ਕੈਲੀਫੋਰਨੀਆ, 14 ਅਪ੍ਰੈਲ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਜੌਹਨਜ਼ ਹੋਪਕਿਨਜ਼ ਯੂਨੀਵਰਸਿਟੀ ਅਨੁਸਾਰ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ 22,115 ਤੋਂ ਵਧ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਹਨ ਤੇ ਇਸ ਬਿਮਾਰੀ ਨਾਲ ਪੀੜਤਾਂ ਦੀ ਗਿਣਤੀ 5,,60,433 ਹੋ ਗਈ ਹੈ। ਯੂਨੀਵਰਸਿਟੀ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 1,14,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 18 ਲੱਖ ਲੋਕ ਕੋਰੋਨਾਵਾਇਰਸ ਨਾਲ ਪੀੜਤ ਹਨ ਹਾਲਾਂਕਿ 4,21,000 ਲੋਕ ਠੀਕ ਵੀ ਹੋਏ ਹਨ। ਅਮਰੀਕਾ ਵਿੱਚ ਹੋਰ ਕਾਰੋਬਾਰਾਂ ਦੇ ਨਾਲ -ਨਾਲ ਮੀਟ ਸਨਅਤ ਉੱਪਰ ਵੀ ਬਹੁਤ ਬੁਰਾ ਅਸਰ ਪਿਆ ਹੈ। ਮੁਲਾਜ਼ਮਾਂ ਦੇ ਬਿਮਾਰ ਪੈ ਜਾਣ ਕਾਰਨ ਇਹ ਇਕਾਈਆਂ ਵੀ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਰਾਸ਼ਟਰਪਤੀ ਟਰੰਪ ਦੇ ਦੋਸਤ ਦੀ ਮੌਤ – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਅਮੀਰ ਦੋਸਤ ਸਟੇਨਲੀ ਚੇਰਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਚੇਰਾ ਦੇ ਨਜ਼ਦੀਕੀ ਸੂਤਰਾਂ ਨੇ ਉਸ ਦੀ ਮੌਤ ਕੋਵਿਡ-19 ਨਾਲ ਹੋਣ ਦੀ ਪੁਸ਼ਟੀ ਕੀਤੀ ਹੈ। ਉਸ ਨੂੰ 24 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਨਿਊਯਾਰਕ ਰਾਜ ਦਾ ਪ੍ਰਸਿੱਧ ਰੀਅਲ ਇਸਟੇਟ ਕਾਰੋਬਾਰੀ ਸੀ ਤੇ ਰਿਪਬਲਿਕਨਾਂ ਨੂੰ ਦਿੱਲ ਖੋਲ ਕੇ ਦਾਨ ਦਿੰਦਾ ਸੀ। 2016 ਤੋਂ 2019 ਤੱਕ ਉਸ ਨੇ ਟਰੰਪ ਨੂੰ 4,02,800 ਡਾਲਰ ਦਾਨ ਵਜੋਂ ਦਿੱਤੇ। ਉਸ ਨੇ ਟਰੰਪ ਦੀ ਜਿੱਤ ਲਈ ਡਟ ਕੇ ਕੰਮ ਕੀਤਾ। 2019 ਵਿੱਚ ਗਰੈਂਡ ਰੈਪਿਡਸ ਮਿਸ਼ੀਗਨ ਵਿੱਚ ਹੋਈ ਇੱਕ ਰੈਲੀ ਦੌਰਾਨ ਟਰੰਪ ਨੇ ਚੇਰਾ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਭਵਨ ਨਿਰਮਾਤਾ ਤੇ ਰੀਅਲ ਇਸਟੇਟ ਕਾਰੋਬਾਰੀ ਕਰਾਰ ਦਿੱਤਾ ਸੀ।
ਮੀਟ ਸਨਅਤ ਖ਼ਤਰੇ ਵਿੱਚ – ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਦੀਆਂ ਮੀਟ ਇਕਾਈਆਂ ਬੰਦ ਹੋ ਰਹੀਆਂ ਹਨ ਜਿਸ ਕਾਰਨ ਮੀਟ ਸਨਅਤ ਖ਼ਤਰੇ ਵਿੱਚ ਪੈ ਗਈ ਹੈ ਅਮਰੀਕਾ ਦੀ ਸਭ ਤੋਂ ਵੱਡੀ ਮੀਟ ਇਕਾਈ ਸਮਿਥਫੀਲਡ ਅਗਲੇ ਨੋਟਿਸ ਤੱਕ ਬੰਦ ਕਰ ਦਿੱਤੀ ਗਈ ਹੈ। ਸਮਿਥਫੀਲਡ ਦੇ ਸੀ ਓ ਨੇ ਕਿਹਾ ਹੈ ਕਿ ਇਸ ਇਕਾਈ ਦੇ ਬੰਦ ਹੋਣ ਨਾਲ ਦੇਸ਼ ਵਿੱਚ ਮੀਟ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਮੀਟ ਪ੍ਰਾਸੈੱਸਰ ਮੁਖੀ ਕੀਨਥ ਸੁਲੀਵਾਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੰਦ ਹੋ ਰਹੀਆਂ ਮੀਟ ਇਕਾਈਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਜੇਕਰ ਇਹ ਇਕਾਈਆਂ ਛੇਤੀ ਦੁਬਾਰਾ ਨਹੀਂ ਚਲਦੀਆਂ ਤਾਂ ਗ੍ਰੋਸਰੀ ਸਟੋਰਾਂ ਵਿੱਚ ਮੀਟ ਦਾ ਸਟਾਕ ਬਣਾਈ ਰੱਖਣਾ ਅਸੰਭਵ ਹੋ ਜਾਵੇਗਾ। ਸਿਓਕਸ ਫਾਲਜ਼ (ਦੱਖਣੀ ਡਕੋਤਾ) ਵਿੱਚ ਸਥਿਤੀ ਸਮਿਥਫੀਲਡ ਦੇਸ਼ ਦੇ ਕੁਲ ਮੀਟ ਉਤਪਾਦਨ ਦਾ ਤਕਰੀਬਨ 5% ਪੈਦਾ ਕਰਦੀ ਹੈ ਤੇ ਇਸ ਵਿੱਚ 3,700 ਮੁਲਾਜ਼ਮ ਕੰਮ ਕਰਦੇ ਹਨ। ਇਕਾਈ ਦੇ 240 ਮੁਲਾਜ਼ਮ ਬਿਮਾਰ ਹਨ ਜਿਸ ਕਾਰਨ ਮੇਅਰ ਨੇ ਘੱਟੋ ਘਟ 2 ਹਫ਼ਤੇ ਲਈ ਇਕਾਈ ਬੰਦ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਲੋਵਾ ਤੇ ਪੈਨਸਿਲਵੇਨੀਆ ਵਿੱਚ ਵੀ ਮੁਲਾਜ਼ਮ ਬਿਮਾਰ ਹੋਣ ਕਾਰਨ ਮੀਟ ਇਕਾਈਆਂ ਬੰਦ ਕਰ ਦਿੱਤੀਆਂ ਗਈਆਂ ਹਨ।
Home Page ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 22,115 ਤੋਂ ਟੱਪੀ