ਅਨੰਦ ਮੈਰਿਜ ਐਕਟ ਦੀ ਨਿਗੂਣੀ ਸੋਧ ਦਾ ਇਤਿਹਾਸਕ ਪੱਖ

ਡਾ. ਦਲਜੀਤ ਸਿੰਘ , LL.B. ,LL.M., Ph.D ਸਾਬਕਾ : ਪ੍ਰੋਫੈਸਰ ਆਫ ਲਾਅ ਅਤੇ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ email: vcdaljitsingh@gmail.com: Mobile +919814518877 (WhatsApp)

ਡਾ. ਦਲਜੀਤ ਸਿੰਘ
ਸਾਬਕਾ: ਪ੍ਰੋਫੈਸਰ ਆਫ਼ ਲਾਅ ਤੇ ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ
E-mail: vcdaljitsingh@gmail.com
Mobile No: +91 98145-18877 (ਵੱਟਸਅੱਪ)
ਸਿੱਖ ਉਹ ਕੌਮ ਹੈ, ਜਿਸ ਨੂੰ ਇਤਿਹਾਸ ਵਿੱਚ ਕਦੇ ਵੀ ਜਿਸਮਾਨੀ ਤਾਕਤ ਨਾਲ ਨਹੀਂ ਜਿੱਤਿਆ ਜਾ ਸਕਿਆ।ਅੰਗਰੇਜ਼ਾਂ ਤੋਂ ਲੈ ਕੇ ਮੁਸਲਮਾਨ ਰਾਜਿਆਂ ਤੱਕ ਇਹ ਸਾਬਿਤ ਹੋ ਚੁੱਕਾ ਹੈ ਕਿ ਸਿੱਖਾਂ ਨੂੰ ਸਿੱਧੀ ਟੱਕਰ ਲੈ ਕੇ ਨਹੀਂ ਹਰਾਇਆ ਜਾ ਸਕਦਾ। ਪੁਰਾਣੀਆਂ ਉਦਾਹਰਣਾਂ ਛੱਡ ਕੇ ਅਸੀਂ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਇਸ ਸਬੰਧ ਵਿੱਚ ਵਾਚਿਆ ਜਾ ਸਕਦਾ ਹੈ।
ਪਰ ਦੂਜੇ ਪਾਸੇ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਸਿੱਖਾਂ ਨੂੰ ਮਾਰ ਪਈ ਹੈ, ਤਾਂ ਉਹ ਆਪਣਿਆਂ ਤੋਂ ਹੀ ਪਈ ਹੈ। ਆਪਣਿਆਂ, ਉਨ੍ਹਾਂ ਤੋਂ ਪਈ ਹੈ ਜੋ ਆਪਣੇ ਸੁਆਰਥੀ ਮਤਲਬ ਲਈ ਕੌਮ ਨਾਲ ਗ਼ੱਦਾਰੀ ਕਰਦੇ ਰਹੇ। ਸਿੱਖੀ ਦੇ ਭੇਖ ਵਿੱਚ ਇਹ ਲਾਲਚੀ, ਚਾਪਲੂਸ, ਸੁਆਰਥੀ ਕੁਰਸੀਆਂ ਅਤੇ ਸ਼ੁਹਰਤ ਦੇ ਭੁੱਖੇ, ਜ਼ਮੀਰ ਵੇਚਣ ਵਾਲੇ ਹਮੇਸ਼ਾ ਰਹੇ ਹਨ ਅਤੇ ਅਜੇ ਵੀ ਹਨ। ਸਿੱਖ ਕੌਮ ਨੂੰ ਖ਼ਤਰਾ ਕਿਸੇ ਦੁਸ਼ਮਣ ਤੋਂ ਨਹੀਂ, ਇਨ੍ਹਾਂ ਵਰਗੇ ਸੁਆਰਥੀਆਂ ਤੋਂ ਹੈ ਜਿਨ੍ਹਾਂ ਸਿੱਖ ਕੌਮ ਦੇ ਦੁਸ਼ਮਣਾ ਦੀ ਕਠਪੁਤਲੀ ਬਣ ਕੇ ਅਹੁਦੇ ਅਤੇ ਸਨਮਾਨ ਪ੍ਰਾਪਤ ਕੀਤੇ ਅਤੇ ਕਰ ਰਹੇ ਹਨ। ਅਸਲੀਅਤ ਇਹ ਹੈ ਕਿ ਸਿੱਖ ਕੌਮ ਦਾ ਦੁਸ਼ਮਣ ਉਹ ਕੱਟੜਵਾਦੀ ਸਮੂਹ ਹੈ, ਜੋ ਬਹੁਤ ਸ਼ਾਤਰ ਦਿਮਾਗ਼ ਨਾਲ ਸਿੱਖੀ ਦਾ ਘਾਣ ਕਰਨਾ ਚਾਹੁੰਦਾ ਹੈ। ਇਨ੍ਹਾਂ ਵਿੱਚੋਂ ਦਿੱਲੀ ਵਿੱਚ ਬੈਠੇ ਕੁੱਝ ਕੁ ਸਿੱਖੀ ਭੇਖ ਵਿੱਚ ਸਿੱਖ ਨੇਤਾਵਾਂ ਨੂੰ ਦਿਮਾਗ਼ੀ ਲੜਾਈ ਵਿੱਚ ਵਰਤਿਆ ਗਿਆ ਹੈ ਤੇ ਹੁਣ ਵੀ ਵਰਤੇ ਜਾ ਰਹੇ ਹਨ।
ਮੈਂ ਅਜੇਹੇ ਕੁੱਝ ਲੋਕਾਂ ਦੇ ਸਿੱਖ ਵਿਰੋਧੀ ਕਾਰਨਾਮਿਆਂ ਬਾਰੇ ਸਿੱਖ ਪੰਥ ਨੂੰ ਸਮੇਂ ਸਮੇਂ ਸੁਚੇਤ ਕਰਨ ਦਾ ਯਤਨ ਕਰਦਾ ਰਿਹਾ ਹਾਂ, ਭਾਵੇਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੋਵੇ, ਅਨੰਦ ਮੈਰਿਜ ਐਕਟ, 2009 ਵਿੱਚ ਕੀਤੀ 2012 ਦੀ ਨਿਗੂਣੀ ਜਿਹੀ ਸੋਧ ਹੋਵੇ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਾਂ ਫਿਰ ਕਿਸਾਨੀ ਅੰਦੋਲਨ ਹੋਵੇ। ਅਨੰਦ ਮੈਰਿਜ ਐਕਟ, 1909 ਵਿਚ ਕੀਤੀ ਨਿਗੂਣੀ ਜਿਹੀ ਸੋਧ ਦੇ ਅਸਲ ਸੱਚ ਨੂੰ ਛੁਪਾ ਕੇ ਹੁਣ ਤੱਕ ਸਿੱਖਾਂ ਦੇ ਅਖੌਤੀ ਹਿਤੈਸ਼ੀਆਂ ਵੱਲੋਂ ਗੁਮਰਾਹ ਕਰਨ ਦੇ ਬਹੁਤ ਉਪਰਾਲੇ ਕੀਤੇ ਗਏ ਅਤੇ ਹੁਣ ਵੀ ਹੋ ਰਹੇ ਹਨ। ਅੱਜ ਦੇ ਇਸ ਲੇਖ ਵਿੱਚ ਮੈਂ ਸਿਰਫ਼ ਅਨੰਦ ਮੈਰਿਜ ਐਕਟ, 1909 ਵਿੱਚ ਹੋਈ 2012 ਵਿੱਚ ਸੋਧ ਦੇ ਇਤਿਹਾਸ ਬਾਰੇ, ਜਿਸ ਬਾਰੇ ਪਿਛਲੇ ਡੇਢ ਦਹਾਕੇ ਤੋਂ ਸਿੱਖ ਪੰਥ ਨੂੰ ਗੁਮਰਾਹ ਕਰਨ ਵਿੱਚ ਕੁੱਝ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ, ਦਾ ਸੱਚ ਲਿਖ ਰਿਹਾਂ ਹਾਂ। ਅਸਲੀਅਤ ਇਹ ਹੈ ਕਿ 1909 ਵਿੱਚ ਪਾਸ ਹੋਏ ਅਨੰਦ ਮੈਰਿਜ ਐਕਟ ਨਾਲ ਜੋ ਸਿੱਖਾਂ ਦੀ ਸੁਤੰਤਰ ਪਹਿਚਾਣ ਬਣੀ ਸੀ, 2012 ਵਿੱਚ ਇਸ ਐਕਟ ਵਿੱਚ ਕੀਤੀ ਸੋਧ ਨਾਲ ਉਸ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਉਹ ਸਿੱਖ ਬੁੱਧੀਜੀਵੀ, ਜਿਨ੍ਹਾਂ ਨੂੰ ਕਾਨੂੰਨ ਦੀ ਸਮਝ ਵੀ ਹੈ ਅਤੇ ਸਿੱਖੀ ਦਾ ਸੱਚੇ ਦਿਲੋਂ ਹੇਜ ਵੀ, ਜਿਵੇਂ ਕਿ ਸ. ਗੁਰਤੇਜ ਸਿੰਘ, ਸਾਬਕਾ ਆਈ.