ਅਮਰੀਕਾ ਦੀ ਸਟੇਟ ਕਨੈਕਟੀਕਟ ਵੱਲੋਂ 29 ਅਪ੍ਰੈਲ ਨੂੰ “ਸਿੱਖ ਆਜ਼ਾਦੀ ਦਿਵਸ ਦੇ ਐਲਾਨਨਾਮੇ” ਵਜੋਂ ਦਿੱਤੀ ਗਈ ਮਾਨਤਾ

ਵਾਸ਼ਿੰਗਟਨ ਡੀ.ਸੀ. (ਅਮਰੀਕਾ) 29 ਅਪ੍ਰੈਲ (ਮਨਪ੍ਰੀਤ ਸਿੰਘ) – ਸਟੇਟ ਆਫ਼ ਕਨੈਕਟੀਕਟ ਜਨਰਲ ਅਸੈਂਬਲੀ ਨੇ 29 ਅਪ੍ਰੈਲ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਦਿਵਸ ਵਜੋਂ ਮਾਨਤਾ ਦਿੱਤੀ। ਇਸ ਸਬੰਧੀ ਪ੍ਰਸ਼ੰਸਾ ਪੱਤਰ (Citation) ਸਟੇਟ ਸੈਨੇਟਰ ਕੈਥੀ ਓਸਟਨ ਦੁਆਰਾ ਜਾਰੀ ਕੀਤਾ ਗਿਆ ਜਿਸ ਨੂੰ ਕਈ ਹੋਰ ਸਟੇਟ ਸੈਨੇਟਰਾਂ ਅਤੇ ਸਟੇਟ ਦੇ ਪ੍ਰਤੀਨਿਧਾਂ ਦੁਆਰਾ ਹਮਾਇਤ ਦਿੱਤੀ ਗਈ ਸੀ। ਇਹ ਪੱਤਰ ਅੱਜ ਨਾਰਵਿਚ ਸਿਟੀ ਹਾਲ ਦੇ ਬਾਹਰ ਪੜ੍ਹਿਆ ਗਿਆ ਜਿੱਥੇ ਕਿ ਮੇਅਰ ਪੀਟਰ ਨਿਸਟ੍ਰੋਮ, ਨਾਰਵਿਚ ਸਿਟੀ ਕੌਂਸਲ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਅਤੇ ਡੇਰੇਲ ਵਿਲਸਨ ਵੀ ਮੌਜੂਦ ਸਨ।
ਪ੍ਰਸ਼ੰਸਾ ਪੱਤਰ ਵਿੱਚ ਸਭ ਨੂੰ ਸੰਬੋਧਨ ਹੁੰਦੇ ਕਿਹਾ ਗਿਆ ਹੈ ਕਿ “ਕਨੈਕਟੀਕਟ ਸਟੇਟ ਦੀ ਜਨਰਲ ਅਸੈਂਬਲੀ ਸਿੱਖ ਕੌਮ ਦੀ ਆਜ਼ਾਦੀ ਦੇ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ਦੇ ਸਨਮਾਨ ਵਿੱਚ ਵਰਲਡ ਸਿੱਖ ਪਾਰਲੀਮੈਂਟ ਨੂੰ ਆਪਣੇ ਵੱਲੋਂ ਵਧਾਈਆਂ ਪੇਸ਼ ਕਰਦੀ ਹੈ। ਅਸੀਂ ਤੁਹਾਡੇ ਨਾਲ ਸਾਰੇ ਦੋਸਤਾਂ ਮਿੱਤਰਾਂ ਤੇ ਪਰਿਵਾਰਾਂ ਸਮੇਤ, 29 ਅਪ੍ਰੈਲ 1986 ਨੂੰ ਪੰਜਾਬ ਦੇ ਮੁਕੱਦਸ ਸ਼ਹਿਰ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਸਿੱਖ ਪ੍ਰਭੂ ਸੱਤਾ ਦੇ ਕੇਂਦਰ “ਅਕਾਲ ਤਖ਼ਤ ਸਾਹਿਬ” ਵਿਖੇ ਸਿੱਖ ਕੌਮ ਦੇ ਸਮੂਹਿਕ ਇਕੱਠ “ਸਰਬੱਤ ਖ਼ਾਲਸਾ” ਦੁਆਰਾ ਪਾਸ ਕੀਤੇ ਇਤਿਹਾਸਕ ਆਜ਼ਾਦੀ ਦੇ ਮਤੇ ਦੀ ਯਾਦ ਵਿੱਚ ਸ਼ਾਮਲ ਹੁੰਦੇ ਹਾਂ”।
ਕਨੈਕਟੀਕਟ ਦੀ ਸਿਟੀ ਨਾਰਵਿਚ ਨੇ ਵੀ 29 ਅਪ੍ਰੈਲ ਨੂੰ ਸਿੱਖ ਆਜ਼ਾਦੀ ਦਿਵਸ ਦੇ ਐਲਾਨਨਾਮੇ ਵਜੋਂ ਐਲਾਨਿਆ ਹੈ। ਅੱਜ ਦੇ ਇਸ ਵਿਸ਼ੇਸ਼ ਸਮਾਗਮ ਮੌਕੇ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ ਭਾਵਪੂਰਤ ਸੰਦੇਸ਼ ਵੀ ਪੜ੍ਹਿਆ ਗਿਆ ਜੋ ਕਿ ਬਹੁਤ ਖਿੱਚ ਦਾ ਕੇਂਦਰ ਬਣਿਆ।
