ਵਾਸ਼ਿੰਗਟਨ, 20 ਜੂਨ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਅਧਿਕਾਰੀ ਗ਼ੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਦੇਸ਼ੀਆਂ ਨੂੰ ਅਮਰੀਕਾ ਵਿਚੋਂ ਕੱਢਣ ਦਾ ਕੰਮ ਅਗਲੇ ਹਫ਼ਤੇ ਸ਼ੁਰੂ ਕਰ ਦੇਣਗੇ। ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ (ਆਈਸੀਈ) ਲੱਖਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ, ਜਿਨ੍ਹਾਂ ਨੇ ਇੱਥੇ ਆਉਣ ਲਈ ਗ਼ਲਤ ਰਸਤਾ ਚੁਣਿਆ ਹੈ, ਨੂੰ ਦੇਸ਼ ਵਿਚੋਂ ਕੱਢਣ ਦੀ ਪ੍ਰਕ੍ਰਿਆ ਅਗਲੇ ਹਫ਼ਤੇ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਆਈਸੀਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਵਿਦੇਸ਼ੀ ਜਿੰਨੀ ਤੇਜ਼ੀ ਨਾਲ ਇੱਥੇ ਆਏ ਸਨ, ਉਨ੍ਹਾਂ ਨੂੰ ਓਨੀ ਤੇਜ਼ੀ ਨਾਲ ਵਾਪਿਸ ਭੇਜ ਦਿੱਤਾ ਜਾਵੇਗਾ। ਇਕ ਅੰਦਾਜ਼ੇ ਅਨੁਸਾਰ ਅਮਰੀਕਾ ਵਿੱਚ 1 ਕਰੋੜ 20 ਲੱਖ ਗ਼ੈਰ ਕਾਨੂੰਨੀ ਪ੍ਰਵਾਸੀ ਹਨ। ਇਹ ਮੁੱਖ ਤੌਰ ‘ਤੇ ਮੈਕਸੀਕੋ ਤੇ ਸੈਂਟਰਲ ਅਮਰੀਕੀ ਦੇਸ਼ਾਂ ਵਿਚੋਂ ਆਏ ਹਨ। ਇੱਥੇ ਵਰਣਨਯੋਗ ਹੈ ਕਿ ਇਸ ਮਹੀਨੇ ਹੋਏ ਇਕ ਸਮਝੌਤੇ ਤਹਿਤ ਮੈਕਸੀਕੋ ਉਨ੍ਹਾਂ ਸੈਂਟਰਲ ਅਮਰੀਕਨ ਪ੍ਰਵਾਸੀਆਂ ਨੂੰ ਵਾਪਿਸ ਲੈਣ ਲਈ ਸਹਿਮਤ ਹੋ ਗਿਆ ਸੀ ਜੋ ਅਮਰੀਕੀ ਸ਼ਰਨ ਦੀ ਉਡੀਕ ਵਿੱਚ ਹਨ। ਇਸ ਸਮਝੌਤੇ ਤਹਿਤ ਸੈਂਟਰਲ ਅਮਰੀਕਨ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਮੈਕਸੀਕੋ ਸਰਹੱਦ ਉੱਪਰ ਨੈਸ਼ਨਲ ਗਾਰਡ ਤਾਇਨਾਤ ਕਰੇਗਾ। ਮੈਕਸੀਕੋ ਨੇ ਇਹ ਸਮਝੌਤਾ ਡੋਨਲਡ ਟਰੰਪ ਦੀ ਉਸ ਚਿਤਾਵਨੀ ਤੋਂ ਬਾਅਦ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਮੈਕਸੀਕੋ ਤੋਂ ਹੁੰਦੀ ਦਰਾਮਦ ਉੱਪਰ ਭਾਰੀ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਸੀ।
Home Page ਅਮਰੀਕਾ ਵਿੱਚ ਗ਼ੈਰ ਕਾਨੂੰਨ ਰਹਿ ਰਹੇ ਲੋਕਾਂ ਦਾ ਦੇਸ਼ ਨਿਕਾਲਾ ਅਗਲੇ ਹਫ਼ਤੇ...