ਅਮਰੀਕਾ ਵਿਚ ਨਸਲੀ ਨਫਰਤ ਲਈ ਕੋਈ ਥਾਂ ਨਹੀਂ- ਜੋ ਬਾਈਡਨ * ਨਫਰਤੀ ਹਿੰਸਾ ਬਾਰੇ ਚੁੱਪ ਅਪਰਾਧ ਵਿਚ ਸ਼ਾਮਿਲ ਹੋਣ ਵਾਂਗ-ਰਾਸ਼ਟਰਪਤੀ

ਸੈਕਰਾਮੈਂਟੋ,ਕੈਲੀਫੋਰਨੀਆ, 29 ਅਗਸਤ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜੈਕਸਨਵਿਲੇ, ਫਲੋਰਿਡਾ ਵਿਚ 3 ਕਾਲੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਵਾਪਰੀ ਘਟਨਾ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਮਰੀਕਾ ਵਿਚ ਘ੍ਰਿਣਾ ਲਈ ਕੋਈ ਥਾਂ ਨਹੀਂ ਹੈ। ਜੈਕਸਨਵਿਲੇ ਵਿਚ ਡਾਲਰ ਜਨਰਲ ਸਟੋਰ ਵਿਚ ਬੀਤੇ ਦਿਨ ਇਕ ਔਰਤ ਸਮੇਤ 3 ਕਾਲੇ ਵਿਅਕਤੀ ਮਾਰੇ ਗਏ ਸਨ। ਪੁਲਿਸ ਅਫਸਰਾਂ ਅਨੁਸਾਰ ਇਸ ਘਟਨਾ ਨੂੰ ਇਕ 20 ਸਾਲ ਦੇ ਗੋਰੇ ਵਿਅਕਤੀ ਨੇ ਅੰਜਾਮ ਦਿੱਤਾ ਹੈ ਜਿਸ ਨੇ ਸਟੋਰ ਵਿਚ ਮੌਜੂਦ ਕੇਵਲ ਕਾਲੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ। ਬਾਈਡਨ ਨੇ ਕਿਹਾ ਕਿ ‘ਅਸੀਂ ਸਵਾਲਾਂ ਦੇ ਹੱਲ ਲੱਭਣ ਦਾ ਯਤਨ ਜਾਰੀ ਰਖਾਂਗੇ ਪਰੰਤੂ ਸਾਨੂੰ ਇਕ ਗੱਲ ਸਾਫ ਤੇ ਜੋਰਦਾਰ ਢੰਗ ਨਾਲ ਸਪੱਸ਼ਟ ਕਰਨੀ ਪਵੇਗੀ ਕਿ ਗੋਰੀ ਸੁਪਰਮੇਸੀ ਨੂੰ ਅਮਰੀਕਾ ਵਿਚ ਕੋਈ ਜਗਾ ਨਹੀਂ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਵਾਸ਼ਿੰਗਟਨ ਵਿਚ ਰੈਲੀ ਦੀ 60 ਵੀਂ ਵਰੇ ਗੰਢ ਮਨਾਈ ਜਾ ਰਹੀ ਹੈ ਜੋ ਕਿ 20 ਵੀਂ ਸਦੀ ਦਾ ਮਨੁੱਖੀ ਹੱਕਾਂ ਬਾਰੇ ਇਕ ਵਿਸ਼ੇਸ਼ ਮਹੱਤਵ ਵਾਲਾ ਅਹਿਮ ਪ੍ਰਦਰਸ਼ਨ ਹੈ। ਰਾਸ਼ਟਰਪਤੀ ਨੇ ਕਿਹਾ ”ਸਾਨੂੰ ਇਕ ਅਜਿਹੇ ਦੇਸ਼ ਵਿਚ ਰਹਿਣ ਤੋਂ ਇਨਕਾਰ ਕਰਨਾ ਪਵੇਗਾ ਜਿਥੇ ਕਾਲੇ ਭਾਈਚਾਰੇ ਨਾਲ ਸਬੰਧਤ ਪਰਿਵਾਰ ਡਰ ਦੇ ਸਾਏ ਹੇਠ ਜੀਵਨ ਬਿਤਾਉਣ। ਚਮੜੀ ਦੇ ਰੰਗ ਕਾਰਨ ਗੋਲੀ ਮਾਰ ਦੇਣ ਦੇ ਡਰੋਂ ਕਾਲੇ ਲੋਕ ਸਟੋਰਾਂ ਵਿਚ ਜਾਣ ਤੇ ਕਾਲੇ ਵਿਦਿਆਰਥੀ ਸਕੂਲਾਂ ਵਿਚ ਜਾਣ ਸਮੇ ਘਬਰਾਉਣ।” ਰਾਸ਼ਟਰਪਤੀ ਨੇ ਹੋਰ ਕਿਹਾ ” ਨਫਰਤੀ ਹਿੰਸਾ ਬਾਰੇ ਚੁੱਪ ਅਪਰਾਧ ਵਿਚ ਸ਼ਾਮਿਲ ਹੋਣ ਵਾਂਗ ਹੈ, ਅਸੀਂ ਕਿਸੇ ਵੀ ਹਾਲਤ ਵਿਚ ਚੁੱਪ ਨਹੀਂ ਰਹਿ ਸਕਦੇ।’ ਇਸੇ ਦੌਰਾਨ ਅਟਰਾਨੀ ਜਨਰਲ ਮੈਰਿਕ ਗਾਰਲੈਂਡ ਨੇ ਇਕ ਵੱਖਰੇ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਨਿਆਂ ਵਿਭਾਗ ਜੈਕਸਨਵਿਲੇ ਘਟਨਾ ਦੀ ਨਫਰਤੀ ਅਪਰਾਧ ਤੇ ਨਸਲੀ ਹਿੰਸਕ ਅੱਤਵਾਦ ਦੇ ਨਜ਼ਰੀਏ ਤੋਂ ਜਾਂਚ ਕਰ ਰਿਹਾ ਹੈ। ਉਨਾਂ ਕਿਹਾ ” ਇਸ ਦੇਸ਼ ਵਿਚ ਕੋਈ ਵੀ ਵਿਅਕਤੀ ਨਫਰਤੀ ਹਿੰਸਾ ਦੇ ਡਰ ਦੇ ਸਾਏ ਹੇਠ ਨਹੀਂ ਰਹੇਗਾ ਤੇ ਕਿਸੇ ਪਰਿਵਾਰ ਨੂੰ ਵੀ ਕਿਸੇ ਦੇ ਕੱਟੜਪੁਣੇ ਤੇ ਘ੍ਰਿਣਾ ਕਾਰਨ ਆਪਣੇ ਕਿਸੇ ਸਕੇ – ਸਬੰਧੀ ਦੀ ਮੌਤ ਉਪਰ ਰੋਣਾ ਨਹੀਂ ਪਵੇਗਾ।”