ਅਮਰੀਕਾ ਵਿਚ ਮੱਧਕਾਲੀ ਚੋਣਾਂ ਵਿੱਚ ਸ਼ੁਰੂਆਤ ਵਿਚ ਮਿਸਾਲੀ ਵੋਟਿੰਗ, 4 ਕਰੋੜ ਤੋਂ ਵਧ ਮੱਤਦਾਤਾਵਾਂ ਨੇ ਪਾਈਆਂ ਵੋਟਾਂ

ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ) – ਅਮਰੀਕਾ ਵਿਚ ਹੋ ਰਹੀਆਂ ਮੱਧਕਾਲੀ ਚੋਣਾਂ ਵਿਚ ਸ਼ੁਰੂਆਤ ਵਿਚ ਰਿਕਾਰਡ ਵੋਟਾਂ ਪਈਆਂ ਹਨ। 8 ਨਵੰਬਰ ਨੂੰ ਸ਼ੁਰੂਆਤੀ ਵੋਟਿੰਗ ਦੌਰਾਨ 4.10 ਕਰੋੜ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। 2018 ਦੀਆਂ ਮੱਧਕਾਲੀ ਚੋਣਾਂ ਦੀ ਤੁਲਨਾ ਵਿਚ 10 ਲੱਖ ਵਧ ਮੱਤਦਾਤਾਵਾਂ ਨੇ ਵੋਟਾਂ ਪਾਈਆਂ ਹਨ। ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੱਤਦਾਤਾਵਾਂ ਨੂੰ ਵਧ ਚੜਕੇ ਵੋਟਾਂ ਪਾਉਣ ਦੀਆਂ ਵਾਰ ਵਾਰ ਕੀਤੀਆਂ ਗਈਆਂ ਅਪੀਲਾਂ ਸਦਕਾ ਮੱਤਦਾਤਾ ਵੋਟਾਂ ਪਾਉਣ ਵਿਚ ਭਾਰੀ ਦਿਲਚਸਪੀ ਲੈ ਰਹੇ ਹਨ। ਇਸ ਵਾਰ ਦੀਆਂ ਮੱਧਕਾਲੀ ਚੋਣਾਂ ਅਹਿਮ ਸਮਝੀਆਂ ਜਾ ਰਹੀਆਂ ਹਨ ਜੋ ਗੰਨ ਨਿਯੰਤਰਣ, ਅਪਰਾਧ,ਹਿੰਸਾ, ਗਰਭਪਾਤ ਅਧਿਕਾਰ, ਮੁਦਰਾ ਪਸਾਰ , ਮਹਿੰਗਾਈ ਅਤੇ ਲੋਕਤੰਤਰ ਨੂੰ ਖਤਰੇ ਵਰਗੇ ਅਹਿਮ ਮੁੱਦਿਆਂ ਉਪਰ ਲੜੀਆਂ ਜਾ ਰਹੀਆਂ ਹਨ। ਅਮਰੀਕਾ ਦੇ ਚੋਣ ਪ੍ਰਾਜੈਕਟ ਅਨੁਸਾਰ ਦੇਸ਼ ਭਰ ਵਿਚ ਸ਼ੁਰੂਆਤੀ ਵੋਟਿੰਗ ਦੌਰਾਨ ਬਾਅਦ ਦੁਪਹਿਰ ਤੱਕ 40,114,753 ਮੱਤਦਾਤਾਵਾਂ ਵੱਲੋਂ ਵੋਟਾਂ ਪਾਈਆਂ ਗਈਆਂ ਹਨ। ਇਨਾਂ ਵਿਚੋਂ 18,325,512 ਮੱਤਦਾਤਾਵਾਂ ਨੇ ਨਿੱਜੀ ਤੌਰ ‘ਤੇ ਵੋਟਾਂ ਪਾਈਆਂ ਹਨ ਜਦ ਕਿ 21,789,241 ਮੱਤਦਾਤਾਵਾਂ ਨੇ ਹੋਰ ਸਾਧਨਾਂ ਰਾਹੀਂ ਆਪਣੀ ਵੋਟ ਦੀ ਵਰਤੋਂ ਕੀਤੀ ਹੈ।