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ, “ਸਿਟੀ ਆਫ਼ ਨਾਰਵਿਚ ਅਤੇ ਸਟੇਟ ਆਫ਼ ਕਨੈਕਟੀਕਟ ਸਿੱਖਾਂ ਦੇ ਸਹਿਯੋਗੀ ਅਤੇ ਭਾਈਵਾਲ ਰਹੇ ਹਨ ਅਤੇ ਸਿੱਖਾਂ ਨੂੰ ਹਮੇਸ਼ਾ ਆਪਣੀਆਂ ਭਾਵਨਾਵਾਂ ਅਤੇ ਸੰਘਰਸ਼ਾਂ ਨੂੰ ਸਾਂਝਾ ਕਰਨ ਲਈ ਪਲੇਟਫ਼ਾਰਮ ਦਿੱਤਾ ਹੈ”।
ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਅੱਜ ਮੁੱਖ ਬੁਲਾਰੇ ਵਜੋਂ ਇਸ ਦਿਨ ਦੇ ਇਤਿਹਾਸ ‘ਤੇ ਚਾਨਣਾ ਪਾਇਆ ਅਤੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ ਸਰਕਾਰ ਨੇ ਸਿੱਖਾਂ ਨੂੰ ਇਸ ਮੁਕਾਮ ‘ਤੇ ਧੱਕ ਦਿੱਤਾ ਕਿ ਉਨ੍ਹਾਂ ਨੂੰ ਇਹ ਮਤਾ ਪਾਸ ਕਰਨਾ ਪਿਆ ਅਤੇ ਆਜ਼ਾਦ ਹੋਣ ਦੀ ਕੌਮੀ ਇੱਛਾ ਦਾ ਐਲਾਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ।
ਸਵਰਨਜੀਤ ਸਿੰਘ ਖ਼ਾਲਸਾ ਮੈਂਬਰ ਨਾਰਵਿਚ ਸਿਟੀ ਕੌਂਸਲ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਦੇ ਖੇਤਰ ਤੇ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਹੈ ਅਤੇ ਪੰਜਾਬ ਅਜੇ ਵੀ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਪਣੀ ਆਜ਼ਾਦੀ ਦੀ ਮੰਗ ਕਰਦਾ ਹੈ।
ਇਸ ਸਮਾਗਮ ਵਿੱਚ ਅਮਰੀਕੀ ਸੈਨੇਟਰ ਕ੍ਰਿਸ ਮਰਫੀ ਦਾ ਖ਼ਾਸ ਸੰਦੇਸ਼ ਵੀ ਪੜ੍ਹਿਆ ਗਿਆ। ਕਨੈਕਟੀਕਟ ਦੇ ਲੈਫ਼ਟੀਨੈਂਟ ਗਵਰਨਰ ਸੂਜ਼ਨ ਬਾਈਸੀਵਿਜ਼ ਨੇ ਵੀ ਸਿੱਖ ਕੌਮ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਭੇਜੀਆਂ, ਜਿਸ ਨੂੰ ਸਿਟੀ ਆਫ਼ ਨਾਰਵਿਚ ਦੇ ਨੁਮਾਇੰਦਿਆਂ ਨੇ ਪੜ੍ਹ ਕੇ ਸੁਣਾਇਆ।
ਕਨੈਕਟੀਕਟ ਦੇ ਸਾਰੇ ਗੁਰਦੁਆਰਾ ਸਾਹਿਬ ਦੇ ਨੁਮਾਇੰਦਿਆਂ ਅਤੇ ਸਥਾਨਕ ਸਿੱਖ ਜਥੇਬੰਦੀਆਂ ਸਮੇਤ ਇਸ ਸਮਾਗਮ ਵਿੱਚ ਸ਼ੁੱਕਰਵਾਰ ਦਾ ਦਿਨ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਤਵੰਤੇ ਸ਼ਾਮਲ ਹੋਏ। ਸਮਾਗਮ ਵਿੱਚ ਕਈ ਹੋਰ ਸਿੱਖ ਆਗੂਆਂ ਨੇ ਵੀ ਆ ਕੇ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ।