ਟਰੰਪ ਦੀ ਬਿਆਨਬਾਜ਼ੀ ਨੇ ਬਲਦੀ ਉੱਪਰ ਤੇਲ ਪਾਇਆ – ਜੋਅ ਬਿਡੇਨ
ਵਾਸ਼ਿੰਗਟਨ 3 ਜੂਨ (ਹੁਸਨ ਲੜੋਆ ਬੰਗਾ) – ਮਿਨੀਏਪੋਲਿਸ ਵਿੱਚ ਪੁਲਿਸ ਹਿਰਾਸਤ ਵਿੱਚ ਜਾਰਜ ਫਲਾਇਡ ਨਾਮੀ ਕਾਲੇ ਵਿਅਕਤੀ ਦੀ ਹੋਈ ਮੌਤ ਉਪਰੰਤ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ, ਲੁੱਟਮਾਰ ਤੇ ਭੰਨਤੋੜ ਦਾ ਸਿਲਸਿਲਾ ਜਾਰੀ ਹੈ। ਸਖ਼ਤੀ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਲੋਕ ਵਾਈਟ ਹਾਊਸ ਨੇੜੇ ਇਕੱਠੇ ਹੋਏ ਤੇ ਉਨ੍ਹਾਂ ਨੇ ਪੁਲਿਸ ਅੱਤਿਆਚਾਰ ਵਿਰੁੱਧ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਸ਼ਾਂਤਮਈ ਲੋਕਾਂ ਉੱਪਰ ਗੋਲੀਆਂ ਚਲਾ ਰਹੀ ਹੈ। ਨਿਊਯਾਰਕ, ਐਟਲਾਂਟਾ, ਸ਼ਿਕਾਗੋ, ਮਿਆਮੀ , ਫੋਨਿਕਸ, ਲੂਇਸਵਿਲੇ , ਲਾਸਏਂਜਲਸ ਤੇ ਇੰਡੀਆਨਾਪੋਲਿਸ ਸਮੇਤ ਦੇਸ਼ ਦੇ ਹੋਰ ਸਥਾਨਾਂ ‘ਤੇ ਲੋਕਾਂ ਨੇ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ। ਲੰਘੀ ਰਾਤ ਸ਼ਿਕਾਗੋ ਪੁਲਿਸ ਨੇ 396 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਵਿੱਚ 146 ਨੂੰ ਲੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਸਥਾਨਾਂ ‘ਤੇ ਵੀ ਸੈਂਕੜੇ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਹਨ। ਕਈ ਥਾਵਾਂ ‘ਤੇ ਪੁਲਿਸ ਤੇ ਵਿਖਾਵਾਕਾਰੀਆਂ ਵਿਚਾਲੇ ਝੜਪਾਂ ਵੀ ਹੋਈਆਂ। ਪੁਲਿਸ ਨੇ ਬੇਕਾਬੂ ਹੋਏ ਲੋਕਾਂ ਨੂੰ ਤਿੱਤਰ ਬਿਤਰ ਕਰਨ ਲਈ ਅੱਥਰੂ ਗੈੱਸ ਦੇ ਗੋਲੇ ਛੱਡੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਡੈਟਰਾਇਟ ਵਿੱਚ ਹਾਲਾਂ ਕਿ ਪੁਲਿਸ ਮੁੱਖੀ ਜੇਮਜ ਕਰੈਗ ਨੇ ਐਲਾਨ ਕੀਤਾ ਸੀ ਕਿ ਉਹ ਗ੍ਰਿਫ਼ਤਾਰੀਆਂ ਨਹੀਂ ਕਰਨਾ ਚਾਹੁੰਦੇ ਪਰੰਤੂ ਜਦੋਂ ਪ੍ਰਦਰਸ਼ਨਕਾਰੀ ਕਰਫ਼ਿਊ ਦੀ ਉਲੰਘਣਾ ਕਰਕੇ ਡਾਊਨ ਟਾਊਨ ਡੈਟਰਾਇਟ ਪੁਲਿਸ ਹੈੱਡਕੁਆਟਰ ਨੇੜੇ ਇਕੱਠੇ ਹੋ ਗਏ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਉੱਪਰ ਪਾਣੀ ਦੀਆਂ ਬੁਛਾਰਾਂ ਮਾਰੀਆਂ ਤੇ ਮਿਰਚਾਂ ਦਾ ਛਿੜਕਾਅ ਕੀਤਾ। ਬਾਅਦ ਵਿੱਚ ਵਿਖਾਵਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਵਾਸ਼ਿੰਗਟਨ ਡੀ.ਸੀ. ਵਿੱਚ ਹਾਲਾਂ ਕਿ ਪਹਿਲਾਂ ਦੀ ਤੁਲਨਾ ਵਿੱਚ ਸ਼ਾਂਤੀ ਨਜ਼ਰ ਆ ਰਹੀ ਹੈ ਪਰੰਤੂ ਭਾਰੀ ਗਿਣਤੀ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨਾਂ ‘ਚ ਹਿੱਸਾ ਲਿਆ ਜਾ ਰਿਹਾ ਹੈ।
ਰਾਸ਼ਟਰਪਤੀ ਵੱਲੋਂ ਬਿਆਨਬਾਜ਼ੀ ਨੇ ਬਲਦੀ ‘ਤੇ ਤੇਲ ਪਾਇਆ –
ਨਵੰਬਰ ਵਿੱਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੋਣ ਮੈਦਾਨ ਵਿੱਚ ਨਿੱਤਰਨ ਵਾਲੇ ਡੈਮੋਕਰੈਟਿਕ ਉਮੀਦਵਾਰ ਜੋਅ ਬਿਡੇਨ ਨੇ ਦੇਸ਼ ਵਿੱਚ ਹੋ ਰਹੇ ਪ੍ਰਦਰਸ਼ਨਾਂ ਉੱਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੇ ਬਲਦੀ ਉੱਪਰ ਤੇਲ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਆਪਣੇ ਟਵੀਟ ਵਿੱਚ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹ 1970ਵਿਆਂ ਵਿੱਚ ਇਕ ਨਸਲਵਾਦੀ ਪੁਲਿਸ ਅਧਿਕਾਰੀ ਦੀ ਟਿੱਪਣੀ ਸੀ। ਟਰੰਪ ਨੇ ਟਵੀਟ ਵਿੱਚ ਕਿਹਾ ਸੀ ‘ਜਦੋਂ ਲੁੱਟਮਾਰ ਸ਼ੁਰੂ ਹੁੰਦੀ ਹੈ ਤਾਂ ਗੋਲੀਬਾਰੀ ਸ਼ੁਰੂ ਹੁੰਦੀ ਹੈ’। ਬਿਡੇਨ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਰਾਸ਼ਟਰਪਤੀ ਇਹੋ ਜਿਹੀ ਸ਼ਬਦਾਵਲੀ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਸਾਡੀ ਸਾਰਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਨਾ ਕਿ ਕੇਵਲ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੇ ਉਸ ਨੂੰ ਵੋਟਾਂ ਪਾਈਆਂ ਹਨ।
Home Page ਅਮਰੀਕਾ ਵਿੱਚ ਪੁਲਿਸ ਅੱਤਿਆਚਾਰ ਵਿਰੁੱਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