ਏ.ਐੱਸ. ਜਿਨ੍ਹਾਂ ਨੇ ਸਿੱਖੀ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਸ. ਹਰਦੀਪ ਸਿੰਘ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੋ. ਜਗਮੋਹਨ ਸਿੰਘ, ਹਿਊਮਨ ਰਾਈਟਸ ਐਕਟੀਵਿਸਟ ਆਦਿ ਨੇ ਵੀ ਅਨੰਦ ਮੈਰਿਜ ਐਕਟ ਦੀ 2012 ਦੀ ਸੋਧ ਦਾ ਡਟ ਕੇ ਵਿਰੋਧ ਕੀਤਾ ਸੀ। ਅੱਜ ਦਾ ਇਹ ਲੇਖ ਲਿਖਣ ਲਈ ਮੈਂ ਇਸ ਕਰਕੇ ਮਜਬੂਰ ਹਾਂ ਕਿ ਜੇ ਇਸ ਅਸਲ ਸੱਚ ਤੋਂ ਪਾਸਾ ਪਰਤ ਕੇ ਖ਼ੁਦ ਨੂੰ ਸਿੱਖਾਂ ਤੇ ਸਿੱਖੀ ਦੇ ਹਿਤੈਸ਼ੀ ਵਜੋਂ ਪਾਰਲੀਮੈਂਟ ਤੱਕ ਹੂਕ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ ਅਖੌਤੀ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਸੱਚ ਬਣਾਉਣ ਵਿਚ ਸਫਲ ਹੋ ਗਏ ਤਾਂ ਅਸਲ ਇਤਿਹਾਸ ਕਦੇ ਸਾਹਮਣੇ ਨਹੀਂ ਆ ਸਕੇਗਾ।
ਜਲੰਧਰ ਸ਼ਹਿਰ ਤੋਂ ਪ੍ਰਕਾਸ਼ਿਤ ਹੁੰਦੇ ਇੱਕ ਪੰਜਾਬੀ ਅਖ਼ਬਾਰ ਵਿੱਚ ਸ. ਤਰਲੋਚਨ ਸਿੰਘ, ਸਾਬਕਾ ਮੈਂਬਰ ਰਾਜ ਸਭਾ ਵੱਲੋਂ ‘ਅਨੰਦ ਮੈਰਿਜ ਐਕਟ ਦਾ ਇਤਿਹਾਸ’ ਸਿਰਲੇਖ ਤਹਿਤ ਮੇਰੇ ਬਾਰੇ ਅਤੇ ਸ. ਸੱਤਿਆਜੀਤ ਸਿੰਘ ਮਜੀਠੀਆ, ਪ੍ਰਧਾਨ, ਖ਼ਾਲਸਾ ਕਾਲਜ ਅੰਮ੍ਰਿਤਸਰ ਬਾਰੇ ਲਿਖਿਆ ਕਿ ਇਨ੍ਹਾਂ ਨੇ ਬਿੱਲ ਦਾ ਪੂਰਾ ਵਿਰੋਧ ਕੀਤਾ। ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ 2012 ਵਿੱਚ ਅਨੰਦ ਮੈਰਿਜ ਐਕਟ ਦੀ ਹੋਈ ਸੋਧ ਦਾ ਵਿਰੋਧ ਕਰਦਾ ਰਿਹਾ ਹਾਂ। ਅਸਲ ਵਿੱਚ ਮੈਂ ਅਨੰਦ ਮੈਰਿਜ ਐਕਟ ਦੀ ਇਸ ਨਿਗੂਣੀ ਜਿਹੀ ਸੋਧ ਦੀ ਬਜਾਇ ‘ਸੰਪੂਰਨ ਸਿੱਖ ਮੈਰਿਜ ਐਕਟ’ ਬਣਾਉਣ ਦਾ ਹਾਮੀ ਰਿਹਾ ਹਾਂ, ਜਿਸ ਨਾਲ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ, 1955 ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਭਾਰਤ ਵਿੱਚ ਆਪਣੀ ਵੱਖਰੀ ਪਹਿਚਾਣ ਵਾਲਾ ‘ਸਿੱਖ ਵਿਆਹ ਐਕਟ’ ਬਣਾਇਆ ਜਾਵੇ।
ਇਕ ਦਹਾਕੇ ਬਾਅਦ, ਇਹ ਜਾਣਦੇ ਹੋਏ ਵੀ ਕਿ 2012 ਵਿੱਚ ਅਨੰਦ ਮੈਰਿਜ ਐਕਟ, 1909 ਵਿੱਚ ਜੋ ਸੋਧ ਹੋਈ ਹੈ, ਉਸ ਨੇ ਸਿੱਖ ਕੌਮ ਦਾ ਕੋਈ ਫ਼ਾਇਦਾ ਨਹੀਂ ਕੀਤਾ, ਬਲਕਿ ਭਾਰੀ ਨੁਕਸਾਨ ਕੀਤਾ ਹੈ, ਫਿਰ ਵੀ ਸ. ਤਰਲੋਚਨ ਸਿੰਘ ਲੇਖ ਵਿੱਚ, ਆਪਣੇ ਆਪ ਨੂੰ ਸਿੱਖਾਂ ਦਾ ਇਕ ਸੂਝਵਾਨ ਲੀਡਰ ਸਾਬਿਤ ਕਰਨ ਲਈ ਇਤਿਹਾਸ ਦੇ ਘਟਨਾਕ੍ਰਮ ਨੂੰ ਸ਼ਬਦਾਂ ਦੇ ਹੇਰ ਫੇਰ ਦੀ ਵਰਤੋਂ ਕਰਦੇ ਹੋਏ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਨੇ ਲੇਖ ਵਿੱਚ ਦਾਅਵਾ ਕੀਤਾ ਹੈ ਕਿ 1947 ਵਿੱਚ ਅਜ਼ਾਦੀ ਮਿਲਣ ਬਾਅਦ 1909 ਵਾਲਾ ਐਕਟ ਲਾਗੂ ਰਹਿਣ ਬਾਰੇ ਸਿੱਖ ਲੀਡਰਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਅੱਗੇ ਲਿਖਿਆ ਹੈ ਕਿ “1955 ਵਿੱਚ ਹਿੰਦੂ ਮੈਰਿਜ ਐਕਟ ਪਾਸ ਹੋ ਗਿਆ, ਜਿਸ ਵਿੱਚ ਹਿੰਦੂ, ਸਿੱਖ, ਬੋਧੀ ਤੇ ਜੈਨੀ ਵੀ ਸ਼ਾਮਿਲ ਕਰ ਦਿੱਤੇ ਗਏ ਅਤੇ ਸਿੱਖਾਂ ਨੂੰ ਵਿਆਹ ਉਪਰੰਤ ਹਿੰਦੂ ਮੈਰਿਜ ਐਕਟ ਦਾ ਸਰਟੀਫਿਕੇਟ ਹੀ ਮਿਲਦਾ ਸੀ। ਜਿਸ ਦੀ ਵਿਰੋਧਤਾ ਨਾ ਪੰਜਾਬ ਸਰਕਾਰ ਵੱਲੋਂ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਸੀ। ਪਰ ਕੀ ਸਰਦਾਰ ਸਾਹਿਬ ਨੇ ਖ਼ੁਦ ਭਾਰਤ ਦੇ ਰਾਸ਼ਟਰਪਤੀ ਦੇ ਪ੍ਰੈੱਸ ਸੈਕਟਰੀ (1983-87), ਨੈਸ਼ਨਲ ਕਮਿਸ਼ਨ ਮਾਇਨੌਟੀ ਦੇ ਵਾਈਸ ਚੇਅਰਮੈਨ ਅਤੇ ਚੇਅਰਮੈਨ (2000-2006) ਜਾਂ ਰਾਜ ਸਭਾ ਦੇ ਮੈਂਬਰ ਦੀ ਪਦਵੀ ‘ਤੇ ਸਸੋਭਤ ਹੋਣ ਦੌਰਾਨ ਕਦੇ ਇਸ ਦੀ ਵਿਰੋਧਤਾ ਕੀਤੀ? ਕੀ ਕਦੇ ਭਾਰਤ ਵਿੱਚ ਬਾਕੀ ਧਰਮਾਂ ਦੇ ਮੈਰਿਜ ਐਕਟਾਂ ਵਾਂਗ ਸਿੱਖਾਂ ਲਈ ਵੱਖਰਾ ਸੁਤੰਤਰ ਸਿੱਖ ਮੈਰਿਜ ਐਕਟ ਜਾਂ ਸਿੱਖ ਪ੍ਰਸਨਲ ਲਾਅ ਦੀ ਮੰਗ ਕੀਤੀ? ਕੀ ਇਸ ਨੂੰ ਅਗਿਆਨਤਾ ਜਾਂ ਸੋਚੀ ਸਮਝੀ ਚੁੱਪ ਸਮਝਿਆ ਜਾਵੇ? ਭਾਰਤ ਦੀ ਲੋਕ ਸਭਾ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ, ਜਦੋਂ ਉਹ ਲੋਕ ਸਭਾ ਦੇ ਮੈਂਬਰ ਸਨ, ਸਿੱਖ ਮੈਰਿਜ ਐਕਟ ਅਤੇ ਸਿੱਖ ਪ੍ਰਸਨਲ ਲਾਅ ਦੀ ਮੰਗ ਪੂਰੇ ਜ਼ੋਰ ਨਾਲ ਉਠਾਈ ਸੀ।
