ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਿਆ
ਵਾਸ਼ਿੰਗਟਨ – 8 ਫਰਵਰੀ ਦਿਨ ਬੁੱਧਵਾਰ ਨੂੰ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਸ਼ਹਿਰ ਸਟਰਲਿੰਗ ਹਾਈਟਸ ਸਿਟੀ ਆਫ਼ ਆਫ਼ ਮਿਸ਼ੀਗਨ ਵਿੱਚ ਉਸਾਰੀ ਅਧੀਨ ਗੁਰਦੁਆਰੇ ਦੀ ਭੰਨਤੋੜ ਕਰਨ ਤੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ‘ਤੇ ਮੁਸਲਿਮ ਭਾਈਚਾਰੇ ਖਿਲਾਫ਼ ਅਸ਼ਲੀਲ ਭਾਸ਼ਾ ਲਿਖਣ ਦੇ ਨਾਲ ਨਸਲੀ ਚਿੱਤਰ ਵੀ ਬਣਾਏ ਜਾਣ ਦੀ ਖ਼ਬਰ ਮਿਲੀ ਹੈ। ਗੌਰਤਲਬ ਹੈ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਪ੍ਰਾਜੈਕਟ 2007 ਵਿੱਚ ਸਿੱਖ ਸੁਸਾਇਟੀ ਆਫ਼ ਮਿਸ਼ੀਗਨ ਨੇ ਸ਼ੁਰੂ ਕਰਵਾਇਆ ਸੀ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਗਰਮੀਆਂ ਵਿੱਚ ਮੁਕੰਮਲ ਹੋਣ ਦੀ ਆਸ ਸੀ।
ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਪੁਲਿਸ ਮੁਤਾਬਕ ਇਸ ਵਾਰਦਾਤ ਨੂੰ ਬੀਤੀ 5 ਫਰਵਰੀ ਨੂੰ ਸਟਰਲਿੰਗ ਹਾਈਟਸ ਵਿੱਚ ਉਸਾਰੀ ਅਧੀਨ ਗੁਰਦੁਆਰੇ ਦੀ ਕੰਧ ‘ਤੇ ਮੁਸਲਿਮ ਭਾਈਚਾਰੇ ਖਿਲਾਫ਼ ਨਾਅਰੇ ਲਿਖ ਅਤੇ ਉਥੇ ਪਏ ਸਾਮਾਨ ਦੀ ਭੰਨ ਤੋੜ ਕੀਤੀ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਗੁਰਦਵਾਰੇ ਦੀ ਇਮਾਰਤ ਉਤੇ ਵੱਡੀਆਂ ਬੰਦੂਕਾਂ ਦੇ ਚਿੱਤਰ ਵੀ ਬਣਾਏ ਜੋ ਅਮਰੀਕਾ ਉਪਰ ਹੋਏੇ 9/11 ਦੇ ਅਤਿਵਾਦੀ ਹਮਲੇ ਨੂੰ ਦਰਸਾਉਂਦੇ ਹਨ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਰਹਿ ਹੈ ਅਤੇ ਉਨ੍ਹਾਂ ਪੁਲਿਸ ਨੂੰ ਜਾਂਚ ਕਰਕੇ ਸ਼ਰਾਰਤੀ ਅੰਨਸਰਾਂ ਨੂੰ ਸਖ਼ਤ ਸਜਾ ਦੇਣ ਦੀ ਮੰਘ ਕੀਤੀ ਹੈ।
ਕੌਂਸਲ ਆਫ਼ ਅਮਰੀਕਨ ਇਸਲਾਮਿਕ ਰਿਲੇਸ਼ਨਜ਼ ਅਤੇ ਅਮਰੀਕਨ ਯਹੂਦੀਆਂ ਦੀ ਕਮੇਟੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਮੁਸਲਿਮ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਦਾਉਦ ਵਾਲਿਦ ਨੇ ਕਿਹਾ ਕਿ ਗੁਰਦੁਆਰੇ ਵਿੱਚ ਕੀਤੀ ਇਸ ਕਾਰਵਾਈ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਸਥਾਨਕ ਅਧਿਕਾਰੀਆਂ ਨੂੰ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਅਮਰੀਕਾ ਵਿੱਚ ਵਾਪਰੀ ਇਸ ਘਟਨਾ ਦੀ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਨੇ ਜ਼ੋਰਦਾਰ ਨਿੰਦਿਆ ਕੀਤੀ ਹੈ ਅਤੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੋਸ਼ੀਆਂ ਦੀ ਲੱਭ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸਾਰੀ ਅਧੀਨ ਗੁਰਦੁਆਰੇ ਦੀ ਭੰਨ ਤੋੜ ਕਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਇਸ ਕਾਰਵਾਈ ਰਾਹੀਂ ਸਿੱਖ ਤੇ ਮੁਸਲਿਮ ਭਾਈਚਾਰੇ ਵਿੱਚ ਮਤਭੇਦ ਪੈਦਾ ਕਰਨ ਦੇ ਵੀ ਯਤਨ ਕੀਤੇ ਹਨ, ਜੋ ਹੋਰ ਵੀ ਨਿੰਦਣਯੋਗ ਹਨ। ਉਨ੍ਹਾਂ ਸਿੱਖ ਭਾਈਚਾਰੇ ਨੂੰ ਆਖਿਆ ਕਿ ਉਹ ਸੰਜਮ ਤੋਂ ਕੰਮ ਲੈਣ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਤੇਜਨਾ ਵਿੱਚ ਆ ਕੇ ਕੋਈ ਗਲਤ ਕਾਰਵਾਈ ਨਾ ਕਰੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਦਿਆਂ ਦੋਸ਼ੀਆਂ ਦਾ ਪਤਾ ਲਾਇਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਨੇ ਵੀ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਹੈ।
International News ਅਮਰੀਕਾ ‘ਚ ਨਵੇਂ ਬਣ ਰਹੇ ਗੁਰਦੁਆਰੇ ਦੀ ਭੰਨਤੋੜ ਤੇ ਨਸਲੀ ਟਿਪਣੀਆਂ