ਵਾਸ਼ਿੰਗਟਨ, 31 ਮਾਰਚ (ਹੁਸਨ ਲੜੋਆ ਬੰਗਾ) – ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋਣ ਕਾਰਨ ਅਮਰੀਕਾ ਦੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਪੈਦਾ ਹੋ ਗਈ ਹੈ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਾਖਲ ਕਰਨ ਲਈ ਜਗਾ ਦੀ ਘਾਟ ਹੋ ਗਈ ਹੈ।
30 ਮਾਰਚ ਦਿਨ ਸੋਮਵਾਰ ਦੀ ਸ਼ਾਮ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਗਿਣਤੀ 3170 ਹੋ ਗਈ ਜਦ ਕਿ 1,64,000 ਤੋਂ ਵਧ ਲੋਕ ਕੋਰੋਨਾ ਬਿਮਾਰੀ ਨਾਲ ਪੀੜਤ ਪਾਏ ਗਏ ਹਨ। ਨਿਊਯਾਰਕ, ਸ਼ਿਕਾਗੋ ਤੇ ਲਾਸ ਏਂਜਲਸ ਸ਼ਹਿਰਾਂ ਦੇ ਮੇਅਰਾਂ ਤੇ ਗਵਰਨਰਾਂ ਵੱਲੋਂ ਆਰਜੀ ਤੌਰ ‘ਤੇ ਹੋਰ ਥਾਵਾਂ ਉਪਰ ਹਸਪਤਾਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਲੀਨੋਇਸ ਵਿੱਚ ਇੱਕ ਕਨਵੈਨਸ਼ਨ ਸੈਂਟਰ ਨੂੰ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਤਰੀ ਅਮਰੀਕਾ ਵਿੱਚ ਇਹ ਸਭ ਤੋਂ ਵੱਡਾ ਕਨਵੈਨਸ਼ਨ ਸੈਂਟਰ ਹੈ ਜਿੱਥੇ 3000 ਤੱਕ ਕੋਰੋਨਾ ਮਰੀਜ਼ਾਂ ਨੂੰ ਰਖਿਆ ਜਾ ਸਕੇਗਾ। ਨਿਊਯਾਰਕ ਦੇ ਗਵਰਨਰ ਐਂਡਰੀਊ ਕੂਮੋ ਨੇ ਅਮਰੀਕਾ ਦੇ ਦੂਸਰੇ ਰਾਜਾਂ ਦੇ ਡਾਕਟਰਾਂ ਤੇ ਨਰਸਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਥੇ ਆ ਕੇ ਉਨਾਂ ਦੀ ਮੱਦਦ ਕਰਨ ਤਾਂ ਜੋ ਸਥਿੱਤੀ ਨੂੰ ਹੋਰ ਵਿਗੜਨ ਤੋਂ ਬਚਾਇਆ ਜਾ ਸਕੇ। ਉਨਾਂ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸਾਡੇ ਸੈਨਿਕ ਸਿਹਤ ਸੰਭਾਲ ਨਾਲ ਜੁੜੇ ਮਾਹਿਰ ਹਨ। ਸਾਡੀਆਂ ਨਰਸਾਂ ਜੋ 12 ਘੰਟੇ ਰੋਜਾਨਾ ਕੰਮ ਕਰ ਰਹੀਆਂ ਹਨ, ਉਨਾਂ ਨੂੰ ਰਾਹਤ ਦੇਣ ਦੀ ਲੋੜ ਹੈ। ਨਿਰੰਤਰ ਕੰਮ ਕਰ ਰਹੇ ਸਾਡੇ ਡਾਕਟਰਾਂ ਨੂੰ ਅਰਾਮ ਦੀ ਲੋੜ ਹੈ। ਨਿਊਯਾਰਕ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 67325 ਨੂੰ ਪਾਰ ਕਰ ਗਈ ਹੈ ਜਦ ਕਿ 1342 ਮੌਤਾਂ ਹੋ ਚੁੱਕੀਆਂ ਹਨ।
Home Page ਅਮਰੀਕਾ ਦੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਨੂੰ ਕੋਰੋਨਾ ਮਰੀਜ਼ਾਂ ਲਈ ਬੈੱਡਾਂ ਦੀ...