ੇਕ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਵੈੱਬ ਸੀਰੀਜ਼ ਦੀ ਸ਼ੂਟਿੰਗ ਵਿੱਚ ਨਿਕਲੇ ਸਨ ਅਭਿਸ਼ੇਕ ਬੱਚਨ
ਅਭਿਸ਼ੇਕ ਬੱਚਨ ਦੀ ਡੇਬਿਊ ਵੈੱਬ ਸੀਰੀਜ਼ ‘ਬ੍ਰੀਦ ਇੰਟੂ ਦਿ ਸ਼ੈਡੋਜ਼’ 10 ਜੁਲਾਈ ਨੂੰ ਰਿਲੀਜ਼ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਅਭਿਸ਼ੇਕ ਇਸ ਵੈੱਬ ਸੀਰੀਜ਼ ਦੀ ਡਬਿੰਗ ਲਈ ਸਟੂਡੀਓ ਜਾ ਰਹੇ ਸਨ। ਉਨ੍ਹਾਂ ਨੂੰ ਕਈ ਵਾਰ ਡਬਿੰਗ ਸਟੂਡੀਓ ਦੇ ਬਾਹਰ ਮਾਸਕ ਲਗਾਏ ਸਪਾਟ ਕੀਤਾ ਗਿਆ ਸੀ। ਅਭਿਸ਼ੇਕ ਨੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਗੱਲ ਦੀ ਪੁਸ਼ਟੀ ਕਰਦੇ ਹੋਏ ਟਵਿੱਟ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਵੀ ਅਮਿਤਾਭ ਦੀ ਤਰ੍ਹਾਂ ਨਾਨਾਵਤੀ ਹਸਪਤਾਲ ਵਿੱਚ ਭਰਤੀ ਹੋ ਚੁੱਕੇ ਹਨ।
78 ਸਾਲਾਂ ਦੇ ਅਮਿਤਾਭ ਬੱਚਨ ਨੂੰ ਲੀਵਰ ਦੀ ਮੁਸ਼ਕਿਲ ਸਹਿਤ ਕਈ ਸਿਹਤ ਸਮੱਸਿਆਵਾਂ ਹਨ। ਅਜਿਹੇ ਵਿੱਚ ਕੋਰੋਨਾ ਪਾਜ਼ੇਟਿਵ ਨਿਕਲਣ ਉੱਤੇ ਐਕਟਰ ਨੂੰ ਜ਼ਿਆਦਾ ਚੇਤੰਨ ਰਹਿਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਉਹ ਆਪਣੀ ਉਮਰ ਦੇ ਹਿਸਾਬ ਤੋਂ ਕਾਫ਼ੀ ਜ਼ਿਆਦਾ ਵਰਕਆਉਟ ਕਰਦੇ ਰਹਿੰਦੇ ਹਨ।
ਜਿਵੇਂ ਹੀ ਅਮਿਤਾਭ ਬੱਚਨ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ। ਇਸ ਦੇ ਬਾਅਦ ਉਨ੍ਹਾਂ ਦੇ ਫੈਂਸ ਅਤੇ ਬਾਲੀਵੁੱਡ ਇੰਡਸਟਰੀ ਦੇ ਲੋਕ ਉਨ੍ਹਾਂ ਦੀ ਸਲਾਮਤੀ ਦੀ ਦੁਆਵਾਂ ਕਰਨ ਲੱਗੇ ਹੋਏ ਹਨ। ਇਹ ਹੀ ਨਹੀਂ ਸਿਆਸੀ ਆਗੂਆਂ ਵੱਲੋਂ ਵੀ ਉਨ੍ਹਾਂ ਦੇ ਛੇਤੀ ਠੀਕ ਹੋ ਜਾਣ ਦੀ ਕਾਮਨਾ ਕੀਤੀ ਜਾ ਰਹੀ ਹੈ।
Bollywood News ਅਦਾਕਾਰ ਅਮਿਤਾਭ ਬੱਚਨ ਤੇ ਅਦਾਕਾਰ ਪੁੱਤਰ ਅਭਿਸ਼ੇਕ ਕੋਰੋਨਾ ਪਾਜ਼ੇਟਿਵ ਆਏ