ਸੈਕਰਾਮੈਂਟੋ, 21 ਦਸੰਬਰ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਕੋਈ ਖੁੱਲ੍ਹਾ ਸਮਾਜਕ ਜੀਵਨ ਜੀਵੇਗਾ ਉਸ ਦਾ ਸਾਹਮਣਾ ਓਮੀਕਰੋਨ ਨਾਲ ਹੋਣਾ ਲਾਜ਼ਮੀ ਹੈ। ਸੰਘੀ ਸਿਹਤ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਅਮਰੀਕਾ ਵਿੱਚ ਪਿਛਲੇ ਹਫ਼ਤੇ ਕੋਰੋਨਾ ਦੇ ਆਏ ਨਵੇਂ ਮਾਮਲਿਆਂ ਵਿੱਚੋਂ 73% ਮਾਮਲੇ ਓਮੀਕਰੋਨ ਵਾਇਰਸ ਦੇ ਹਨ। ਸੈਂਟਰਜ ਫ਼ਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ ਡੀ ਸੀ) ਅਨੁਸਾਰ ਕੇਵਲ ਇੱਕ ਹਫ਼ਤੇ ਵਿੱਚ ਓਮੀਕਰੋਨ ਦੇ ਫੈਲਣ ਦੀ ਰਫ਼ਤਾਰ ਵਿੱਚ 6 ਗੁਣਾ ਵਾਧਾ ਹੋਇਆ ਹੈ। ਅਮਰੀਕਾ ਦੇ ਕਈ ਖੇਤਰਾਂ ਵਿੱਚ 90% ਤੱਕ ਓਮੀਕਰੋਨ ਦੇ ਮਾਮਲੇ ਆ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚ ਨਿਊਯਾਰਕ, ਦੱਖਣ ਪੱਛਮੀ ਖੇਤਰ, ਸਨਅਤੀ ਮਿਡਵੈਸਟ ਤੇ ਪੈਸੀਫਿਕ ਉੱਤਰ-ਪੱਛਮੀ ਖੇਤਰ ਸ਼ਾਮਿਲ ਹਨ। ਸੀਡੀਸੀ ਦੇ ਅੰਕੜਿਆਂ ਅਨੁਸਾਰ ਨਵੰਬਰ ਦੇ ਅੰਤ ਤੱਕ 99.5% ਤੋਂ ਵਧ ਮਾਮਲੇ ਡੈਲਟਾ ਵਾਇਰਸ ਦੇ ਸਨ। ਅਫ਼ਰੀਕੀ ਵਿਗਿਆਨੀਆਂ ਨੇ ਇਕ ਮਹੀਨੇ ਦੇ ਵੀ ਘੱਟ ਸਮੇਂ ਤੋਂ ਪਹਿਲਾਂ ਓਮੀਕਰੋਨ ਬਾਰੇ ਚਿਤਾਵਨੀ ਜਾਰੀ ਕੀਤੀ ਸੀ ਜਿਸ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ ਨੇ 26 ਨਵੰਬਰ ਨੂੰ ਕੀਤੀ ਸੀ। ਇਕ ਮਹੀਨੇ ਦੇ ਵੀ ਘੱਟ ਸਮੇਂ ਵਿੱਚ ਓਮੀਕਰੋਨ 90 ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ। ਜੌਹਨਜ ਹੋਪਕਿਨਜ ਯੂਨੀਵਰਸਿਟੀ ਦੇ ਸਿਹਤ ਸੁਰੱਖਿਆ ਬਾਰੇ ਸੈਂਟਰ ਵਿਖੇ ਤਾਇਨਾਤ ਸੀਨੀਅਰ ਵਿਦਵਾਨ ਡਾ. ਅਮੇਸ਼ ਅਡਾਲਜਾ ਨੇ ਕਿਹਾ ਹੈ ਕਿ ਜੇਕਰ ਤੁਸੀਂ ਸਮਾਜ ਵਿੱਚ ਵਿਚਰਨਾ ਹੈ ਤਾਂ ਤੁਸੀਂ ਓਮੀਕਰੋਨ ਤੋਂ ਨਹੀਂ ਬਚ ਸਕਦੇ ਤੇ ਇਸ ਤੋਂ ਬਚਣ ਲਈ ਮੁਕੰਮਲ ਟੀਕਾਕਰਣ ਹੀ ਇੱਕੋ ਇੱਕ ਉਪਾਅ ਹੈ। ਤਾਜ਼ਾ ਅਧਿਐਨ ਵਿੱਚ ਓਮੀਕਰੋਨ ਤੋਂ ਬਚਾਅ ਲਈ ਬੂਸਟਰ ਖ਼ੁਰਾਕ ਦੀ ਲੋੜ ਉੱਪਰ ਜ਼ੋਰ ਦਿੱਤਾ ਗਿਆ ਹੈ।
Home Page ਅਮਰੀਕਾ ਵਿੱਚ ਓਮੀਕਰੋਨ ਨੇ ਫੜੀ ਰਫ਼ਤਾਰ, ਪਿਛਲੇ ਹਫ਼ਤੇ 73% ਮਾਮਲੇ ਓਮੀਕਰੋਨ ਦੇ...