
ਵਾਸ਼ਿੰਗਟਨ 28 ਜੁਲਾਈ (ਹੁਸਨ ਲੜੋਆ ਬੰਗਾ) – ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,50,444 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 44,33,410 ਹੈ। 21,36,603 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤਰਾਂ ਸਰਗਰਮ ਮਾਮਲਿਆਂ ਦੀ ਗਿਣਤੀ 22,96,807 ਹੈ। ਰਿਕਵਰੀ ਦਰ 93% ਹੈ। ਸਭ ਤੋਂ ਵਧ ਮੌਤਾਂ ਨਿਊਯਾਰਕ ਵਿਚ 32,708 ਹੋਈਆਂ ਹਨ ਦੂਸਰੇ ਸਥਾਨ ‘ਤੇ ਨਿਊਜਰਸੀ ਰਾਜ ਹੈ ਜਿੱਥੇ 15,889 ਮੌਤਾਂ ਹੋਈਆਂ ਹਨ। ਪੰਜਾਬੀਆਂ ਦੀ ਭਰਪੂਰ ਆਬਾਦੀ ਵਾਲਾ ਰਾਜ ਕੈਲੇਫੋਰਨੀਆ ਤੀਸਰੇ ਸਥਾਨ ‘ਤੇ ਜਿੱਥੇ ਹੁਣ ਤੱਕ 8545 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਨਾਰਦਰਨ ਮੈਰੀਆਨਾ ਆਈਸਲੈਂਡ ਸਭ ਤੋਂ ਘਟ ਪ੍ਰਭਾਵਿਤ ਹੈ ਜਿੱਥੇ ਕੇਵਲ ਦੋ ਮੌਤਾਂ ਹੋਈਆਂ ਹਨ ਤੇ ਮਰੀਜ਼ਾਂ ਦੀ ਕੁਲ ਗਿਣਤੀ 40 ਹੈ ਤੇ ਕੇਵਲ 19 ਸਰਗਰਮ ਮਾਮਲੇ ਹਨ।
ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਵਿਆਪਕ ਕਦਮਾਂ ਦੀ ਲੋੜ –
ਓਬਾਮਾ ਪ੍ਰਸ਼ਾਸਨ ਦੇ ਚੋਟੀ ਦੇ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਜੇਕਰ ਅਸੀਂ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਵਿਆਪਕ ਕਦਮ ਚੁੱਕਣ ਦੀ ਲੋੜ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤਹਿਤ ਕੰਮ ਕਰ ਚੁੱਕੇ ਸੈਂਟਰ ਫ਼ਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ ਦੇ ਸਾਬਕਾ ਪ੍ਰਸ਼ਾਸਕ ਐਂਡੀ ਸਲਾਵਿਟ ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਅਮਰੀਕਾ ਤੁਰੰਤ 6 ਕਦਮ ਚੁੱਕ ਲਵੇ ਤਾਂ ਅਕਤੂਬਰ ਵਿਚ ਕਾਰੋਬਾਰ, ਸਕੂਲ, ਖੇਡਾਂ ਤੇ ਹੋਰ ਸਭ ਕੁਝ ਆਮ ਵਾਂਗ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾ ਕਦਮ ਇਹ ਹੈ ਕਿ 50% ਦੀ ਬਜਾਏ 90% ਲਾਕ ਡਾਊਨ ਲਾਉਣਾ ਪਵੇਗਾ। ਮਾਰਚ ਤੇ ਅਪ੍ਰੈਲ ਵਿਚ ਕੇਵਲ 50% ਲਾਕਡਾਊਨ ਲਾਇਆ ਗਿਆ ਸੀ ਕਿਉਂਕਿ ਸਾਰੇ ਰਾਜ ਮੁਕੰਮਲ ਬੰਦ ਕਰਨ ਲਈ ਸਹਿਮਤ ਨਹੀਂ ਹੋਏ ਸਨ। ਹੋਰ ਕਦਮਾਂ ਵਿਚ ਹਰ ਇਕ ਲਈ ਮਾਸਕ ਲਾਜ਼ਮੀ ਪਹਿਨਣਾ, ਅੰਤਰ ਰਾਜ ਆਵਾਜਾਈ ਬੰਦ ਕਰਨਾ, ਹੋਰ ਦੇਸ਼ਾਂ ਵਿਚਾਲੇ ਆਵਾਜਾਈ ਬੰਦ ਕਰਨਾ , ਬਾਰ ਅਤੇ ਰੈਸਟੋਰੈਂਟਾਂ ਸਮੇਤ ਸਾਰੇ ਹੌਟ ਸਪਾਟ ਸਥਾਨ ਬੰਦ ਕਰਨਾ ਤੇ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਪਰਿਵਾਰਾਂ ਤੋਂ ਦੂਰ ਰੈਸਟੋਰੈਂਟਾਂ ਵਿਚ ਠਹਿਰਾਉਣਾ ਸ਼ਾਮਿਲ ਹਨ।