ਅਮਰੀਕਾ ਵਿੱਚ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 10 ਲੋਕਾਂ ਦੀ ਕੀਤੀ ਹੱਤਿਆ

ਨਿਊਯਾਰਕ ਦੀ ਸੁਪਰ ਮਾਰਕਿਟ ਵਿੱਚ ਵਾਪਰੀ ਘਟਨਾ, ਦੋਸ਼ੀ ਗ੍ਰਿਫ਼ਤਾਰ
ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ) – ਨਿਊਯਾਰਕ ਨੇੜੇ ਸੁਪਰ ਮਾਰਕੀਟ ਵਿੱਚ ਇਕ ਅਣਪਛਾਤੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 10 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਗੋਲੀਆਂ ਚੱਲਣ ਦੀ ਇਹ ਘਟਨਾ ਪੱਛਮੀ ਨਿਊਯਾਰਕ ਦੇ ਸ਼ਹਿਰ ਬੁਫੈਲੋ ਦੇ ਭੀੜ ਭੜਕੇ ਵਾਲੇ ਨੀਮ ਸ਼ਹਿਰੀ ਖੇਤਰ ਵਿੱਚ ਸਥਿਤ ਟਾਪਸ ਫਰੈਂਡਲੀ ਮਾਰਕਿਟ ਵਿੱਚ ਵਾਪਰੀ। ਪੁਲਿਸ ਨੇ ਕਿਹਾ ਹੈ ਕਿ ਕਥਿਤ ਦੋਸ਼ੀ ਬੰਦੂਕਧਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਮੁੱਢਲੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਘਟਨਾ ਵਿੱਚ ਘੱਟੋ ਘੱਟ 10 ਵਿਅਕਤੀ ਮਾਰੇ ਗਏ ਹਨ ਤੇ ਕੁੱਝ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਦੀ ਜਾਂਚ ਅਜੇ ਮੁੱਢਲੇ ਪੱਧਰ ‘ਤੇ ਹੈ ਤੇ ਦੋਸ਼ੀ ਦਾ ਹੱਤਿਆਵਾਂ ਕਰਨ ਦਾ ਮਕਸਦ ਕੀ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਕੀ ਉਸ ਦਾ ਮਕਸਦ ਨਸਲੀ ਸੀ? ਇਸ ਨਜ਼ਰੀਏ ਤੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਉਹ ਜਦੋਂ ਪਾਰਕਿੰਗ ਖੇਤਰ ਵਿੱਚ ਸਨ ਤਾਂ ਉਨ੍ਹਾਂ ਨੇ ਕਥਿਤ ਦੋਸ਼ੀ ਨੂੰ ਵੇਖਿਆ ਸੀ। ਉਨ੍ਹਾਂ ਨੇ ਸੁਪਰ ਮਾਰਕਿਟ ਵੱਲ ਜਾਂਦਾ ਇੱਕ ‘ਵਾਈਟ’ ਨੌਜਵਾਨ ਵੇਖਿਆ ਜਿਸ ਦੀ ਉਮਰ 20 ਸਾਲ ਦੇ ਕਰੀਬ ਹੋਵੇਗੀ, ਤੇ ਉਸ ਨੇ ਫ਼ੌਜ ਵਰਗੀ ਵਰਦੀ ਤੇ ਕਾਲਾ ਹੈਲਮੈੱਟ ਪਾਇਆ ਹੋਇਆ ਸੀ। ਉਸ ਦੇ ਹੱਥ ਵਿੱਚ ਬੰਦੂਕ ਸੀ। ਇੱਥੇ ਜ਼ਿਕਰਯੋਗ ਹੈ ਕਿ ਸੁਪਰ ਮਾਰਕਿਟ ਦੇ ਆਸ ਪਾਸ ਜ਼ਿਆਦਾਤਰ ਸਿਆਹਫਾਮ ਲੋਕਾਂ ਦੀ ਵਸੋਂ ਹੈ।
ਕੈਪਸ਼ਨ: ਨਿਊਯਾਰਕ ਨੇੜੇ ਸੁਪਰ ਮਾਰਕਿਟ ਵਿੱਚ ਗੋਲੀ ਚੱਲਣ ਦੀ ਘਟਨਾ ਉਪਰੰਤ ਮੌਕੇ ‘ਤੇ ਪੁੱਜੀ ਪੁਲਿਸ ਤੇ ਇਕੱਠੇ ਹੋਏ ਲੋਕ