ਜਦੋਂ 2012 ਵਿੱਚ ਅਨੰਦ ਮੈਰਿਜ ਐਕਟ, 2009 ਵਿੱਚ ਸਿਰਫ਼ ‘ਰਜਿਸਟ੍ਰੇਸ਼ਨ ਬਾਰੇ ਸੋਧ’ ਦਾ ਪ੍ਰਸਤਾਵ ਆਇਆ ਤਾਂ ਉਸ ਵਕਤ ਦੀਆਂ ਅਖ਼ਬਾਰਾਂ ਵੇਖ ਲਈਏ ਤਾਂ ਇਨ੍ਹਾਂ ਨੇ ਵੀ ਇਹੋ ਕਿਹਾ ਸੀ ਕਿ ਅਨੰਦ ਮੈਰਿਜ ਐਕਟ ਲਾਗੂ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਜਦੋਂ ਮੇਰਾ ਇਕ ਲੇਖ ‘ਅਨੰਦ ਮੈਰਿਜ ਐਕਟ ਦਾ ਸੱਚ,’ 21 ਅਤੇ 23 ਅਪ੍ਰੈਲ, 2012 ਨੂੰ ਅਖ਼ਬਾਰਾਂ ਵਿੱਚ ਛਪਿਆ, ਜਿਸ ਵਿੱਚ ਮੈਂ ਸਾਫ਼ ਕਰ ਦਿੱਤਾ ਸੀ ਕਿ 1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਵੀ ਅਨੰਦ ਮੈਰਿਜ ਐਕਟ, 1909 ਲਾਗੂ ਹੈ ਅਤੇ ਇਸ ਐਕਟ ਵਿੱਚ 1959 ਵਿੱਚ ਕੀਤੀ ਸੋਧ ਦੀ ਮਿਸਾਲ ਵੀ ਦਿੱਤੀ ਸੀ। ਹੁਣ ਆਪਣੇ ਲੇਖ ਵਿੱਚ ਉਨ੍ਹਾਂ ਖ਼ੁਦ ਮੰਨਿਆ ਹੈ ਕਿ ਇਹ ਐਕਟ ਹਮੇਸ਼ਾ ਲਾਗੂ ਰਿਹਾ ਹੈ। ਦੇਰ ਆਏ ਦਰੁਸਤ ਆਏ। ਪਰ ਆਪਣੇ ਲੇਖ ਵਿੱਚ ਉਨ੍ਹਾਂ ਨੇ ਸ਼ਬਦਾਂ ਦੇ ਹੇਰ ਫੇਰ ਨਾਲ ਫਿਰ ਕੌਮ ਨੂੰ ਗੁਮਰਾਹ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ “ਮੈਂ ਕਈ ਸਿੱਖ ਵਕੀਲਾਂ ਤੇ ਕਾਨੂੰਨੀ ਮਹਿਕਮੇ ਦੇ ਅਫ਼ਸਰਾਂ ਨਾਲ ਸਲਾਹ ਕਰਕੇ ਇਕ ‘ਨਵਾਂ ਬਿੱਲ’ ਤਿਆਰ ਕੀਤਾ, ਜਿਸ ਨਾਲ ਸਿੱਖਾਂ ਨੂੰ ਸਿੱਖ ਰੀਤੀ ਅਨੁਸਾਰ ਵਿਆਹ ਕਰਨ ਪਿੱਛੋਂ ‘ਸਿੱਧਾ ਸਿੱਖ ਅਨੰਦ ਕਾਰਜ ਸਰਟੀਫਿਕੇਟ’ ਮਿਲ ਸਕੇ।” ਅਸਲ ਵਿੱਚ ਇੱਥੋਂ ਹੀ ਕਾਨੂੰਨ ਦੀ ਨਾ ਸਮਝੀ ਕਰਕੇ ਇਹ ਸਾਰਾ ਝਮੇਲਾ ਸ਼ੁਰੂ ਹੋਇਆ। ਝੂਠ ਦਾ ਮੁੱਢ ਇੱਥੋਂ ਸ਼ੁਰੂ ਹੋਇਆ ਅਤੇ ਸਿੱਖਾਂ ਨੂੰ ਰੱਜ ਕੇ ਗੁਮਰਾਹ ਕੀਤਾ ਗਿਆ। ਇਸ ਨੂੰ ‘ਨਵਾਂ ਬਿੱਲ’ ਕਹਿਣਾ ਸਰਾਸਰ ਗੁਮਰਾਹਕੁਨ ਹੈ। ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਤਾਂ 2007 ਵਿੱਚ ਅਨੰਦ ਮੈਰਿਜ ਐਕਟ (ਸੋਧ) ਬਿੱਲ, 2007 ਦਾ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਜੋ ਖਰੜਾ ਦਿੱਤਾ ਸੀ, ਇਸ ਨੂੰ ‘ਨਵਾਂ ਬਿੱਲ’ ਕਹਿਣਾ, ਕਾਨੂੰਨੀ ਮਾਹਿਰ ਜ਼ਰੂਰ ਸਮਝ ਜਾਣਗੇ ਕਿ ਇਸ ਤਰੀਕੇ ਨਾਲ ਝੂਠੀ ਸ਼ੁਹਰਤ ਖੱਟਣ ਲਈ, ਸ਼ਬਦੀ ਹੇਰ ਫੇਰ ਕੀਤਾ ਗਿਆ।
ਇੱਥੇ ਦੋ ਹੋਰ ਗੱਲਾਂ ਬਹੁਤ ਮਹੱਤਵਪੂਰਨ ਹਨ। ਪਹਿਲੀ ਇਹ ਕਿ ਉਨ੍ਹਾਂ ਨੇ ਜੋ ਸੋਧ ਬਿਲ ਦਾ ਖਰੜਾ ਦਿੱਤਾ ਸੀ ਉਸ ਵਿੱਚ ਕਿਤੇ ਵੀ ‘ਸਿੱਖ’ ਸ਼ਬਦ ਨਹੀਂ ਵਰਤਿਆ ਗਿਆ। ‘ਸਿੱਖ ਮੈਰਿਜ ਰਜਿਸਟਰੇਸ਼ਨ’ ਦੀ ਥਾਂ, ‘ਅਨੰਦ ਮੈਰਿਜ ਰਜਿਸਟਰੇਸ਼ਨ’, ‘ਸਿੱਖ ਮੈਰਿਜ ਰਜਿਸਟਰ’ ਦੀ ਥਾਂ ‘ਅਨੰਦ ਮੈਰਿਜ ਰਜਿਸਟਰ’ ਸ਼ਬਦ ਵਰਤੇ ਗਏ ਸਨ। ਜੋ ਹੁਣ ਉਹ ਆਪਣੇ ਲੇਖ ਵਿੱਚ ਹਿੰਦੂ ਮੈਰਿਜ ਸਰਟੀਫਿਕੇਟ ਤੇ ਇਤਰਾਜ਼ ਕਰਦੇ ਹਨ ਤਾਂ ਉਨ੍ਹਾਂ ‘ਸਿੱਖ’ ਸ਼ਬਦ ਜਾਂ ‘ਸਿੱਖ ਮੈਰਿਜ ਰਜਿਸਟਰ’ ਕਿਉਂ ਨਹੀਂ ਲਿਖਿਆ ਸੀ? ਦੂਜੀ ਬਹੁਤ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਲੇਖ ਵਿੱਚ ਸ. ਦਿਲਮੇਗ ਸਿੰਘ, ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਇਸ ਬਿੱਲ ਦੇ ਖਰੜੇ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ 21 ਨਵੰਬਰ 2007 ਨੂੰ ਲੈ ਕੇ ਇਨ੍ਹਾਂ ਨੂੰ ਭੇਜ ਦਿੱਤੀ। ਲੇਖ ਵਿੱਚ ਤਾਂ ਲਿਖਿਆ ਹੈ ਕਿ ਉਨ੍ਹਾਂ ਨੇ ਇਹ ਬਿੱਲ 2006 ਵਿੱਚ ਰਾਜ ਸਭਾ ਵਿੱਚ ਪੇਸ਼ ਕੀਤਾ ਜਦੋਂ ਕਿ ਪ੍ਰਵਾਨਗੀ ਬਾਅਦ ਵਿੱਚ ਨਵੰਬਰ 2007 ਨੂੰ ਮਿਲੀ।
