ਰਾਸ਼ਟਰਪਤੀ ਟਰੰਪ ਦੇ ਨਿੱਜੀ ਨੌਕਰ ਨੂੰ ਕੋਰੋਨਾ ਹੋਣ ਉਪਰੰਤ ਵਾਈਟ ਹਾਊਸ ਦੀ ਚਿੰਤਾ ਵਧੀ, ਟਰੰਪ ਦੀ ਰਿਪੋਰਟ ਆਈ ਨੈਗੇਟਿਵ
ਮਰੀਜ਼ਾਂ ਦੀ ਗਿਣਤੀ 12,92,623 ਹੋਈ
ਵਾਸ਼ਿੰਗਟਨ 8 ਮਈ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਨਿੱਜੀ ਨੌਕਰ ਦੀ ਰਿਪੋਰਟ ਪੌਜ਼ੇਟਿਵ ਆਉਣ ਉਪਰੰਤ ਵਾਈਟ ਹਾਊਸ ਕੰਪਲੈਕਸ ਵਿੱਚ ਚਿੰਤਾ ਵਧ ਗਈ ਹੈ। ਇਹ ਨੌਕਰ ਰੋਟੇਸ਼ਨ ਵਿੱਚ ਵਾਈਟ ਹਾਊਸ ਕੰਪਲੈਕਸ ਵਿੱਚ ਆਪਣੀ ਡਿਊਟੀ ‘ਤੇ ਆਉਂਦਾ ਸੀ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ ਅਮਰੀਕੀਆਂ ਵਿਚੋਂ 2400 ਹੋਰ ਦਮ ਤੋੜ ਗਏ ਹਨ। ਮ੍ਰਿਤਕਾਂ ਦੀ ਕੁਲ ਗਿਣਤੀ 77207 ਹੋ ਗਈ ਹੈ। 29440 ਨਵੇਂ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਹੈ ਜਿਨ੍ਹਾਂ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 12,92,623 ਹੋ ਗਈ ਹੈ। ਹੁਣ ਤੱਕ 2,17,250 ਮਰੀਜ਼ ਠੀਕ ਹੋਏ ਹਨ।
ਰਾਸ਼ਟਰਪਤੀ ਦੇ ਨਿੱਜੀ ਨੌਕਰ ਨੂੰ ਕੋਰੋਨਾ – ਅਮਰੀਕੀ ਫ਼ੌਜ ਦਾ ਇੱਕ ਮੈਂਬਰ ਜੋ ਵਾਈਟ ਹਾਊਸ ਕੈਂਪਸ ਵਿੱਚ ਕੰਮ ਕਰਦਾ ਸੀ ਤੇ ਰਾਸ਼ਟਰਪਤੀ ਟਰੰਪ ਦਾ ਨਿੱਜੀ ਨੌਕਰ ਸੀ, ਕੋਰੋਨਾਵਾਇਰਸ ਨਾਲ ਪੀੜਤ ਨਿਕਲਿਆ ਹੈ। ਇਹ ਪ੍ਰਗਟਾਵਾ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਰਦਿਆਂ ਕਿਹਾ ਹੈ ਕਿ ਖ਼ੁਦ ਰਾਸ਼ਟਰਪਤੀ ਦਾ ਟੈੱਸਟ ਨੈਗੇਟਿਵ ਆਇਆ ਹੈ। ਨੌਕਰ ਜੋ ਪੌਜ਼ੇਟਿਵ ਨਿਕਲਿਆ ਹੈ, ਉਸ ਟੀਮ ਦਾ ਮੈਂਬਰ ਹੈ ਜੋ ਰਾਸ਼ਟਰਪਤੀ ਟਰੰਪ ਲਈ ਹੋਰ ਸੇਵਾਵਾਂ ਤੋਂ ਇਲਾਵਾ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਦੀ ਹੈ। ਰਾਸ਼ਟਰਪਤੀ ਦੇ ਨੌਕਰ ਦੀ ਰਿਪੋਰਟ ਪੌਜ਼ੇਟਿਵ ਆਉਣ ਉਪਰੰਤ ਵਾਈਟ ਹਾਊਸ ਕੈਂਪਸ ਵਿੱਚ ਬੇਚੈਨੀ ਦਾ ਮਾਹੌਲ ਬਣ ਗਿਆ ਹੈ ਤੇ ਹਰ ਮੁਲਾਜ਼ਮ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਰਾਸ਼ਟਰਪਤੀ ਦੇ ਆਸ ਪਾਸੇ ਰਹਿੰਦੇ ਵਿਅਕਤੀਆਂ ਦੇ ਟੈੱਸਟ ਕੀਤੇ ਜਾ ਰਹੇ ਹਨ ।
ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵਾਧਾ – ਕੋਰੋਨਾਵਾਇਰਸ ਕਾਰਨ ਬੰਦ ਹੋਏ ਕਾਰੋਬਾਰਾਂ ਦੇ ਸਿੱਟੇ ਵਜੋਂ ਬੇਰੁਜ਼ਗਾਰਾਂ ਦੀ ਗਿਣਤੀ 3 ਕਰੋੜ ਤੋਂ ਟੱਪ ਗਈ ਹੈ। ਹੁਣ ਤੱਕ 3 ਕਰੋੜ 33 ਲੱਖ ਤੋਂ ਵਧ ਅਮਰੀਕੀ ਬੇਰੁਜ਼ਗਾਰੀ ਭੱਤੇ ਉੱਪਰ ਦਾਅਵਾ ਕਰ ਚੁੱਕੇ ਹਨ। ਹਾਲਾਂ ਕਿ ਕਈ ਰਾਜਾਂ ਨੇ ਕਾਰੋਬਾਰ ਖੋਲ੍ਹਣ ਲਈ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ ਪਰ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ ਜਿਸ ਕਾਰਨ ਅਮਰੀਕੀ ਬੇਯਕੀਨੀ ਵਾਲੇ ਮਹੌਲ ਵਿੱਚ ਰਹਿ ਰਹੇ ਹਨ। ਉਨ੍ਹਾਂ ਲਈ ਸਥਿਤੀ ਬਹੁਤ ਖ਼ੌਫ਼ ਵਾਲੀ ਹੈ। ਉਨ੍ਹਾਂ ਵਾਸਤੇ ਜੀਵਨ ਤੇ ਰੁਜ਼ਗਾਰ ਵਿਚੋਂ ਇੱਕ ਦੀ ਚੋਣ ਕਰਨੀ ਬਹੁਤ ਕਠਿਨ ਕੰਮ ਹੈ।
ਮਾਸਕ ਪਹਿਨਣਾ ਹੋਇਆ ਜ਼ਰੂਰੀ – ਕੈਲੀਫੋਰਨੀਆ ਵਿੱਚ ‘ਸਟੇਅ ਐਟ ਹੋਮ’ ਆਦੇਸ਼ਾਂ ਵਿੱਚ ਦਿੱਤੀ ਢਿੱਲ ਤੋਂ ਬਾਅਦ ਲੋਕਾਂ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕੋਈ ਵੀ ਗਾਹਕ ਮਾਸਕ ਤੋਂ ਬਿਨਾਂ ਸਟੋਰ ਵਿੱਚ ਦਾਖਲ ਨਹੀਂ ਹੋ ਸਕਦਾ ਤੇ ਸਟਾਫ਼ ਲਈ ਹਰ ਵੇਲੇ ਮਾਸਕ ਪਾਉਣਾ ਜ਼ਰੂਰੀ ਹੈ। ਕਈ ਗਾਹਕ ਆਪਣੀ ਟੀ ਸ਼ਰਟ ਨਾਲ ਮੂੰਹ ਤੇ ਨੱਕ ਢੱਕ ਦੇ ਵੇਖੇ ਗਏ। ਅਜਿਹੇ ਲੋਕਾਂ ਨੂੰ ਮਾਸਕ ਪਾ ਕੇ ਆਉਣ ਲਈ ਕਿਹਾ ਜਾ ਰਿਹਾ ਹੈ। ਗਵਰਨਰ ਗੇਵਨ ਨਿਓਜੋਮ ਨੇ ਕਿਹਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿ ਪਰਚੂਨ ਸਟੋਰਾਂ ਵਿੱਚ ਗਾਹਕਾਂ ਤੇ ਮੁਲਾਜ਼ਮਾਂ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ।