ਵਾਸ਼ਿੰਗਟਨ, 14 ਮਾਰਚ – ਅਮਰੀਕਾ, ਆਸਟਰੇਲੀਆ ਅਤੇ ਬਰਤਾਨੀਆ ਨੇ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਸਮਝੌਤੇ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਹਮਲਾਵਰ ਰਵੱਈਏ ਦਾ ਮੁਕਾਬਲਾ ਕਰਨਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅਮਰੀਕਾ ਦੇ ਸਾਂ ਡਇਏਗੋ ਵਿੱਚ ਇਹ ਐਲਾਨ ਕੀਤਾ।
ਅਮਰੀਕਾ, ਆਸਟਰੇਲੀਆ ਅਤੇ ਬ੍ਰਿਟੇਨ ਨੇ ਜਾਪਾਨ ਤੋਂ ਆਸਟਰੇਲੀਆ ਤੱਕ ਧੱਕੇਸ਼ਾਹੀ ਦਿਖਾਉਣ ਵਾਲੇ ਚੀਨੀ ਡ੍ਰੈਗਨ ਨੂੰ ਢੁਕਵਾਂ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਓਕਸ (OCUS) ਸੌਦੇ ਦੇ ਤਹਿਤ ਆਸਟਰੇਲੀਆ ਹੁਣ ਅਮਰੀਕਾ ਅਤੇ ਬ੍ਰਿਟੇਨ ਦੀ ਮਦਦ ਨਾਲ 8 ਪਣਡੁੱਬੀਆਂ ਖ਼ਰੀਦਣ ਜਾ ਰਿਹਾ ਹੈ। ਇਸ ਦੇ ਲਈ ਆਸਟਰੇਲੀਆ ਅਗਲੇ ਤਿੰਨ ਦਹਾਕਿਆਂ ਦੌਰਾਨ 368 ਬਿਲੀਅਨ ਡਾਲਰ ਖ਼ਰਚ ਕਰਨ ਜਾ ਰਿਹਾ ਹੈ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 13 ਮਾਰਚ ਦਿਨ ਮੰਗਲਵਾਰ ਨੂੰ ਐਲਾਨ ਕੀਤਾ ਕਿ ਇਹ ਸਾਰੀਆਂ ਪ੍ਰਮਾਣੂ ਸ਼ਕਤੀ ਵਾਲੀਆਂ ਪਣਡੁੱਬੀਆਂ ਆਸਟਰੇਲੀਆ ਦੇ ਐਡੀਲੇਡ ਵਿੱਚ ਬਣਾਈਆਂ ਜਾਣਗੀਆਂ। ਇਸ ਸੌਦੇ ਤੋਂ ਬਾਅਦ ਆਸਟਰੇਲੀਆ ਪਰਮਾਣੂ ਪਣਡੁੱਬੀ ਸੰਚਾਲਨ ਕਰਨ ਵਾਲਾ ਦੁਨੀਆ ਦਾ 7ਵਾਂ ਦੇਸ਼ ਬਣ ਜਾਵੇਗਾ।
ਅਮਰੀਕਾ, ਆਸਟਰੇਲੀਆ ਅਤੇ ਬ੍ਰਿਟੇਨ ਨੇ ਚੀਨ ਤੋਂ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਸਾਲ 2021 ਵਿੱਚ ਓਕਸ ਫ਼ੌਜੀ ਸਮਝੌਤਾ ਕੀਤਾ ਸੀ। ਇਸ ਤੋਂ ਬਾਅਦ ਇਸ ਪਰਮਾਣੂ ਪਣਡੁੱਬੀ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ। ਇਹ ਸੌਦਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਚੀਨ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਬਣ ਗਿਆ ਹੈ। ਚੀਨ ਦੇ ਜੰਗੀ ਜਹਾਜ਼ਾਂ ਦੀ ਗਿਣਤੀ ਅਮਰੀਕਾ ਤੋਂ ਵੱਧ ਗਈ ਹੈ। ਚੀਨ ਹੁਣ ਤਾਇਵਾਨ ‘ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਜਾਪਾਨ ਤੋਂ ਲੈ ਕੇ ਆਸਟਰੇਲੀਆ ਤੱਕ ਨੂੰ ਅੱਖਾਂ ਵਿਖਾ ਰਿਹਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਦੇਸ਼ ਦੀ ਰੱਖਿਆ ਸਮਰੱਥਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਦਮ ਕਰਾਰ ਦਿੱਤਾ ਹੈ।
ਓਕਸ ਦੇ ਇਸ ਐਲਾਨ ਤੋਂ ਚੀਨ ਬੁਰੀ ਤਰ੍ਹਾਂ ਨਾਲ ਨਾਰਾਜ਼ ਹੈ। ਚੀਨ ਨੇ ਕਿਹਾ ਹੈ ਕਿ ਉਹ ਇਸ ਪਰਮਾਣੂ ਪਣਡੁੱਬੀ ਸਮਝੌਤੇ ਦਾ ਸਖ਼ਤ ਵਿਰੋਧ ਕਰਦਾ ਹੈ।
ਅਮਰੀਕਾ ਖ਼ਾਸ ਕਰਕੇ ਆਸਟਰੇਲੀਆ ਦੀਆਂ ਪਣਡੁੱਬੀਆਂ ਨੂੰ ਅਜਿਹੀ ਤਕਨੀਕ ਨਾਲ ਲੈਸ ਕਰਨ ਜਾ ਰਿਹਾ ਹੈ ਕਿ ਉਹ ਜ਼ਿਆਦਾ ਮਿਜ਼ਾਈਲਾਂ ਦਾਗ਼ ਸਕਣਗੇ। ਇਸ ਤਰ੍ਹਾਂ ਆਸਟਰੇਲੀਆ, ਬ੍ਰਿਟੇਨ, ਜਾਪਾਨ, ਅਮਰੀਕਾ ਦੀ ਮਦਦ ਨਾਲ ਚੀਨ ਨੂੰ ਹਿੰਦ ਮਹਾਸਾਗਰ ਵਿੱਚ ਚਾਰੇ ਪਾਸਿਓਂ ਘੇਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ।
Home Page ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਨੇ ਹਿੰਦ ਮਹਾਸਾਗਰ ‘ਚ ਚੀਨ ਨੂੰ ਡੱਕਣ ਲਈ...