ਜਿਸ ‘ਨਵੇਂ ਬਿੱਲ’ ਦਾ ਦਾਅਵਾ ਕੀਤਾ ਗਿਆ ਹੈ, ਦਰਅਸਲ ਉਹ ਤਾਂ ਸਿਰਫ਼ ਇਕ ‘ਸੋਧ ਬਿਲ’ ਦਾ ਪ੍ਰਸਤਾਵ ਸੀ, ਜਿਸ ਵਿੱਚ ਅਨੰਦ ਕਾਰਜ ਰੀਤੀ ਦੁਆਰਾ ਕੀਤੇ ਵਿਆਹ ਦੀ ਰਜਿਸਟਰੇਸ਼ਨ ਦੀ ਧਾਰਾ ਪੁਰਾਣੇ ਅਨੰਦ ਮੈਰਿਜ ਐਕਟ, 1909 ਵਿੱਚ ਜੋੜਨਾ ਸੀ। ਕਾਨੂੰਨੀ ਮਾਹਿਰ ਇਸ ਨੂੰ ਭਲੀ ਭਾਂਤ ਜਾਣਦੇ ਹਨ ਕਿ ‘ਨਵੇਂ ਬਿਲ’ ਅਤੇ ‘ਸੋਧ ਬਿਲ’ ਵਿੱਚ ਕਿਨ੍ਹਾਂ ਵੱਡਾ ਫ਼ਰਕ ਹੁੰਦਾ ਹੈ। ਇੱਥੇ ਮੈਂ ਇਕ ਮਹੱਤਵਪੂਰਨ ਤੱਥ ਜ਼ਰੂਰ ਉਜਾਗਰ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਵੱਲੋਂ ਦਿੱਤੇ ਨਵੇਂ ਬਿੱਲ ਦਾ ਪ੍ਰਸਤਾਵ ਕਦੇ ਵੀ ਲੋਕ ਸਭਾ ਜਾਂ ਰਾਜ ਸਭਾ ਵਿੱਚ ਪਾਸ ਨਹੀਂ ਹੋਇਆ। ਉਨ੍ਹਾਂ ਵੱਲੋਂ ਸ਼ਬਦੀ ਜਾਲ ਬੁਣ ਕੇ ਲੇਖ ਲਿਖਣਾ ਕਿ ਜਿਵੇਂ ਉਨ੍ਹਾਂ ਵੱਲੋਂ ਪੇਸ਼ ਕੀਤਾ ‘ਨਵਾਂ ਬਿਲ’ ਪਾਸ ਹੋਇਆ ਹੈ, ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। 2012 ਵਿੱਚ ਜੋ ਅਨੰਦ ਮੈਰਿਜ (ਸੋਧ) ਬਿਲ, 2012, ਭਾਰਤੀ ਪਾਰਲੀਮੈਂਟ ਵੱਲੋਂ ਪਾਸ ਕੀਤਾ ਗਿਆ, ਉਸ ਦੇ ਪ੍ਰਵਧਾਨਾ ਦਾ ਸਰੂਪ ਅਤੇ ਸ਼ਬਦਾਵਲੀ 2007 ਵਾਲੇ ਬਿਲ ਤੋਂ ਬਿਲਕੁਲ ਵੱਖਰੀ ਹੈ। ਇੱਕ ਹੋਰ ਤੱਥ ਵੀ ਬੜਾ ਰੋਚਕ ਹੈ ਕਿ 2012 ਵਿੱਚ ਤਾਂ ਉਹ ਰਾਜ ਸਭਾ ਦੇ ਮੈਂਬਰ ਵੀ ਨਹੀਂ ਰਹੇ ਸਨ। ਸਚਾਈ ਇਹ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ 2006 ਵਿੱਚ ਸੀਮਾ ਬਨਾਮ ਅਸ਼ਵਨੀ ਕੇਸ ਵਿੱਚ ਭਾਰਤ ਸਰਕਾਰ ਨੂੰ ਭਾਰਤ ਵਿੱਚ ਹੁੰਦੇ ਸਾਰੇ ਵਿਆਹਾਂ ਦੀ ਲਾਜ਼ਮੀ ਰਜਿਸਟਰੇਸ਼ਨ ਕਰਵਾਉਣ ਦੀ ਹਦਾਇਤ ਕੀਤੀ ਸੀ, ਜਿਸ ਕਰਕੇ ਭਾਰਤ ਵਿੱਚ ਵੱਖਰੇ ਵੱਖਰੇ ਕਾਨੂੰਨ ਪਾਸ ਕਰਕੇ ਲਾਜ਼ਮੀ ਵਿਆਹ ਰਜਿਸਟਰਡ ਕਰਾਉਣ ਦਾ ਪ੍ਰਵਧਾਨ ਕੀਤਾ ਗਿਆ।
ਸ. ਤਰਲੋਚਨ ਸਿੰਘ ਵੱਲੋਂ ਆਪਣੇ ਲੇਖ ਵਿੱਚ ‘ਇਕ ਹੋਰ ਘਟਨਾ’ ਬਾਰੇ ਦੱਸਦੇ ਹੋਏ ਲਿਖਿਆ ਹੈ ਕਿ “ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਅਤੇ ਸ. ਸੱਤਿਆਜੀਤ ਸਿੰਘ ਮਜੀਠਾ (ਮਜੀਠੀਆ) ਵੱਲੋਂ ਇਸ ਬਿੱਲ ਦਾ ਪੂਰਾ ਵਿਰੋਧ ਕੀਤਾ ਗਿਆ ਸੀ ਅਤੇ ਇਸ ਨੂੰ ਰੋਕਣ ਲਈ ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਬਾਦਲ ਸਾਹਿਬ ਨੇ ਕਪੂਰਥਲਾ ਹਾਊਸ, ਦਿੱਲੀ ਵਿੱਚ ਇਕ ਮੀਟਿੰਗ ਰੱਖ ਲਈ ਸੀ। ਉੱਥੇ ਪ੍ਰਿੰਸੀਪਲ ਨੇ ਇਕ ਵੀਡੀਓ ਬਣਾ ਕੇ ਬਿੱਲ ਦੇ ਵਿਰੁੱਧ ਕਿਹਾ ਕਿ ਇਸ ਵਿੱਚ ਕਈ ਤਬਦੀਲੀਆਂ ਕੀਤੀਆਂ ਜਾਣ। ਮੀਟਿੰਗ ਵਿੱਚ ਸ. ਅਵਤਾਰ ਸਿੰਘ ਮੱਕੜ ਨੇ ‘ਮੇਰੇ ਬਿੱਲ’ ਦੀ ਹਮਾਇਤ ਕੀਤੀ। ਸ. ਐਚ.ਐੱਸ. ਫੂਲਕਾ ਐਡਵੋਕੇਟ ਨੇ ਬਿੱਲ ਨੂੰ ਸਿੱਖਾਂ ਲਈ ਵੱਡੀ ਪ੍ਰਾਪਤੀ ਦੱਸਿਆ। ਬਾਦਲ ਸਾਹਿਬ ਨੇ ਫ਼ੈਸਲਾ ਲਿਆ ਕਿ ਜਿਵੇਂ ਵੀ ਬਿਲ ਪਾਰਲੀਮੈਂਟ ਵਿੱਚ ਪੇਸ਼ ਹੋਵੇ ਉਸ ਵਿੱਚ ਤਬਦੀਲੀ ਨਾ ਕੀਤੀ ਜਾਵੇ ਅਤੇ ਪਾਸ ਕਰਵਾ ਲਿਆ ਜਾਵੇ। ਅਗਲੇ ਦਿਨ ਹੀ ਰਾਜ ਸਭਾ ਵਿੱਚ ਜਨਾਬ ਖ਼ੁਰਸ਼ੀਦ ਆਲਮ ਨੇ ਇਸ ਨੂੰ ਪਾਸ ਕਰਵਾ ਦਿੱਤਾ।” ਬਹੁਤ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਉਮਰ ਦੇ ਇਸ ਪੜਾ ਵਿੱਚ ਉਹ ਇਨ੍ਹਾਂ ਕੋਝਾ ਝੂਠ ਬੋਲਣਗੇ, ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਪਾਠਕਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਵੱਲੋਂ ਲਿਖੇ ਉਪਰੋਕਤ ਹਰ ਸ਼ਬਦ ਨੂੰ ਧਿਆਨ ਨਾਲ ਪੜ੍ਹਨ ਤੇ ਵਾਚਣ। ਮੱਕੜ ਸਾਹਿਬ ਨੇ ‘ਮੇਰੇ ਬਿੱਲ’ ਦੀ ਹਮਾਇਤ ਕੀਤੀ। ਤੁਹਾਡਾ ਕਿਹੜਾ ‘ਨਵਾਂ ਬਿੱਲ’? ਤੁਸੀਂ ਉਸ ਵਕਤ ਨਾ ਰਾਜ ਸਭਾ ਦੇ ਮੈਂਬਰ, ਨਾ ਤੁਹਾਡਾ ਪ੍ਰਸਤਾਵਿਤ ਖਰੜਾ, ਫਿਰ ‘ਮੇਰਾ ਬਿੱਲ’ ਕਿਵੇਂ ਹੋ ਗਿਆ? ਝੂਠ ਬੋਲ ਕੇ ਗੁਮਰਾਹ ਕਰਨ ਦੀ ਅਜੇਹੀ ਚਾਲ ਬੇਮਿਸਾਲ ਹੈ।
