ਅਮਰੀਕਾ ਵਿੱਚ ਮਾਲੀ ਸਾਲ 2021 ਦੌਰਾਨ ਸ਼ਰਨਾਰਥੀਆਂ ਦਾ ਦਾਖ਼ਲਾ ਘਟਿਆ, ਪਿਛਲੇ 40 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪੁੱਜਾ

ਇਸ ਸਾਲ 31 ਅਗਸਤ ਨੂੰ ਕਾਬਲ ਵਿੱਚੋਂ ਕੱਢੇ ਗਏ ਅਫ਼ਗ਼ਾਨ ਸ਼ਰਨਾਰਥੀ ਵਰਜੀਨੀਆ ਦੇ ਡੂਲਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਬਾਹਰ ਜਾਂਦੇ ਹੋਏ ਨਜ਼ਰ ਆ ਰਹੇ ਹਨ - ਫਾਈਲ ਤਸਵੀਰ

ਸੈਕਰਾਮੈਂਟੋ, 6 ਅਕਤੂਬਰ (ਹੁਸਨ ਲੜੋਆ ਬੰਗਾ) – ਅਮਰੀਕਾ ਨੇ ਮਾਲੀ ਸਾਲ 2021 ਦੌਰਾਨ ਆਪਣੇ ਸ਼ਰਨਾਰਥੀ ਦਾਖ਼ਲਾ ਪ੍ਰੋਗਰਾਮ ਤਹਿਤ 11,411 ਲੋਕਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ ਜੋ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਸਭ ਤੋਂ ਘੱਟ ਹੈ। ਇਹ ਪ੍ਰਗਟਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਕੀਤਾ ਹੈ। 2021 ਵਿੱਚ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਭ ਤੋਂ ਘੱਟ ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਾਲੀ ਸਾਲ 2020 ਵਿੱਚ ਸਭ ਤੋਂ ਘੱਟ 11,814 ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ।
ਹੋਰਨਾਂ ਦੇਸ਼ਾਂ ਦੀ ਤੁਲਨਾ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਅਮਰੀਕਾ ਸ਼ਰਨਾਰਥੀਆਂ ਨੂੰ ਖੁੱਲ੍ਹੇ ਆਮ ਸਵੀਕਾਰਦਾ ਰਿਹਾ ਹੈ ਪਰੰਤੂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਪ੍ਰਵੇਸ਼ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਿਨ੍ਹਾਂ ਸਦਕਾ ਯੋਗ ਸ਼ਰਨਾਰਥੀਆਂ ਦੀ ਚੋਣ ਦਾ ਰਾਹ ਔਖਾ ਕਰ ਦਿੱਤਾ ਗਿਆ।
ਰਾਸ਼ਟਰਪਤੀ ਜੋ ਬਾਈਡਨ ਨੇ ਕਾਫ਼ੀ ਝਿਜਕ ਤੋਂ ਬਾਅਦ ਮਾਲੀ ਸਾਲ 2021 ਦੌਰਾਨ ਸ਼ਰਨਾਰਥੀਆਂ ਦੀ ਸੀਮਾ ਵਧਾ ਕੇ 62.500 ਕਰ ਦਿੱਤੀ ਸੀ ਜੋ ਸੀਮਾ ਪਹਿਲਾਂ 50 ਹਜ਼ਾਰ ਤੋਂ ਕੁੱਝ ਵਧ ਸੀ। ਵਧਾਈ ਸੀਮਾ ਵੀ ਪਿਛਲੇ ਮਹੀਨੇ ਖ਼ਤਮ ਹੋ ਗਈ ਹੈ। ਬਾਈਡਨ ਪ੍ਰਸ਼ਾਸਨ ਦੀ ਮਾਲੀ ਸਾਲ 2022 ਦੌਰਾਨ ਸ਼ਰਨਾਰਥੀਆਂ ਦੀ ਸੀਮਾ ਵਧਾ ਕੇ 1,25,000 ਕਰਨ ਦੀ ਯੋਜਨਾ ਹੈ ਪਰੰਤੂ ਜਿਸ ਤਰ੍ਹਾਂ ਦੇ ਮਾਪ ਦੰਡ ਸ਼ਰਨਾਰਥੀ ਦਾਖ਼ਲਾ ਪ੍ਰੋਗਰਾਮ ਤਹਿਤ ਲਾਗੂ ਕੀਤੇ ਜਾ ਚੁੱਕੇ ਹਨ, ਉਨ੍ਹਾਂ ਤਹਿਤ ਏਨੇ ਸ਼ਰਨਾਰਥੀਆਂ ਦਾ ਅਮਰੀਕਾ ਵਿੱਚ ਪ੍ਰਵੇਸ਼ ਮੁਸ਼ਕਿਲ ਲੱਗਦਾ ਹੈ। ਅਮਰੀਕਾ ਦੀ ਇਸ ਪਹੁੰਚ ਤੋਂ ਸ਼ਰਨਾਰਥੀ ਸਮਰਥਕ ਸੰਸਥਾਵਾਂ ਨਿਰਾਸ਼ ਹਨ। ਲੂਥਰਨ ਇਮੀਗ੍ਰੇਸ਼ਨ ਐਂਡ ਰਫ਼ਿਊਜੀ ਸਰਵਿਸ ਦੀ ਸੀ ਈ ਓ ਤੇ ਪ੍ਰਧਾਨ ਕ੍ਰਿਸ ਓ ਮਾਰਾ ਵਿਗਨਾਰਾਜਾਹ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ “ਮਾਲੀ ਸਾਲ 2021 ਦੌਰਾਨ ਸ਼ਰਨਾਰਥੀਆਂ ਦੀ ਹੇਠਲੇ ਪੱਧਰ ‘ਤੇ ਪੁੱਜੀ ਗਿਣਤੀ ਤੋਂ ਉਹ ਨਿਰਾਸ਼ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਟਰੰਪ ਪ੍ਰਸ਼ਾਸਨ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਕਿਸ ਤਰ੍ਹਾਂ ਸ਼ਰਨਾਰਥੀ ਦਾਖ਼ਲਾ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਹੈ ਤੇ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਪ੍ਰਵੇਸ਼ ਉੱਪਰ ਰੋਕ ਲਾਈ ਹੈ”। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਨੇ ਵੀ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਰਾਹ ਵਿੱਚ ਅੜਿੱਕੇ ਖੜ੍ਹੇ ਕੀਤੇ ਹਨ। ਇਸ ਸਮੇਂ ਸ਼ਰਨਾਰਥੀ ਮੁੜ ਵਸੇਬਾ ਸੰਸਥਾਵਾਂ ਨੂੰ ਹਜ਼ਾਰਾਂ ਅਫ਼ਗ਼ਾਨ ਸ਼ਰਨਾਰਥੀਆਂ ਦੇ ਰਹਿਣ ਦੇ ਪ੍ਰਬੰਧ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸ਼ਰਨਾਰਥੀ ਤੈਅ ਸ਼ੁਦਾ ਮੁੜ ਵਸੇਬਾ ਪ੍ਰੋਗਰਾਮ ਤਹਿਤ ਅਮਰੀਕਾ ਵਿੱਚ ਦਾਖ਼ਲ ਨਹੀਂ ਹੋਏ। ਇਸ ਲਈ ਬਾਈਡਨ ਪ੍ਰਸ਼ਾਸਨ ਇਨ੍ਹਾਂ ਨੂੰ ਸ਼ਰਨਾਰਥੀਆਂ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਅਯੋਗ ਸ਼ਰਨਾਰਥੀਆਂ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਤੇ ਇਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ।