ਅਮਰੀਕੀ ਰਾਸ਼ਟਰਪਤੀ ਵੱਲੋਂ ਹੰਗਾਮੀ ਯੋਜਨਾ ਦਾ ਐਲਾਨ
ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋ ਬਾਈਡਨ ਨੇ ਕੈਂਨਟੱਕੀ ਵਾਸਤੇ ਹੰਗਾਮੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੰਘੀ ਹੰਗਾਮੀ ਮੈਨੇਜਮੈਂਟ ਏਜੰਸੀ ਨੂੰ ਤੂਫ਼ਾਨ ਪੀੜਤਾਂ ਦੀ ਮਦਦ ਕਰਨ ਲਈ ਕਿਹਾ ਹੈ। ਵਾਈਟ ਹਾਊਸ ਅਨੁਸਾਰ ਰਾਸ਼ਟਰਪਤੀ ਨੇ ਤੂਫ਼ਾਨ ਤੋਂ ਪ੍ਰਭਾਵਿਤ ਰਾਜਾਂ ਦੇ ਗਵਰਨਰਾਂ ਨਾਲ ਗੱਲ ਕੀਤੀ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ, ‘ਅਸੀਂ ਇੱਕਮੁੱਠ ਹੋ ਕੇ ਹਾਲਾਤ ਦਾ ਮੁਕਾਬਲਾ ਕਰਾਂਗੇ। ਸੰਘੀ ਸਰਕਾਰ ਪਿੱਛੇ ਨਹੀਂ ਹਟੇਗੀ। ਇਹ ਮੌਕਾ ਅਜਿਹਾ ਹੈ ਜਦੋਂ ਅਸੀਂ ਡੈਮੋਕਰੈਟਸ ਜਾਂ ਰਿਪਬਲਿਕਨ ਨਹੀਂ ਹਾਂ ਤੇ ਅਸੀਂ ਸਾਰੇ ਅਮਰੀਕੀ ਹਾਂ’।
ਅਮਰੀਕਾ ਦੇ ਕੈਂਨਟੱਕੀ, ਇਲੀਨੋਇਸ, ਟੈਨੇਸੀ ਤੇ ਅਰਕੰਸਾਸ ਰਾਜ ਵਿੱਚ ਆਏ ਜ਼ਬਰਦਸਤ ਤੂਫ਼ਾਨ ਵਿੱਚ ਫਸ ਕੇ ਅਨੇਕਾਂ ਲੋਕ ਮਾਰੇ ਗਏ ਹਨ ਤੇ ਭਾਰੀ ਤਬਾਹੀ ਹੋਈ ਹੈ। ਕੈਂਨਟੱਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਘੱਟੋ ਘੱਟ 84 ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਇਸ ਤੋਂ ਇਲਾਵਾ ਘਰਾਂ, ਸਨਅਤੀ ਇਮਾਰਤਾਂ ਤੇ ਨਰਸਿੰਗ ਹੋਮ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਸਭ ਕੁੱਝ ਤਬਾਹ: ਪੱਛਮੀ ਕੈਂਨਟੱਕੀ ਵਿੱਚ ਚਾਰੇ ਪਾਸੇ ਤਬਾਹੀ ਦਾ ਮੰਜਰ ਨਜ਼ਰ ਆ ਰਿਹਾ ਹੈ ਤੇ ਰਾਜ ਦੇ ਇਤਿਹਾਸ ਵਿੱਚ ਇਹ ਪਹਿਲਾ ਸਭ ਤੋਂ ਵਧ ਖ਼ਤਰਨਾਕ ਤੂਫ਼ਾਨ ਹੈ। ਹਵਾਵਾਂ 227 ਕਿੱਲੋਮੀਟਰ ਦੀ ਰਫ਼ਤਾਰ ਨਾਲ ਚੱਲੀਆਂ ਤੇ ਉਨ੍ਹਾਂ ਦੇ ਰਸਤੇ ਵਿੱਚ ਜੋ ਵੀ ਆਇਆ ਉਸ ਨੂੰ ਹੂੰਝ ਕੇ ਲੈ ਗਈਆਂ। ਕੈਂਨਟੱਕੀ ਤੋਂ ਇਲਾਵਾ ਅਰਕੰਸਾਸ ਵਿੱਚ ਇੱਕ 86 ਬਿਸਤਰਿਆਂ ਵਾਲਾ ਨਰਸਿੰਗ ਹੋਮ ਢਹਿ ਢੇਰੀ ਹੋ ਗਿਆ ਜਿਸ ਕਾਰਨ ਇਕ ਵਿਅਕਤੀ ਮਾਰਿਆ ਗਿਆ ਤੇ 5 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਲੀਨੋਇਸ ਵਿੱਚ ਐਡਵਰਡਸਵਿਲੇ ਵਿਖੇ ਸੇਂਟ ਲੋਇਸ ਦੇ ਪੂਰਬ ਵਿੱਚ ਐਮਾਜ਼ੋਨ ਦੀ ਇੱਕ ਇਮਾਰਤ ਦੀ ਛੱਤ ਉੱਡ ਗਈ। ਅੱਗ ਬੁਝਾਊ ਵਿਭਾਗ ਦੇ ਮੁੱਖੀ ਜੇਮਜ ਵਾਇਟਫੋਰਡ ਅਨੁਸਾਰ ਇੱਥੇ 6 ਲੋਕ ਮਾਰੇ ਗਏ ਹਨ। ਇਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਐਮਾਜ਼ੋਨ ਨੇ ਇਕ ਬਿਆਨ ਰਾਹੀਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਮੌਕੇ ਉੱਪਰ ਮਦਦ ਲਈ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ ਹੈ। ਟੈਨੇਸੀ ਦੇ ਉੱਤਰ ਪੱਛਮੀ ਹਿੱਸੇ ਵਿੱਚ 3 ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਹੈ।
Home Page ਅਮਰੀਕਾ ਦੇ ਕੈਂਨਟੱਕੀ ਸਮੇਤ 4 ਰਾਜਾਂ ਵਿੱਚ ਆਏ ਜ਼ਬਰਦਸਤ ਤੂਫ਼ਾਨ ਕਾਰਨ ਮਰਨ...