ਮੈਂ ਇਸ ਲੇਖ ਵਿੱਚ ਇਸ ਘਟਨਾ ਦਾ ਸੱਚ ਲਿਖ ਕੇ ਇਤਿਹਾਸ ਦੇ ਪੰਨਿਆਂ ਵਿੱਚ ਸਚਾਈ ਦਰਜ ਕਰ ਰਿਹਾ ਹਾਂ। 12 ਅਪ੍ਰੈਲ, 2012 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੀ ਅਗਵਾਈ ਸਿੰਘ ਭਾਰਤੀ ਕੈਬਨਿਟ ਨੇ ਫ਼ੈਸਲਾ ਕੀਤਾ ਕਿ ਹਰ ਧਰਮ ਦੇ ਲੋਕਾਂ ਨੂੰ ਵਿਆਹ ਦੀ ਰਜਿਸਟਰੇਸ਼ਨ ਕਰਾਉਣੀ ਲਾਜ਼ਮੀ ਹੋਵੇਗੀ। ਇਸੇ ਅਧੀਨ ਸਿੱਖਾਂ ਦੇ ਵਿਆਹ ਦੀ ਰਜਿਸਟਰੇਸ਼ਨ ਅਨੰਦ ਮੈਰਿਜ ਐਕਟ, 1909 ਦੇ ਤਹਿਤ ਕੀਤੀ ਜਾਵੇਗੀ। 13 ਅਪ੍ਰੈਲ 2012 ਨੂੰ ਵਿਸਾਖੀ ਵਾਲੇ ਦਿਨ ਤੋਂ ਅਨੰਦ ਮੈਰਿਜ ਐਕਟ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ। ਉਸੇ ਦਿਨ ਤੋਂ ਕੁੱਝ ਅਖੌਤੀ ਸਿੱਖ ਸੁਆਰਥੀ ਨੇਤਾਵਾਂ ਵੱਲੋਂ ਜਾਣ ਬੁਝ ਕੇ ਇਹ ਸਿਆਸੀ ਰੰਗਤ ਭਰਪੂਰ ਬਿਆਨਬਾਜ਼ੀ ਕੀਤੀ ਗਈ ਕਿ ਅਸੀਂ ਅਨੰਦ ਮੈਰਿਜ ਐਕਟ ਲਾਗੂ ਕਰਵਾ ਦਿੱਤਾ ਹੈ। ਹੁਣ ਅਨੰਦ ਕਾਰਜ ਦੀ ਮਰਿਆਦਾ ਰਾਹੀ ਹੋਣ ਵਾਲੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਮਿਲੇਗੀ ਜਾਂ ਸਿੱਖਾਂ ਦੀ ਨਵੀਂ ਪਹਿਚਾਣ ਬਣੇਗੀ ਅਤੇ ਖ਼ਾਲਸਾ ਪੰਥ ਦੀ ਅਹਿਮ ਪ੍ਰਾਪਤੀ ਹੋਈ ਹੈ। ਜਦੋਂ ਕਿ ਸਚਾਈ ਇਸ ਤੋਂ ਕੋਹਾਂ ਦੂਰ ਸੀ। ਸਚਾਈ ਤਾਂ ਇਹ ਸੀ ਕਿ ਕੈਬਿਨਟ ਦੇ ਫ਼ੈਸਲੇ ਮੁਤਾਬਿਕ ਪਹਿਲਾਂ ਤੋਂ ਹੀ ਲਾਗੂ ‘ਅਨੰਦ ਮੈਰਿਜ ਐਕਟ’, 1909 ਵਿੱਚ ਸੋਧ ਜਾਂ ਤਰਮੀਮ ਕਰਕੇ ਵਿਆਹ ਰਜਿਸਟਰੇਸ਼ਨ ਦੀ ਧਾਰਾ ਜੋੜਨਾ ਸੀ। ਵਿਆਹ ਦੀ ਰਜਿਸਟਰੇਸ਼ਨ ਬਾਕੀ ਧਰਮਾਂ ਦੇ ਵਿਆਹਾਂ ਵਾਂਗ ਲਾਜ਼ਮੀ ਬਣਾਉਣਾ ਸੀ। ਮੈਂ ਅਖ਼ਬਾਰਾਂ ਵਿੱਚ 21 ਅਤੇ 23 ਅਪ੍ਰੈਲ 2012 ਨੂੰ ਆਪਣੇ ਲੇਖ, ‘ਅਨੰਦ ਮੈਰਿਜ ਐਕਟ ਦਾ ਸੱਚ’ ਵਿੱਚ ਸਿੱਖ ਜਗਤ ਨੂੰ ਸੁਚੇਤ ਕੀਤਾ ਸੀ ਕਿ ਇਹ ਫ਼ੈਸਲਾ ਕਾਨੂੰਨੀ ਪੱਖ ਤੋਂ ਬਹੁਤ ਹੀ ਨਿਗੂਣਾ ਜਿਹਾ ਕਦਮ ਹੈ, ਜਿਸ ਬਾਰੇ ਸਿੱਖ ਜਗਤ ਨੂੰ ਬਹੁਤਾ ਖ਼ੁਸ਼ ਹੋਣ ਦੀ ਲੋੜ ਨਹੀਂ ਹੈ।
ਚੀਫ਼ ਖ਼ਾਲਸਾ ਦਿਵਾਨ, ਅੰਮ੍ਰਿਤਸਰ ਵੱਲੋਂ ਸਤੰਬਰ 2011 ਵਿੱਚ ਮੈਨੂੰ ‘ਸਿੱਖ ਮੈਰਿਜ ਐਕਟ’ ਦਾ ਖਰੜਾ ਤਿਆਰ ਕਰਨ ਦੀ ਸੇਵਾ ਸੌਂਪੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਆਹ ਅਤੇ ਤਲਾਕ ਸਬੰਧਿਤ ਹਿੰਦੂ, ਮੁਸਲਿਮ, ਪਾਰਸੀ, ਈਸਾਈ, ਯਹੂਦੀਆਂ ਸਮੇਤ ਸਪੈਸ਼ਲ ਵਿਆਹ ਦੇ ਕਾਨੂੰਨ ਪੜਾਉਣ ਦੇ ਤਜਰਬੇ ਦੇ ਅਧਾਰ ‘ਤੇ ਮਿਤੀ 15 ਮਈ, 2012 ਨੂੰ ਚੀਫ਼ ਖ਼ਾਲਸਾ ਦਿਵਾਨ ਦੇ ਹਾਲ ਵਿੱਚ ਸੈਂਕੜੇ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾ, ਜਿਸ ਵਿੱਚ ਉਸ ਵਕਤ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਚੀਫ਼ ਖ਼ਾਲਸਾ ਦਿਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਆਨਰੇਰੀ ਸਕੱਤਰ ਸ. ਸੰਤੋਖ ਸਿੰਘ ਸੇਠੀ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ. ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਸ. ਰਜਿੰਦਰਮੋਹਨ ਸਿੰਘ ਛੀਨਾ ਆਦਿ ਸ਼ਾਮਲ ਸਨ, ਮੈਂ ‘ਸਿੱਖ ਮੈਰਿਜ ਐਕਟ, 2012’ ਦੇ ਖਰੜੇ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ (Power Point Presentation) ਦਿੱਤੀ। ਮੈਂ ਇਹ ਪੁਰਜ਼ੋਰ ਅਪੀਲ ਕੀਤੀ ਕਿ ਅਨੰਦ ਮੈਰਿਜ ਐਕਟ ਵਿੱਚ ਕੀਤੀ ਜਾ ਰਹੀ ਰਜਿਸਟਰੇਸ਼ਨ ਦੀ ਤਰਮੀਮ ਦੀ ਥਾਂ ਸਾਨੂੰ ਸਿੱਖਾਂ ਦੇ ਆਪਣੇ ਵੱਖਰੇ ਸੰਪੂਰਨ ‘ਸਿੱਖ ਮੈਰਿਜ ਐਕਟ’ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਕਿ ਭਾਰਤ ਵਿੱਚ ਬਾਕੀ ਧਰਮਾਂ ਦੇ ਵਿਆਹ ਐਕਟ ਜਿਵੇਂ ਹਿੰਦੂ ਮੈਰਿਜ ਐਕਟ,1955, ਪਾਰਸੀ ਮੈਰਿਜ ਐਂਡ ਡੀਵੋਸ ਐਕਟ,1936, ਇੰਡੀਅਨ ਕ੍ਰਿਸਚੀਅਨ ਮੈਰਿਜ ਐਕਟ,1872, ਡਿਸਲੂਸ਼ਨ ਆਫ਼ ਮੁਸਲਿਮ ਮੈਰਿਜ ਐਕਟ,1939 ਦੀ ਤਰਜ਼ ‘ਤੇ ਸਾਡਾ ਸਿੱਖਾਂ ਦਾ ਆਪਣਾ ਸੁਤੰਤਰ ‘ਸਿੱਖ ਮੈਰਿਜ ਐਕਟ’ ਹੋਵੇ। ਅੱਸੀ ਹਿੰਦੂ ਵਿਆਹ ਐਕਟ,1955 ਤੋਂ ਬਾਹਰ ਆ ਸਕੀਏ।
