ਆਕਲੈਂਡ – ਭਾਰਤੀ ਪੰਜਾਬੀ ਨੌਜਵਾਨ 20 ਸਾਲਾ ਅਨਮੋਲ ਸੰਧੂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਦੇ ਕਨਵੈੱਨਸ਼ਨ ਸੈਂਟਰ ਵਿਖੇ 17 ਤੋਂ 19 ਮਾਰਚ ਤੱਕ ਹੋਣ ਵਾਲੀ ਆਰਨਡਲ ਕਲਾਸਿਕ ਆਰਮਰੈਸਲਿੰਗ (ਪੰਜਾ ਲੜਾਉਣ) ਪ੍ਰਤੀਯੋਗਤਾ ‘ਚ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਕਰੇਗਾ। ਇਹ ਨਿਊਜ਼ੀਲੈਂਡ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਅਨਮੋਲ ਸੰਧੂ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਉਹ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸੰਬੰਧਿਤ ਹੈ ਤੇ 2015 ਤੋਂ ਨਿਊਜ਼ੀਲੈਂਡ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਅਨਮੋਲ ਨੇ ਛੋਟੀ ਉਮਰੇ ਭਾਰਤ ਵਿੱਚ ਵੀ ਐਵਾਰਡ ਹਾਸਿਲ ਕੀਤੇ ਸਨ ਜਿਨ੍ਹਾਂ ਵਿੱਚ ‘ਜੂਨੀਅਰ ਮਿਸਟਰ ਨਾਰਥ ਇੰਡੀਆ 2014 ਅਤੇ 2015’, ‘ਓਵਰਆਲ ਫਿਟੈਕਸ ਚੈਂਪੀਅਨ 2015’, ‘ਓਵਰਆਲ ਇੰਡੀਅਨ ਫਿਟਨੈੱਸ ਫ਼ੈਸਟੀਵਲ ਚੈਂਪੀਅਨ 2016’ ਅਤੇ ‘ਓਵਰਆਲ ਇੰਡੀਅਨ ਨੈਸ਼ਨਲ ਆਰਮ ਰੈਸਲਿੰਗ ਚੈਂਪੀਅਨ 2016’ ਸ਼ਾਮਿਲ ਹਨ। ਅਨਮੋਲ ਭਾਰਤ ਵਿੱਚ ਨੈਸ਼ਨਲ ਟਾਈਟਲ ਵੀ ਹਾਸਿਲ ਕੀਤਾ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਆਉਣ ਤੋਂ ਬਾਅਦ ਅਨਮੋਲ ਸੰਧੂ ਨੇ ਪਿਛਲੇ ਸਾਲ ‘ਹੈਵੀਵੇਟ ਨਿਊਜ਼ੀਲੈਂਡ ਫਿਟਨੈੱਸ ਐਕਸਪੋ ਚੈਂਪੀਅਨ 2016’, ‘ਨਿਊਜ਼ੀਲੈਂਡ ਨੈਸ਼ਨਲ ਹੈਵੀਵੇਟ 2016’, ਅਤੇ ‘ਹੈਵੀਵੇਟ ਨਿਊਜ਼ੀਲੈਂਡ ਬਿੱਗ ਟੁਆਏਜ਼ ਚੈਂਪੀਅਨ 2016’ ਦੇ ਮੁਕਾਬਲੇ ਜਿੱਤੇ। ਹੁਣ ‘ਵਰਲਡ ਆਰਮਰੈਸਲਿੰਗ ਲੀਗ (WLA) ਓਸ਼ਨੀਆ’ ਲਈ ਕੁਆਲੀਫ਼ਾਈ ਹੋਣ ਦੇ ਨਾਲ ਅਨਮੋਲ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਕਰਦੇ ਹੋਏ ਆਰਨਡਲ ਕਲਾਸਿਕ ਵਿੱਚ ਹਿੱਸਾ ਲੈ ਰਿਹਾ ਹੈ। ਜਿਸ ਵਿੱਚ ਸਾਊਥ ਏਸ਼ੀਆ ਈਸਟ, ਸਿੰਗਾਪੁਰ, ਮਲੇਸ਼ੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਆਰਮਰੈਸਲਿੰਗ ਖਿਡਾਰੀ ਹਿੱਸਾ ਲੈਣਗੇ।
ਜੇ ਅਨਮੋਲ ਸੰਧੂ ਹੈਵੀਵੇਟ ਡਵੀਜ਼ਨ ਜਿੱਤ ਜਾਂਦਾ ਹੈ ਤਾਂ ਉਹ ਅਮਰੀਕਾ ਦੇ ਲਾਸ ਵੇਗਾਸ ਵਿਖੇ ਹੋਣ ਵਾਲੇ ‘ਵਰਲਡ ਆਰਮਰੈਸਲਿੰਗ ਲੀਗ’ (WLA) ਅਮਚਿਉਰ’ ਮੁਕਾਬਲੇ ਲਈ ਕੁਆਲੀਫ਼ਾਈ ਕਰ ਜਾਵੇਗਾ।
ਅਨਮੋਲ ਸੰਧੂ ਲਈ ਸਪਾਂਸਰਸ਼ਿਪ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਸਤਿੰਦਰ ਸਿੰਘ ਬਾਠ ਨਾਲ 021 0299 1225 ਅਤੇ ਅੰਮ੍ਰਿਤਪਾਲ ਸਿੰਘ ਜਡੂਰ ਨਾਲ 021 179 7272 ਉੱਤੇ ਸੰਪਰਕ ਕਰ ਸਕਦੇ ਹੋ।
NZ News ਅਨਮੋਲ ਸੰਧੂ ਨਿਊਜ਼ੀਲੈਂਡ ਵੱਲੋਂ ਮੈਲਬਰਨ ਵਿਖੇ ‘ਆਰਨਡਲ ਕਲਾਸਿਕ ਆਰਮਰੈਸਲਿੰਗ’ ‘ਚ ਪ੍ਰਤੀਨਿਧਤਾ ਕਰੇਗਾ