ਵਾਸ਼ਿੰਗਟਨ 22 ਮਈ (ਹੁਸਨ ਲੜੋਆ ਬੰਗਾ) – ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,00,000 ਹੋ ਜਾਣ ਦੇ ਦਰਮਿਆਨ ਮ੍ਰਿਤਕਾਂ ਦੀ ਯਾਦ ਵਿੱਚ ਰਾਸ਼ਟਰਪਤੀ ਟਰੰਪ ਨੇ ਸੰਘੀ ਇਮਾਰਤਾਂ ‘ਤੇ ਅਮਰੀਕੀ ਝੰਡੇ ਨੀਵੇਂ ਕਰਨ ਦਾ ਆਦੇਸ਼ ਦਿੱਤਾ ਹੈ। ਰਵਾਇਤੀ ਤੌਰ ‘ਤੇ ਅਮਰੀਕੀ ਝੰਡੇ ਫ਼ੌਜ ਦੇ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਨੀਵੇਂ ਕੀਤੇ ਜਾਂਦੇ ਹਨ ਤੇ ਸਰਕਾਰੀ ਇਮਾਰਤਾਂ ‘ਤੇ ਅੱਧ ਝੁਕੇ ਝੰਡੇ ਲਹਿਰਾਏ ਜਾਂਦੇ ਹਨ। ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਮੈਂ ਅਗਲੇ ਤਿੰਨ ਦਿਨਾਂ ਦੌਰਾਨ ਸੰਘੀ ਇਮਾਰਤਾਂ ਅਤੇ ਕੌਮੀ ਯਾਦਗਾਰਾਂ ਉੱਪਰ ਅਮਰੀਕੀ ਝੰਡੇ ਝੁਕਾ ਰਿਹਾ ਹਾਂ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਹੈ ਕਿ ਜੇਕਰ ਕੋਰੋਨਾਵਾਇਰਸ ਦਾ ਦੂਸਰੀ ਵਾਰ ਹਮਲਾ ਹੁੰਦਾ ਹੈ ਤਾਂ ਵੀ ਉਹ ਅਮਰੀਕਾ ਨੂੰ ਬੰਦ ਨਹੀਂ ਕਰਨਗੇ।
ਮੌਤਾਂ ਇਕ ਲੱਖ ਤੋਂ ਪਾਰ – ਰਾਸ਼ਟਰਪਤੀ ਟਰੰਪ ਕੋਰੋਨਾਵਾਇਰਸ ਨਾਲ 1 ਲੱਖ ਲੋਕਾਂ ਦੇ ਮਾਰੇ ਜਾਣ ਨੂੰ ਪ੍ਰਵਾਨ ਕਰ ਚੁੱਕੇ ਹਨ ਪਰ ਰਿਪੋਰਟਾਂ ਵਿੱਚ ਮੌਤਾਂ ਦੀ ਗਿਣਤੀ 96,354 ਦੱਸੀ ਗਈ ਹੈ। ਕੋਰੋਨਾਵਾਇਰਸ ਨਾਲ ਪੀੜਤ ਅਮਰੀਕੀਆਂ ਦੀ ਗਿਣਤੀ ਵੱਧ ਕੇ 16,20,902 ਹੋ ਗਈ ਹੈ ਜਿਨ੍ਹਾਂ ਵਿੱਚ ਸਰਗਰਮ ਮਾਮਲੇ 11,42,379 ਹਨ। ਮੌਤਾਂ ਦੇ ਮਾਮਲੇ ਵਿੱਚ ਨਿਊਯਾਰਕ ਰਾਜ ਪਹਿਲੇ ਸਥਾਨ ‘ਤੇ ਹੈ ਜਿੱਥੇ 28,885 ਮੌਤਾਂ ਹੋ ਚੁੱਕੀਆਂ ਹਨ ਤੇ 3,66,357 ਕੋਰੋਨਾ ਪੀੜਤ ਮਰੀਜ਼ ਹਨ ਜਿਨ੍ਹਾਂ ਵਿੱਚ 2,74,341 ਸਰਗਰਮ ਮਾਮਲੇ ਹਨ। ਦੂਸਰੇ ਸਥਾਨ ‘ਤੇ ਨਿਊਜਰਸੀ ਹੈ ਜਿੱਥੇ 10,852 ਅਮਰੀਕੀ ਦਮ ਤੋੜ ਚੁੱਕੇ ਹਨ ਤੇ 1,53,441 ਲੋਕ ਕੋਰੋਨਾਵਾਇਰਸ ਤੋਂ ਪੀੜਤ ਹਨ।
ਟਰੰਪ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ – ਫੋਰਡ ਫ਼ੈਕਟਰੀ ਦੇ ਦੌਰੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਸਕ ਪਾਉਣ ਵਾਸਤੇ ਪ੍ਰੇਰਿਤ ਕੀਤਾ ਗਿਆ ਪਰੰਤੂ ਰਾਸ਼ਟਰਪਤੀ ਨੇ ਕਿਹਾ ਕਿ ਉਹ ਫ਼ੋਟੋਗਰਾਫ਼ਰਾਂ ਦੇ ਨੇੜੇ ਮਾਸਕ ਪਾ ਕੇ ਉਨ੍ਹਾਂ ਨੂੰ ਖ਼ੁਸ਼ ਹੋਣ ਦਾ ਮੌਕਾ ਨਹੀਂ ਦੇਣਗੇ। ਦੌਰੇ ‘ਤੇ ਨਾਲ ਗਏ ਰਿਪੋਰਟਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਕੋਲ ਗੂੜ੍ਹੇ ਨੀਲੇ ਰੰਗ ਦਾ ਮਾਸਕ ਸੀ ਪਰ ਉਨ੍ਹਾਂ ਨੇ ਪਾਇਆ ਨਹੀਂ ਜਦ ਕਿ ਫੋਰਡ ਦੇ ਅਧਿਕਾਰੀਆਂ ਨੇ ਮਾਸਕ ਪਾਏ ਹੋਏ ਸਨ।
ਹਵਾਈ ਅੱਡਿਆਂ ‘ਤੇ ਸਕਰੀਨਿੰਗ ਸਹੂਲਤ ਦੀ ਘਾਟ – ਦੇਸ਼ ਦੇ ਹਵਾਈ ਅੱਡਿਆਂ ‘ਤੇ ਕੋਰੋਨਾਵਾਇਰਸ ਸਕਰੀਨਿੰਗ ਦੀ ਘਾਟ ਬਾਰੇ ਪੈਦਾ ਹੋਈ ਫ਼ਿਕਰਮੰਦੀ ਦੇ ਦਰਮਿਆਨ ਵਾਈਟ ਹਾਊਸ ਨੇ ਕਿਹਾ ਹੈ ਕਿ ਹਵਾਈ ਅੱਡਿਆਂ ਉੱਪਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਬੀਬੀ ਕੇਲੀਘ ਮੈਕਈਨੈਨੀ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਇਸ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਿਹਾ ਹੈ। ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੈੱਸ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟੀ.ਐਸ.ਏ ਤੇ ਏਅਰਲਾਈਨਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਟੀ.ਐਸ.ਏ ਮੁਲਾਜ਼ਮ ਤੇ ਜਹਾਜ਼ਾਂ ਵਿੱਚ ਸਫ਼ਰ ਕਰਨ ਵਾਲੇ ਲੋਕ ਸੁਰੱਖਿਅਤ ਰਹਿਣ।
Home Page ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1 ਲੱਖ ਹੋਈ, ਮ੍ਰਿਤਕਾਂ ਦੀ...