ਮੈਂ ਖਰੜਾ ਪੇਸ਼ ਕਰਨ ਸਮੇਂ ਸਭ ਨੂੰ ਬੇਨਤੀ ਕੀਤੀ ਕਿ ਮੇਰੇ ਵੱਲੋਂ ਤਿਆਰ ਕੀਤਾ ਗਿਆ ਖਰੜਾ ਫਾਈਨਲ ਨਾ ਸਮਝਿਆ ਜਾਵੇ ਬਲਕਿ ਸਿੱਖ ਵਿਦਵਾਨਾਂ ਵੱਲੋਂ ਨੁਕਤਾ ਬਰ ਨੁਕਤਾ ਵਿਚਾਰਿਆ ਜਾਵੇ ਅਤੇ ਜੋ ਅੰਤਿਮ ਸਹਿਮਤੀ ਬਣੇ ਉਸ ‘ਤੇ ਅਧਾਰਿਤ ਸੰਪੂਰਨ ‘ਸਿੱਖ ਮੈਰਿਜ ਐਕਟ’, ਜਿਸ ਵਿੱਚ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ,1955 ਤੋਂ ਬਾਹਰ ਕੱਢਦੇ ਹੋਏ, ਖਰੜਾ ਤਿਆਰ ਕਰਕੇ ਉਸ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸਿੱਖ ਪੰਥ ਦੀਆਂ ਸ਼ਖ਼ਸੀਅਤਾਂ ਨੇ ਆਪਣੇ ਆਪਣੇ ਸ਼ਬਦਾਂ ਵਿੱਚ ਇਸ ਨਾਲ ਸਹਿਮਤੀ ਪ੍ਰਗਟਾਈ। ਮੈਂ ਆਪਣੇ ‘ਸਿੱਖ ਮੈਰਿਜ ਐਕਟ, 2012’ ਦੇ ਖਰੜੇ ਦੀ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੇਸ਼ ਕੀਤੀ ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕੀ ਸਾਨੂੰ ਸਿੱਖ ਪੰਥ ਨੂੰ ਅਜੇਹੇ ਕਾਨੂੰਨ ਦੀ ਲੋੜ ਹੈ ਅਤੇ ਅਸੀਂ ਕਮੇਟੀ ਬਣਾ ਕੇ ਇਸ ਉੱਤੇ ਸਾਰਿਆਂ ਦੇ ਵਿਚਾਰ ਲਵਾਂਗੇ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਇਹ ਵੀ ਕਿਹਾ ਕਿ ਅਸੀਂ ਇਸ ਨੂੰ ਇੰਟਰਨੈੱਟ ‘ਤੇ ਪਾਵਾਂਗੇ, ਤਾਂ ਕਿ ਸਾਰੇ ਆਪਣੇ ਆਪਣੇ ਸੁਝਾਅ ਦੇ ਸਕਣ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ। 16 ਮਈ, 2012 ਨੂੰ ਇਹ ਖ਼ਬਰ ਲਗਭਗ ਸਾਰੇ ਅਖ਼ਬਾਰਾਂ ਦੀ ਸੁਰਖ਼ੀ ਬਣੀ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਵਿਸ਼ੇ ‘ਤੇ ਜਾਣਕਾਰੀ ਲੈਣ ਲਈ ਇੱਛਾ ਪ੍ਰਗਟ ਕੀਤੀ ਗਈ। ਕਪੂਰਥਲਾ ਹਾਊਸ, ਦਿੱਲੀ ਵਿੱਚ ਸ਼ਾਮ 5 ਵਜੇ ਕਰੀਬ ਇਹ ਮੀਟਿੰਗ ਆਯੋਜਨ ਕੀਤੀ ਗਈ ਅਤੇ ਮੈਨੂੰ ਇਸ ਮੀਟਿੰਗ ਵਿੱਚ ਸਿੱਖ ਮੈਰਿਜ ਐਕਟ ਦੇ ਖਰੜੇ ‘ਤੇ ਪਾਵਰ ਪੁਆਇੰਟ ਪੇਸ਼ਕਾਰੀ ਦੇਣ ਲਈ ਕਿਹਾ ਗਿਆ। ਇਸ ਮੀਟਿੰਗ ਵਿੱਚ ਉਸ ਵਕਤ ਦੇ ਅਕਾਲੀ ਦਲ ਗੱਠਜੋੜ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਸ. ਅਵਤਾਰ ਸਿੰਘ ਮੱਕੜ, ਸ. ਸਤਿਆਜੀਤ ਸਿੰਘ ਮਜੀਠੀਆ, ਸ. ਤਰਲੋਚਨ ਸਿੰਘ, ਸ. ਐਚ.ਐੱਸ. ਫੂਲਕਾ ਆਦਿ ਸ਼ਾਮਿਲ ਸਨ। ਇਸ ਮੀਟਿੰਗ ਵਿੱਚ ਮੈਂ ‘ਸਿੱਖ ਮੈਰਿਜ ਐਕਟ, 2012’ ਦੇ ਖਰੜੇ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ (ਜਿਸ ਨੂੰ ਅਗਿਆਨਤਾ ਕਰਕੇ ਸ. ਤਰਲੋਚਨ ਸਿੰਘ ਨੇ ਵੀਡੀਓ ਬਣਾ ਕੇ ਬਿਲ ਦਾ ਵਿਰੋਧ ਕੀਤਾ ਦੱਸਿਆ ਹੈ) ਦਿੱਤੀ। ਸਿੱਖ ਮੈਰਿਜ ਐਕਟ ਦੇ ਖਰੜੇ ਵਿੱਚ ਮੈਂ ਜਿੱਥੇ ਸਾਰੀਆਂ ਮੱਦਾਂ ‘ਤੇ ਚਰਚਾ ਕੀਤੀ, ਉੱਥੇ ‘ਸਿੱਖ ਮੈਰਿਜ ਐਕਟ’ ਅਤੇ ‘ਅਨੰਦ ਮੈਰਿਜ (ਸੋਧ) ਐਕਟ 2012’ ਦੇ ਫ਼ਰਕ ਬਾਰੇ ਵੀ ਦੱਸਿਆ।
ਇਸ ਦੇ ਨਾਲ ਮੈਂ ਇਹ ਸ਼ਪੱਸ਼ਟ ਕੀਤਾ ਕਿ ਜੋ ਹੁਣ ਅਨੰਦ ਮੈਰਿਜ ਐਕਟ, 1909 ਵਿੱਚ ਸੋਧ ਹੋਣ ਜਾ ਰਹੀ ਹੈ, ਉਸ ਨਾਲ ਤਾਂ ਸਿਰਫ਼ ਇਕ ਧਾਰਾ 6 ਜੋੜੀ ਜਾ ਰਹੀ ਹੈ, ਜਿਸ ਵਿੱਚ ਅਨੰਦ ਕਾਰਜ ਦੁਆਰਾ ਕੀਤੇ ਵਿਆਹਾਂ ਦੇ ਰਜਿਸਟਰੇਸ਼ਨ ਕਰਨ ਦਾ ਪ੍ਰਵਧਾਨ ਹੈ। ਇਸ ਐਕਟ ਦੀ ਸੋਧ ਵਿੱਚ ਕਿਤੇ ਵੀ ਬਾਕੀ ਧਰਮਾਂ ਦੇ ਵਿਆਹ ਐਕਟਾਂ ਵਿੱਚ ਮੌਜੂਦ ਪ੍ਰਵਧਾਨ, ਜਿਵੇਂ ਵਿਆਹ ਦੀਆਂ ਸ਼ਰਤਾਂ, ਵਿਆਹ ਦਾ ਮੁੜ ਸਥਾਪਣ, ਨਿਆਇਕ ਅਲਹਿਦਗੀ, ਸੁੰਨ ਅਤੇ ਸੁੰਨਕਰਨਯੋਗ ਵਿਆਹ, ਤਲਾਕ, ਨਜਾਇਜ਼ ਬੱਚਿਆਂ ਦੀ ਸਿੱਖਿਆ ਸੰਭਾਲ, ਵਿਆਹੁਤਾ ਧਿਰਾਂ ਦੀ ਸੰਪਤੀ ਆਦਿ ਦੀ ਕੋਈ ਵਿਵਸਥਾ ਨਹੀਂ ਕੀਤੀ ਜਾ ਰਹੀ। ਇਸ ਕਰਕੇ ਇਹ ਸੋਧ ਹੋ ਜਾਣ ਤੋ ਬਾਅਦ ਵੀ ਸਿੱਖਾਂ ਨੂੰ ਉਪਰੋਕਤ ਮਾਮਲਿਆਂ ਬਾਰੇ ਹਿੰਦੂ ਮੈਰਿਜ ਐਕਟ, 1955 ਅਧੀਨ ਹੀ ਰੱਖਿਆ ਜਾਵੇਗਾ। ਮੈਂ ਆਪਣੀ ਪਾਵਰ ਪੁਆਇੰਟ ਪੇਸ਼ਕਾਰੀ ਵਿੱਚ ਪਾਕਿਸਤਾਨ ਵਿੱਚ ਬਣੇ ‘ਸਿੱਖ ਵਿਆਹ ਆਰਡੀਨੈਂਸ, 2008’ ਦਾ ਵੀ ਵੇਰਵਾ ਦਿੱਤਾ ਕਿ ਇਸ ਕਾਨੂੰਨ ਵਿੱਚ ਸਿੱਖਾਂ ਲਈ ਉਪਰੋਕਤ ਸਾਰੀਆਂ ਮੱਦਾਂ ਸ਼ਾਮਿਲ ਹਨ। ਇਸ ਕਰਕੇ ਸਾਨੂੰ ਅਨੰਦ ਮੈਰਿਜ ਐਕਟ ਵਿੱਚ ਵਿਆਹ ਦੀ ਰਜਿਸਟਰੇਸ਼ਨ ਦੀ ਇਸ ਨਿਗੂਣੀ ਜਿਹੀ ਸੋਧ ਦੀ ਬਜਾਇ ਸੰਪੂਰਣ ‘ਸਿੱਖ ਮੈਰਿਜ ਐਕਟ’ ਦੀ ਮੰਗ ਕਰਨੀ ਚਾਹੀਦੀ ਹੈ, ਜਿਸ ਦਾ ਖਰੜਾ ਮੈਂ ਪੇਸ਼ ਕੀਤਾ ਹੈ।
ਇਸ ਮੀਟਿੰਗ ਵਿੱਚ ਮੇਰੇ ਤੋਂ ਬਿਨਾਂ ਸਿਰਫ਼ ਤਿੰਨ ਸ਼ਖ਼ਸੀਅਤਾਂ ਨੇ ਹੀ ਆਪਣੇ ਆਪਣੇ ਵਿਚਾਰ ਰੱਖੇ। ਜਿਨ੍ਹਾਂ ਵਿੱਚੋਂ ਸ. ਬਲਵਿੰਦਰ ਸਿੰਘ ਭੂੰਦੜ, ਜਿਨ੍ਹਾਂ ਨੇ ਮੈਨੂੰ ਸੰਵਿਧਾਨ ਦੇ ਆਰਟੀਕਲ 25 ਬਾਰੇ ਪੁੱਛਿਆ ਅਤੇ ਮੈਂ ਜਸਟਿਸ ਵੈਕਟਾਚਲੀਆ ਕਮਿਸ਼ਨ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਹੁਣ ਇਸ ਧਾਰਾ ਦੀ ਸੋਧ ਕਰਨ ਲਈ ਮੰਗ ਕਰਨਾ ਕਾਨੂੰਨੀ ਜਾਇਜ਼ ਹੈ। ਦੂਸਰਾ, ਜਦੋਂ ਮੈਂ ਮੀਟਿੰਗ ਵਿੱਚ ਇਹ ਗੱਲ ਦੱਸੀ ਕਿ ਸ. ਪ੍ਰਤਾਪ ਸਿੰਘ ਬਾਜਵਾ ਐਮ.ਪੀ. ਦੀ ਮੌਜੂਦਗੀ ਵਿੱਚ ਮੇਰੀ ਭਾਰਤੀ ਕਾਨੂੰਨ ਮੰਤਰੀ ਖ਼ੁਰਸ਼ੀਦ ਜੀ ਨਾਲ ਫ਼ੋਨ’ਤੇ ਗੱਲ ਹੋਈ ਹੈ ਅਤੇ ਜਦੋਂ ਮੈਂ ਉਨ੍ਹਾਂ ਨੂੰ ਅਨੰਦ ਮੈਰਿਜ ਐਕਟ ਵਿੱਚ ਨਿਗੂਣੀ ਜਿਹੀ ਸੋਧ ਦੀ ਥਾਂ ਸਿੱਖ ਮੈਰਿਜ ਐਕਟ ਪਾਸ ਕਰਨ ਬਾਰੇ ਬੇਨਤੀ ਕੀਤੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਹਾਡੇ ਨੇਤਾ ਤਾਂ ਸਿਰਫ਼ ਰਜਿਸਟਰੇਸ਼ਨ ਦੀ ਹੀ ਮੰਗ ਕਰ ਰਹੇ ਹਨ। ਜਦੋਂ ਉਹ ਸੰਪੂਰਨ ਸਿੱਖ ਮੈਰਿਜ ਐਕਟ ਦੀ ਮੰਗ ਕਰ ਹੀ ਨਹੀਂ ਰਹੇ ਤਾਂ ਅਸੀਂ ਆਪ ਕਿਵੇਂ ਦੇ ਦਈਏ। ਇੱਥੇ ਇਹ ਵਰਨਣਯੋਗ ਹੈ ਕਿ ਸ. ਤਰਲੋਚਨ ਸਿੰਘ ਨੇ ਆਪਣੇ ਇਸ ਲੇਖ ਦੇ ਅੰਤ ਵਿੱਚ ਭਾਰਤੀ ਕਾਨੂੰਨ ਮੰਤਰੀ ਖ਼ੁਰਸ਼ੀਦ ਵੱਲੋਂ ਲਿਖੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਕਿਤਾਬ ਵਿੱਚ ਲਿਖ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਕਈ ਮੈਂਬਰ ਪਾਰਲੀਮੈਂਟ ਵਿੱਚ ਇਸ ਬਿਲ ਨੂੰ ਰੁਕਵਾਉਣਾ ਚਾਹੁੰਦੇ ਸਨ। ਪਰ ਇਹ ਤੱਥ ਬੜੀ ਖ਼ੂਬੀ ਨਾਲ ਲੁਕੋ ਗਏ ਕਿ ਉਹ ਮੈਂਬਰ ਅਸਲ ਵਿੱਚ ਇਸ ਨਿਗੂਣੀ ਸੋਧ ਦੀ ਬਜਾਇ ਸੰਪੂਰਣ ‘ਸਿੱਖ ਮੈਰਿਜ ਐਕਟ’ ਦੀ ਜ਼ੋਰਦਾਰ ਮੰਗ ਕਰ ਰਹੇ ਸਨ। ਪਾਰਲੀਮੈਂਟ ਦਾ ਰਿਕਾਰਡ ਇਸ ਗੱਲ ਦਾ ਸਬੂਤ ਹੈ। ਸੋ ਜਦੋਂ ਮੈਂ ਖ਼ੁਰਸ਼ੀਦ ਜੀ ਨਾਲ ਗੱਲ ਦਾ ਜ਼ਿਕਰ ਕਰ ਰਿਹਾ ਸੀ, ਉਸ ਵਕਤ ਮੀਟਿੰਗ ਵਿੱਚ ਮੌਜੂਦ ਸ੍ਰੀ ਨਰੇਸ਼ ਗੁਜਰਾਲ, ਐਮ. ਪੀ. ਨੇ ਪ੍ਰੋੜ੍ਹਤਾ ਕੀਤੀ ਕਿ ਖ਼ੁਰਸ਼ੀਦ ਜੀ ਨੇ ਇਹ ਗੱਲ ਉਨ੍ਹਾਂ ਨੂੰ ਵੀ ਕਹੀ ਹੈ ਕਿ ਸਿੱਖ ਨੇਤਾ ਤਾਂ ਸੰਪੂਰਣ ਸਿੱਖ ਮੈਰਿਜ ਐਕਟ ਦੀ ਮੰਗ ਹੀ ਨਹੀਂ ਕਰ ਰਹੇ। ਉਨ੍ਹਾਂ ਨੇ ਇਹ ਗੱਲ ਬਾਦਲ ਸਾਹਿਬ ਨੂੰ ਸੰਬੋਧਿਤ ਹੁੰਦੇ ਕਹੀ ਸੀ।
