ਅਮਰੀਕਾ ਵਿਚ ਆਪਣੇ 6 ਸਾਲ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿਚ ਮਾਂ ਨੂੰ ਉਮਰ ਭਰ ਲਈ ਜੇਲ

ਅਦਾਲਤ ਵਿਚ ਸੁਣਵਾਈ ਦੌਰਾਨ ਨਜਰ ਆ ਰਹੀ ਐਲੀਜ਼ਾਬੈਥ ਆਰਕੀਬੇਕੁ

* ਛੋਟੇ ਜਿਹੇ ਕਮਰੇ ਵਿਚ ਬੰਦ ਰਖਣ ਤੇ ਖਾਣਾ ਨਾ ਦੇਣ ਕਾਰਨ ਹੋਈ ਸੀ ਮੌਤ
ਸੈਕਰਾਮੈਂਟੋ,ਕੈਲੀਫੋਰਨੀਆ, 29 ਜੁਲਾਈ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਐਰੀਜ਼ੋਨਾ ਰਾਜ ਦੀ ਇਕ 29 ਸਾਲਾ ਔਰਤ ਨੂੰ ਆਪਣੇ 6 ਸਾਲ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿਚ ਬਿਨਾਂ ਪੇਰੋਲ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਫਲੈਗਸਟਾਫ, ਐਰੀਜ਼ੋਨਾ ਵਾਸੀ ਐਲੀਜ਼ਾਬੈਥ ਆਰਕੀਬੇਕੁ ਨੂੰ ਉਸ ਦੇ ਪੁੱਤਰ ਡੇਸ਼ੌਨ ਮਾਰਟਿਨੇਜ਼ ਦੀ ਮਾਰਚ 2020 ਵਿਚ ਹੋਈ ਮੌਤ ਦੇ ਮਾਮਲੇ ਵਿਚ ਪਹਿਲਾ ਦਰਜਾ ਹੱਤਿਆ ਤੇ ਬੱਚੇ ਨਾਲ ਬੇਰਹਿਮੀ ਵਾਲਾ ਸਲੂਕ ਕਰਨ ਦੇ ਦੋਸ਼ਾਂ ਤਹਿਤ ਬੀਤੇ ਵੀਰਵਾਰ ਦੋਸ਼ੀ ਠਹਿਰਾਇਆ ਗਿਆ । ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਨੂੰ ਸੂਚਿਤ ਕਰਨ ‘ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਡੇਸ਼ੌਨ ਬੇਜਾਨ ਸੀ। ਉਹ ਕੋਈ ਹੁੰਗਾਰਾ ਨਹੀਂ ਸੀ ਭਰ ਰਿਹਾ। ਉਸ ਨੂੰ ਇਕ ਬਹੁਤ ਹੀ ਛੋਟੇ ਜਿਹੇ ਕਮਰੇ ਵਿਚ ਬੰਦ ਕੀਤਾ ਹੋਇਆ ਸੀ ਤੇ ਉਸ ਦਾ ਭਾਰ ਕੇਵਲ 18 ਪੌਂਡ ਸੀ ਜੋ ਇਕ 1 ਸਾਲ ਦੇ ਬੱਚੇ ਦਾ ਔਸਤ ਭਾਰ ਹੈ। ਉਸ ਦੇ 7 ਸਾਲ ਦੇ ਵੱਡੇ ਭਰਾ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਜਾਂਦਾ ਸੀ ਪਰੰਤੂ ਕਿਸਮਤ ਨਾਲ ਉਹ ਬਚ ਗਿਆ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਬੱਚਿਆਂ ਨੂੰ ਦਿਨ ਵਿਚ 16 ਘੰਟੇ ਬੰਦ ਰਖਿਆ ਜਾਂਦਾ ਸੀ ਤੇ ਜਿਸ ਦੌਰਾਨ ਉਨਾਂ ਨੂੰ ਖਾਣਾ ਨਹੀਂ ਸੀ ਦਿੱਤਾ ਜਾਂਦਾ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਸ਼ੁਰੂ ਵਿਚ ਬੱਚਿਆਂ ਨੂੰ ਫਰਿਜ਼ ਵਿਚੋਂ ਖਾਣ ਪੀਣ ਦੀਆਂ ਚੀਜ਼ਾਂ ਚੋਰੀ ਕਰਨ ਕਾਰਨ ਸਜ਼ਾ ਦੇ ਤੌਰ ‘ਤੇ ਛੋਟੇ ਕਮਰੇ ਵਿਚ ਬੰਦ ਕੀਤਾ ਜਾਂਦਾ ਸੀ। ਦੋਨੋ ਭਰਾ ਜਦੋਂ ਉਨਾਂ ਦੀ ਮਾਂ ਤੇ ਪਿਤਾ 27 ਸਾਲਾ ਐਂਥਨੀ ਜੋਸ ਆਰਕੀਬੇਕੂ ਮਾਰਟਿਨਜ ਸੌਂ ਜਾਂਦੇ ਸਨ, ਤਾਂ ਰਸੋਈ ਵਿਚ ਵੜ ਜਾਂਦੇ ਸਨ। ਬੱਚਿਆਂ ਦੀ ਦਾਦੀ ਐਨ ਮੈਰੀ ਮਾਰਟਿਨਜ ਵੀ ਜਦੋਂ ਬੱਚਿਆਂ ਨੂੰ ਫਰਿਜ਼ ਵਿਚੋਂ ਖਾਣ ਪੀਣ ਦੀਆਂ ਚੀਜ਼ਾਂ ਚੋਰੀ ਕਰਦਿਆਂ ਫੜ ਲੈਂਦੀ ਸੀ ਤਾਂ ਉਹ ਵੀ ਉਨਾਂ ਨੂੰ ਸਜ਼ਾ ਦਿੰਦੀ ਸੀ। ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਡੇਸ਼ੌਨ ਦੀ ਮੌਤ ਭੁੱਖਮਰੀ ਕਾਰਨ ਹੋਈ ਹੈ ਤੇ ਇਹ ਕੁੱਦਰਤੀ ਮੌਤ ਨਹੀਂ ਹੈ ਬਲਕਿ ਹੱਤਿਆ ਹੈ। ਜਦੋਂ ਪੁਲਿਸ ਨੇ ਉਸ ਨੂੰ ਕਮਰੇ ਵਿਚੋਂ ਕੱਢਿਆ ਸੀ ਤਾਂ ਉਹ ਪਿੰਜਰ ਹੀ ਨਜਰ ਆਉਂਦਾ ਸੀ। ਸੁਣਵਾਈ ਦੌਰਾਨ ਉਸ ਦੀ ਮਾਂ ਆਰਕੀਬੇਕੁੂ ਨੇ ਮੰਨਿਆ ਕਿ ਆਪਣੇ ਪੁੱਤਰ ਦੀ ਮੌਤ ਲਈ ਉਹ ਖੁਦ ਹੀ ਜਿੰਮੇਵਾਰ ਹੈ।