ਸੈਕਰਾਮੈਂਟੋ, 30 ਅਕਤੂਬਰ (ਹੁਸਨ ਲੜੋਆ ਬੰਗਾ) – ਸ਼ਿਕਾਗੋ (ਅਮਰੀਕਾ) ਦੇ ਓ ਹੇਅਰ ਕੌਮਾਂਤਰੀ ਹਵਾਈ ਅੱਡੇ ਉੱਪਰ 3 ਮਹੀਨੇ ਗ਼ੈਰ ਕਾਨੂੰਨੀ ਢੰਗ ਨਾਲ ਬਿਤਾਉਣ ਵਾਲੇ ਭਾਰਤੀ ਨਾਗਰਿਕ ਅਦਿਤਿਆ ਸਿੰਘ ਨੂੰ ਜੱਜ ਨੇ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ। ਅਦਿਤਿਆ ਸਿੰਘ ਵਿਰੁੱਧ ਦੋਸ਼ ਲਾਏ ਗਏ ਸਨ ਕਿ ਉਹ ਭਾਰਤ ਜਾਣ ਦੀ ਬਜਾਏ ਆਪਣੀ ਗਿਣੀ-ਮਿਥੀ ਯੋਜਨਾ ਅਨੁਸਾਰ 3 ਮਹੀਨੇ ਹਵਾਈ ਅੱਡੇ ਉੱਪਰ ਹੀ ਇਕ ਘੁਸਪੈਠੀਏ ਦੀ ਤਰਾਂ ਗ਼ੈਰ ਕਾਨੂੰਨੀ ਤੌਰ ‘ਤੇ ਟਿਕਿਆ ਰਿਹਾ। ਕੁੱਕ ਕਾਊਂਟੀ ਦੇ ਜੱਜ ਐਡਰੀਨ ਡੇਵਿਸ ਨੇ ਅਦਿਤਿਆ ਦੇ ਵਕੀਲ ਕੋਲ ਆਪਣੇ ਮੁਵੱਕਲ ਦੇ ਹੱਕ ਵਿੱਚ ਬਹੁਤ ਕੁੱਝ ਕਹਿਣ ਲਈ ਨਾ ਹੋਣ ਦੇ ਬਾਵਜੂਦ ਅਦਿਤਿਆ ਸਿੰਘ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। 37 ਸਾਲਾ ਅਦਿਤਿਆ ਸਿੰਘ ਇਸ ਹਫ਼ਤੇ ਮੁੜ ਅਦਾਲਤ ਵਿੱਚ ਪੇਸ਼ ਹੋਵੇਗਾ ਜਿੱਥੇ ਉਸ ਵਿਰੁੱਧ ਨਿੱਜੀ ਮੁਚੱਲਕੇ ਉੱਪਰ ਰਿਹਾਈ ਦੌਰਾਨ ਇਲੈੱਕਟ੍ਰਾਨਿਕ ਨਿਗਰਾਨੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਸੁਣਵਾਈ ਹੋਵੇਗੀ। ਅਦਿਤਿਆ ਸਿੰਘ ਤਕਰੀਬਨ 6 ਸਾਲ ਪਹਿਲਾਂ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਆਇਆ ਸੀ। ਉਹ ਓਰੇਂਜ, ਕੈਲੇਫੋਰਨੀਆ ਵਿੱਚ ਰਹਿੰਦਾ ਸੀ। ਪਿਛਲੇ ਸਾਲ ਅਕਤੂਬਰ ਵਿੱਚ ਉਹ ਭਾਰਤ ਜਾਣ ਲਈ ਲਾਸ ਏਂਜਲਸ ਤੋਂ ਸ਼ਿਕਾਗੋ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਇਆ ਸੀ। ਪਰੰਤੂ ਇਸ ਸਾਲ ਜਨਵਰੀ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਹਵਾਈ ਅੱਡੇ ਦੇ ਮੁਲਾਜ਼ਮਾਂ ਵਾਂਗ ਬੈਜ ਲਗਾ ਕੇ ਘੁੰਮਦਾ ਰਿਹਾ ਜਿਸ ਬੈਜ ਦੇ ਲਾਪਤਾ ਹੋਣ ਬਾਰੇ ਹਵਾਈ ਅੱਡੇ ਦੇ ਆਪ੍ਰੇਸ਼ਨ ਮੈਨੇਜਰ ਨੇ ਰਿਪੋਰਟ ਵੀ ਲਿਖਵਾਈ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਉਹ ਡਰ ਗਿਆ ਸੀ ਤੇ ਉਹ ਹਵਾਈ ਜਹਾਜ਼ ਵਿੱਚ ਸਫ਼ਰ ਨਹੀਂ ਕਰਨਾ ਚਾਹੁੰਦਾ ਸੀ। ਉਹ 3 ਮਹੀਨੇ ਅਜਨਬੀ ਲੋਕਾਂ ਕੋਲੋਂ ਖਾਣਾ ਲੈ ਕੇ ਖਾਂਦਾ ਰਿਹਾ। ਉਸ ਨੇ ਆਪਣੀ ਇਕ ਮਿੱਤਰ ਕੁੜੀ ਨੂੰ ਇਕ ਸੁਨੇਹੇ ਵਿੱਚ ਲਿਖਿਆ ਸੀ ਕਿ ”ਉਹ ਹਵਾਈ ਅੱਡੇ ਉੱਪਰ ਬੁੱਧ ਤੇ ਹਿੰਦੂ ਧਰਮ ਦੇ ਲੋਕਾਂ ਨਾਲ ਗੱਲਬਾਤ ਕਰਕੇ ਆਨੰਦ ਨਾਲ ਰਹਿ ਰਿਹਾ ਹੈ। ਮੈਂ ਇਸ ਤਜ਼ਰਬੇ ਨਾਲ ਅਧਿਆਤਮਿਕ ਤੌਰ ‘ਤੇ ਮਜ਼ਬੂਤ ਹੋਇਆ ਹਾਂ”।
Home Page ਅਮਰੀਕਾ ਦੇ ਹਵਾਈ ਅੱਡੇ ਉੱਪਰ 3 ਮਹੀਨੇ ਟਿਕੇ ਰਹੇ ਭਾਰਤੀ ਅਦਿਤਿਆ ਸਿੰਘ...