ਸ. ਅਵਤਾਰ ਸਿੰਘ ਮੱਕੜ ਜੀ ਵਾਰੇ ਜੋ ਜ਼ਿਕਰ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਡਟ ਕੇ ‘ਮੇਰੇ ਬਿਲ’ ਦੀ ਹਮਾਇਤ ਕੀਤੀ, ਬਿਲਕੁਲ ਬੇਬੁਨਿਆਦ ਤੇ ਝੂਠ ਹੈ। ਹੋਇਆ ਇਹ ਸੀ ਜਦੋਂ ਸ. ਤਰਲੋਚਨ ਸਿੰਘ ਨੇ ਮੇਰੀ ਪਾਵਰ ਪੁਆਇੰਟ ਪੇਸ਼ਕਾਰੀ ਤੋਂ ਬਾਅਦ ਬੋਲਦੇ ਹੋਏ ਦੱਸਿਆ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਮਨਜ਼ੂਰੀ ਦੀ ਚਿੱਠੀ ਲਿੱਤੀ ਸੀ, ਜੋ ਦਿਲਮੇਗ ਨੇ ਭੇਜੀ ਸੀ, ਤਾਂ ਸ. ਮੱਕੜ ਜੀ ਨੇ ਇਸ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਬਾਦਲ ਸਾਹਿਬ ਨੇ ਮੱਕੜ ਸਾਹਿਬ ਨੂੰ ਜੋ ਕਿਹਾ ਮੈਂ ਇੱਥੇ ਲਿਖਣਾ ਠੀਕ ਨਹੀਂ ਸਮਝਦਾ। ਸਿਰਫ਼ ਇੰਨੀ ਗੱਲ ਹੋਈ ਸੀ ਨਾ ਕਿ ਡਟ ਕੇ ਹਿਮਾਇਤ ਦੀ। ਤੀਸਰਾ ਜ਼ਿਕਰ ਮੈਂ ਬੀਬਾ ਹਰਸਿਮਰਤ ਕੌਰ ਬਾਦਲ ਐਮ.ਪੀ. ਦਾ ਕਰਨਾ ਚਾਹਾਂਗਾ, ਜਿਨ੍ਹਾਂ ਨੇ ਬੋੜੇ ਜ਼ੋਰ ਨਾਲ ਇਹ ਕਿਹਾ ਸੀ ਕਿ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤਾ ਸੁਝਾਅ ਮੰਨਣਾ ਚਾਹੀਦਾ ਹੈ ਅਤੇ ਸਿੱਖ ਮੈਰਿਜ ਐਕਟ, ਜਿਸ ਦਾ ਖਰੜਾ ਅੱਜ ਪੇਸ਼ ਕੀਤਾ ਹੈ, ਉਸ ਅਧਾਰਿਤ ਮੰਗ ਕਰਨੀ ਚਾਹੀਦੀ ਹੈ। ਸ. ਸਤਿਆਜੀਤ ਸਿੰਘ ਮਜੀਠਾ (ਮਜੀਠੀਆ) ਬਾਰੇ ਜੋ ਲੇਖ ਵਿੱਚ ਲਿਖਿਆ ਗਿਆ ਹੈ, ਉਹ ਸਰਾਸਰ ਝੂਠ ਹੈ ਕਿਉਂਕਿ ਬਾਕੀ ਮੈਂਬਰਾਂ ਵਾਂਗ ਉਨ੍ਹਾਂ ਨੇ ਵੀ ਕੋਈ ਗੱਲ ਨਹੀਂ ਕਹੀ। ਹਾਂ, ਇਕ ਹੋਰ ਮਹੱਤਵਪੂਰਨ ਗੱਲ ਸਾਂਝੀ ਕਰਨੀ ਚਾਹਾਂਗਾ। ਸ. ਤਰਲੋਚਨ ਸਿੰਘ ਨੇ ਇਸ ਮੀਟਿੰਗ ਵਿੱਚ ਬੋਲਦੇ ਹੋਏ ਕਿਹਾ ਕਿ ‘ਸਿੱਖ ਮੈਰਿਜ ਐਕਟ’ ਸਿਰਲੇਖ ਠੀਕ ਨਹੀਂ ਹੈ ਕਿਉਂਕਿ ਸਿੱਖਾਂ ਵਿੱਚ ਤਾਂ ਵਿਆਹ ਹੁੰਦਾ ਹੀ ਨਹੀਂ, ਅਨੰਦ ਕਾਰਜ ਹੁੰਦਾ ਹੈ। ਜਦੋਂ ਮੈਂ ਜਵਾਬ ਵਿੱਚ ਕਿਹਾ ਕਿ ਅਨੰਦ ਕਾਰਜ ਤਾਂ ਰੀਤੀ ਜਾਂ ਵਿਧਾਂਤ ਹੈ ਜਿਸ ਰਾਹੀ ਸਿੱਖ ਵਿਆਹ ਸੰਪੂਰਨ ਹੰਦਾ ਹੈ ਅਤੇ ਲਾਵਾਂ ਤੋਂ ਬਾਅਦ ਆਮ ਸ਼ਬਦ ਪੜ੍ਹਿਆ ਜਾਂਦਾ ਹੈ ਕਿ ‘ਵੀਆਹੁ ਹੋਆ ਮੇਰੇ ਬਾਬੁਲਾ’ ਤਾਂ ਉਨ੍ਹਾਂ ਨੇ ਆਪਣੀ ਸਪੀਚ ਦਾ ਰੁੱਖ ਹੀ ਬਦਲ ਲਿਆ ਅਤੇ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਹੋਣ ਦੀ ਰਟ ਲਾ ਦਿੱਤੀ। ਬਾਕੀ ਇਸ ਮੀਟਿੰਗ ਦਾ ਪੂਰਾ ਵਿਵਰਣ ਮੈਂ ਆਪਣੀ ਕਿਸੇ ਹੋਰ ਲੇਖਣੀ ਵਿੱਚ ਕਰਾਂਗਾ।
ਅਖੀਰ ਵਿੱਚ ਜਿੱਥੇ ਮੈਂ ਇਤਿਹਾਸ ਦੇ ਪੰਨਿਆਂ ਵਿੱਚ ਅਨੰਦ ਮੈਰਿਜ ਐਕਟ, 1909 ਵਿੱਚ ਨਿਗੂਣੀ ਸੋਧ ਬਾਰੇ, ਸੱਚੇ ਤੱਥ ਦਰਜ ਕਰ ਰਿਹਾਂ ਹਾਂ, ਉੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਭਾਵੇਂ ਅਨੰਦ ਮੈਰਿਜ ਐਕਟ, 1909 ਵਿੱਚ 2012 ਦੀ ਸੋਧ ਨਾਲ ਜੋ ਝੂਠੀ ਸ਼ੁਹਰਤ ਖੱਟਣ ਲਈ ਬਿਆਨਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਸੀ ਕਿ ਇਸ ਨਵੇਂ ਬਿੱਲ ਜਾਂ ਸੋਧ ਨਾਲ ਸਿੱਖਾਂ ਨੂੰ ਸਿੱਖ ਰੀਤੀ ਅਨੁਸਾਰ ਵਿਆਹ ਕਰਨ ਪਿੱਛੋਂ ਸਿੱਧਾ ‘ਸਿੱਖ ਮੈਰਿਜ ਸਰਟੀਫਿਕੇਟ’ ਮਿਲ ਸਕੇਗਾ ਜਾਂ ਸਿੱਖਾਂ ਦੀ ਵੱਖਰੀ ਪਹਿਚਾਣ ਬਣੇਗੀ, ਕੋਰਾ ਝੂਠ ਨਿਕਲਿਆ। ਭਾਰਤ ਦੇ ਕਿਸੇ ਵੀ ਰਾਜ ਭਾਵੇਂ ਉਹ ਪੰਜਾਬ ਹੋਏ, ਦਿੱਲੀ ਜਾਂ ਹਰਿਆਣਾ, ਸਿੱਖਾਂ ਦੇ ਵਿਆਹ ਰਜਿਸਟਰੇਸ਼ਨ ਸਰਟੀਫਿਕੇਟ ‘ਤੇ ਕਿਤੇ ਵੀ ‘ਸਿੱਖ’ ਜਾਂ ‘ਸਿੱਖ ਮੈਰਿਜ’ ਨਹੀਂ ਲਿਖਿਆ ਜਾਂਦਾ। ਸਭ ਤੋਂ ਵੱਡੀ ਗਲ ਕਿ ਸਿੱਖਾਂ ਨੂੰ ਅੱਜ ਵੀ ਵਿਆਹ, ਤਲਾਕ ਆਦਿ ਸਬੰਧਿਤ ਮਾਮਲਿਆਂ ਲਈ ਹਿੰਦੂ ਮੈਰਿਜ ਐਕਟ, 1955 ਅਧੀਨ ਹੀ ਕੇਸ ਕਰਨਾ ਪੈਂਦਾ ਹੈ। ਬਾਕੀ ਹੋਰ ਕਾਨੂੰਨੀ ਮੱਦਾਂ ਬਾਰੇ, ਜਿਨ੍ਹਾਂ ਨੇ ਸਿੱਖੀ ਦੀ ਵਿਲੱਖਣ ਪਹਿਚਾਣ ਨੂੰ ਨਿਗੂਣੀ ਸੋਧ ਨਾਲ ਢਾਹ ਲਾਈ ਹੈ, ਕਦੇ ਫਿਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਸਾਨੂੰ ਅੱਜ ਜ਼ਰੂਰਤ ਹੈ, ਉਨ੍ਹਾਂ ਸਿੱਖ ਨੇਤਾਵਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸੱਚ ਦੇ ਮਾਰਗ ਤੇ ਚੱਲਣ ਅਤੇ ਸਿੱਖਾਂ ਦੀ ਅਗਵਾਈ ਕਰਨ ਨਾਂ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣ ਕੇ, ਸਿੱਖੀ ਦਾ ਘਾਣ ਕਰਨ। ਵਾਹਿਗੁਰੂ ਜੀਓ ਆਪ ਅੰਗ ਸੰਗ ਸਹਾਈ ਹੋ ਕੇ, ਸਿੱਖੀ ਦੀ ਚੜ੍ਹਦੀ ਕਲਾ ਦੀ ਬਖਸਿਸ਼ ਕਰਨ, ਇਹੋ ਅਰਦਾਸ ਹੈ ਜੀ।