ਜ਼ਮਾਨਤ ਰੱਦ, ਹੱਥਕੜੀ ਲਾ ਕੇ ਜੇਲ੍ਹ ਲਿਜਾਇਆ ਗਿਆ, ਲੋਕਾਂ ਨੇ ਮਨਾਈਆਂ ਖ਼ੁਸ਼ੀਆਂ, ਰਾਸ਼ਟਰਪਤੀ ਨੇ ਪ੍ਰਗਟਾਈ ਤਸੱਲੀ
ਸੈਕਰਾਮੈਂਟੋ 21 ਅਪ੍ਰੈਲ (ਹੁਸਨ ਲੜੋਆ ਬੰਗਾ) – ਅਦਾਲਤ ਨੇ ਮਿਨੀਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰਕ ਸ਼ੌਵਿਨ ਨੂੰ ਸਾਹਫਿਆਮ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਇਕ ਬਹੁਤ ਹੀ ਅਹਿਮ ਫ਼ੈਸਲੇ ਵਿੱਚ ਅਦਾਲਤ ਨੇ 45 ਸਾਲਾ ਡੈਰਕ ਸ਼ੌਵਿਨ ਨੂੰ ਤਿੰਨਾਂ ਦੋਸ਼ਾਂ ‘ਸੈਕੰਡ ਡਿਗਰੀ ਅਨਇੰਟੈਨਸ਼ਲ ਮਰਡਰ, ਥਰਡ ਡਿਗਰੀ ਮਰਡਰ ਤੇ ਸੈਕੰਡ ਡਿਗਰੀ ਮੈਨਸਲਾਟਰ’ ਵਿੱਚ ਦੋਸ਼ੀ ਕਰਾਰ ਦਿੱਤਾ। ਇਨ੍ਹਾਂ ਤਿੰਨ ਦੋਸ਼ਾਂ ਤਹਿਤ ਉਸ ਨੂੰ ਕ੍ਰਮਵਾਰ 40 ਸਾਲ, 25 ਸਾਲ ਤੇ 10 ਸਾਲ ਸਜ਼ਾ ਹੋ ਸਕਦੀ ਹੈ। ਮਿਨੀਸੋਟਾ ਦੇ ਸਜ਼ਾ ਸਬੰਧੀ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਹੱਤਿਆ ਦੇ ਦੋਸ਼ ਲਈ 12.5 ਸਾਲ ਤੇ ‘ਮੈਨਸਲਾਟਰ’ ਦੋਸ਼ ਤਹਿਤ 4 ਸਾਲ ਦੀ ਸਜ਼ਾ ਦੀ ਵਿਵਸਥਾ ਹੈ ਪਰੰਤੂ ਸ਼ੌਵਿਨ ਦੇ ਮਾਮਲੇ ਵਿੱਚ ਰਾਜ ਨੇ ਤਜਵੀਜ਼ਸ਼ੁਦਾ ਸਜ਼ਾ ਤੋਂ ਵਧ ਤੇ ਸਖ਼ਤ ਸਜ਼ਾ ਦੇਣ ਦੀ ਸਿਫ਼ਾਰਿਸ਼ ਕੀਤੀ ਹੈ।
45 ਸਾਲਾ ਸ਼ੌਵਿਨ ਜਿਸ ਨੇ ਮਾਸਕ ਪਾਇਆ ਹੋਇਆ ਸੀ, ਮਿਨੀਪੋਲਿਸ ਦੀ ਅਦਾਲਤ ਵਿੱਚ ਚੁੱਪ ਚਾਪ ਖੜ੍ਹਾ ਰਿਹਾ ਤੇ ਉਸ ਨੇ ਅਦਾਲਤ ਦੇ ਫ਼ੈਸਲੇ ਉੱਪਰ ਪ੍ਰਤੱਖ ਤੌਰ ‘ਤੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਫ਼ੈਸਲੇ ਉਪਰੰਤ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਤੇ ਪੁਲਿਸ ਅਧਿਕਾਰੀ ਉਸ ਨੂੰ ਹੱਥਕੜੀ ਲਾ ਕੇ ਅਦਾਲਤ ਦੇ ਪਿਛਲੇ ਦਰਵਾਜ਼ੇ ਰਾਹੀਂ ਜੇਲ੍ਹ ਲੈ ਗਏ। ਉਸ ਨੂੰ ਡਾਊਨ ਟਾਊਨ ਮਿਨੀਪੋਲਿਸ ਤੋਂ 25 ਮੀਲ ਦੂਰ ਸਟਿਲਵਾਟਰ, ਮਿਨੀਸੋਟਾ ਵਿਖੇ ਰੱਖਿਆ ਗਿਆ ਹੈ। ਅਦਾਲਤ ਦਾ ਫ਼ੈਸਲਾ ਤਕਰੀਬਨ 11 ਮਹੀਨੇ ਬਾਅਦ ਆਇਆ ਹੈ। 25 ਮਈ 2020 ਨੂੰ ਡੈਰਕ ਸ਼ੌਵਿਨ ਦੇ ਗੋਡੇ ਹੇਠ 46 ਸਾਲਾ ਜਾਰਜ ਫਲਾਇਡ ਦਮ ਤੋੜ ਗਿਆ ਸੀ। ਸ਼ੌਵਿਨ ਨੇ ਫਲਾਇਡ ਜਿਸ ਦੇ ਪਿੱਛੇ ਹੱਥ ਬੰਨੇ ਹੋਏ ਸਨ ਤੇ ਜ਼ਮੀਨ ਉੱਪਰ ਪੁੱਠਾ ਲਿਟਾਇਆ ਹੋਇਆ ਸੀ, ਦੀ ਧੌਣ ਨੂੰ ਆਪਣੇ ਗੋਡੇ ਨਾਲ 9 ਮਿੰਟ 29 ਸੈਕਿੰਡ ਦਬਾਈ ਰੱਖਿਆ। ਜਿਸ ਦੌਰਾਨ ਫਲਾਇਡ ਸਾਹ ਨਾ ਆਉਣ ਦੀ ਗੱਲ ਕਹਿੰਦਾ ਰਿਹਾ। ਆਖ਼ਰ ਉਹ ਸਾਹ ਨਾ ਆਉਣ ਕਾਰਨ ਦਮ ਤੋੜ ਗਿਆ। ਮੁਕੱਦਮੇ ਦੀ ਸੁਣਵਾਈ ਦੌਰਾਨ ਹਾਲਾਂ ਕਿ ਕੁੱਝ ਮੈਡੀਕਲ ਮਾਹਿਰਾਂ ਨੇ ਦਿੱਲ ਦੀ ਧੜਕਣ ਰੁਕ ਜਾਣ ਨੂੰ ਫਲਾਇਡ ਦੀ ਮੌਤ ਦਾ ਕਾਰਨ ਦੱਸਿਆ ਪਰੰਤੂ ਇਸਤਿਗਾਸਾ ਪੱਖ ਦੀ ਇਸ ਦਲੀਲ ਨੂੰ ਅਦਾਲਤ ਨੇ ਮੰਨ ਲਿਆ ਕਿ ਫਲਾਇਡ ਦੀ ਮੌਤ ਦਾ ਕਾਰਨ ਸਾਹ ਦਾ ਰੁਕਣਾ ਸੀ। ਵਕੀਲਾਂ ਨੇ ਜੱਜਾਂ ਨੂੰ ਵਾਰ ਵਾਰ ਕਿਹਾ ਆਪਣੀਆਂ ਅੱਖਾਂ ਉੱਪਰ ਵਿਸ਼ਵਾਸ਼ ਕਰੋ ਤੇ ਵੀਡੀਓ ਉੱਪਰ ਭਰੋਸਾ ਕਰੋ। ਸਟੀਵ ਸ਼ਲੀਚਰ ਨੇ ਆਪਣੀ ਅੰਤਿਮ ਦਲੀਲ ਵਿੱਚ ਕਿਹਾ ਜਦੋਂ ਤੁਸੀਂ ਵੀਡੀਓ ਵੇਖੀ ਸੀ ਤਾਂ ਜੋ ਤੁਹਾਡੇ ਦਿਮਾਗ਼ ਵਿੱਚ ਆਇਆ ਸੀ, ਮਾਮਲਾ ਅੱਜ ਵੀ ਉੱਥੇ ਹੀ ਖੜ੍ਹਾ ਹੈ। ਇਹ ਕਿਸੇ ਪੁਲਿਸ ਅਧਿਕਾਰੀ ਦਾ ਕੰਮ ਨਹੀਂ ਹੈ ਇਹ ਕਾਤਲ ਦਾ ਕੰਮ ਹੈ। ਫ਼ੈਸਲੇ ਸਮੇਂ ਅਦਾਲਤ ਵਿੱਚ ਫਲਾਇਡ ਦਾ ਛੋਟਾ ਭਰਾ ਫਿਲੋਨਾਈਜ ਫਲਾਇਡ ਮੌਜੂਦ ਸੀ। ਜਦੋਂ ਜੱਜ ਨੇ ਫ਼ੈਸਲਾ ਪੜ੍ਹਿਆ ਤਾਂ ਉਸ ਨੇ ਹੱਥ ਉੱਪਰ ਕਰਕੇ ਪ੍ਰਭੂ ਦਾ ਸ਼ੁਕਰਾਨਾ ਕੀਤਾ। ਫ਼ੈਸਲੇ ਉਪਰੰਤ ਉਸ ਨੇ ਖ਼ੁਸ਼ੀ ਵਿੱਚ ਸਾਰੇ ਵਕੀਲਾਂ ਨੂੰ ਜੱਫੀ ਪਾਈ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਫ਼ੈਸਲੇ ਤੋਂ ਪਹਿਲਾਂ ਮੈਂ ਕੇਵਲ ਪ੍ਰਾਰਥਨਾ ਕਰ ਰਿਹਾ ਸੀ ਕਿ ਦੋਸ਼ੀ ਨੂੰ ਸਜ਼ਾ ਮਿਲੇ ਕਿਉਂਕਿ ਇਕ ਅਫ਼ਰੀਕਨ ਅਮਰੀਕਨ ਦੇ ਤੌਰ ‘ਤੇ ਸਾਨੂੰ ਕਦੀ ਨਿਆਂ ਨਹੀਂ ਮਿਲਿਆ। ਅਦਾਲਤ ਦੇ ਫ਼ੈਸਲੇ ‘ਤੇ ਲੋਕਾਂ ਨੇ ਖ਼ੁਸ਼ੀ ਮਨਾਈ ਤੇ ਇਕ ਦੂਸਰੇ ਨੂੰ ਵਧਾਈਆਂ ਦਿੱਤੀਆਂ। ਕੱਪ ਫੂਡਜ਼ ਸਟੋਰ ਜਿੱਥੇ ਫਲਾਈਡ ਨੇ ਆਖ਼ਰੀ ਸਾਹ ਲਿਆ ਸੀ, ਦੇ ਬਾਹਰਵਾਰ ਲੋਕਾਂ ਦੀ ਭਾਰੀ ਭੀੜ ਜਮਾਂ ਹੋ ਗਈ।
ਰਾਸ਼ਟਰਪਤੀ ਵੱਲੋਂ ਤਸੱਲੀ ਦਾ ਪ੍ਰਗਟਾਵਾ- ਰਾਸ਼ਟਰਪਤੀ ਜੋਅ ਬਾਇਡਨ ਨੇ ਫ਼ੈਸਲੇ ਉੱਪਰ ਤਸੱਲੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂ ਕਿ ਇਹ ਫ਼ੈਸਲਾ ਜਾਰਜ ਫਲਾਇਡ ਨੂੰ ਵਾਪਸ ਨਹੀਂ ਲਿਆ ਸਕਦਾ ਪਰੰਤੂ ਉਸ ਦੇ ਪਰਿਵਾਰ ਦੇ ਦੁੱਖ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਜਾਰਜ ਫਲਾਇਡ ਦੇ ਦੂਸਰੇ ਭਰਾ ਰੋਡਨੀ ਫਲਾਇਡ ਨੇ ਕਿਹਾ ਇਹ ਸਾਡੇ ਸਾਰਿਆਂ ਦੀ ਜਿੱਤ ਹੈ। ਇਹ ਫ਼ੈਸਲਾ ਰੰਗ ਭੇਦ ਦੀਆਂ ਹੱਦਾਂ ਤੋਂ ਪਰੇ ਹੈ। ਸਾਡੀ ਇੱਕਜੁੱਟਤਾ ਕੰਮ ਆਈ ਹੈ।
Home Page ਅਦਾਲਤ ਵੱਲੋਂ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ...