ਚੋਣ ਜਿੱਤ ਗਿਆ ਤਾਂ ਪਹਿਲੇ ਦਿਨ ਵਿਸ਼ਵ ਸਿਹਤ ਸੰਗਠਨ ਵਿੱਚ ਸ਼ਾਮਿਲ ਹੋਣ ਦਾ ਕੰਮ ਕਰਾਂਗਾ – ਬਿਡੇਨ
ਵਾਸ਼ਿੰਗਟਨ 8 ਜੁਲਾਈ (ਹੁਸਨ ਲੜੋਆ ਬੰਗਾ) – ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਪ੍ਰਕੋਪ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਤੋਂ ਵੱਖ ਹੋਣ ਦੇ ਕੀਤੇ ਐਲਾਨ ਤੋਂ ਇਕ ਮਹੀਨੇ ਦੇ ਵਧ ਸਮੇਂ ਬਾਅਦ ਇਸ ਸਬੰਧੀ ਕਾਂਗਰਸ ਨੂੰ ਰਸਮੀ ਨੋਟੀਫ਼ਿਕੇਸ਼ਨ ਬੀਤੇ ਦਿਨ ਮਿਲਿਆ। ਵਾਈਟ ਹਾਊਸ ਨੇ ਕਿਹਾ ਹੈ ਕਿ ਇਹ ਨਿਰਨਾ 6 ਜੁਲਾਈ 2021 ਨੂੰ ਲਾਗੂ ਹੋਵੇਗਾ। ਦੂਸਰੇ ਪਾਸੇ ਡੈਮੋਕਰੇਟਸ ਨੇ ਕਿਹਾ ਹੈ ਕਿ ਇਹ ਨਿਰਨਾ ਗ਼ੈਰਜ਼ਿੰਮੇਵਾਰੀ ਵਾਲਾ ਤੇ ਅਣਉੱਚਿਤ ਹੈ। ਇਹ ਨਿਰਨਾ ਉਸ ਸਮੇਂ ਲਿਆ ਗਿਆ ਹੈ ਜਦੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੌਮਾਂਤਰੀ ਪੱਧਰ ਉੱਪਰ ਸਹਿਯੋਗ ਦੀ ਲੋੜ ਹੈ। ਸੈਨੇਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਚੋਟੀ ਦੇ ਡੈਮੋਕਰੇਟ ਆਗੂ ਬੌਬ ਮੈਨਨਡੇਜ਼ ਨੇ ਕਿਹਾ ਹੈ ਕਿ ”ਇਸ ਨਾਲ ਅਮਰੀਕੀ ਲੋਕਾਂ ਦੀਆਂ ਜਾਨਾਂ ਬਚਾਉਣ ‘ਚ ਮਦਦ ਨਹੀਂ ਮਿਲੇਗੀ। ਬਿਮਾਰ ਅਮਰੀਕੀ ਤੇ ਅਮਰੀਕਾ ਇਕੱਲੇ ਰਹਿ ਜਾਣਗੇ।” ਉਨ੍ਹਾਂ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਦੀ ਕੋਵਿਡ-19 ਪ੍ਰਤੀ ਅਪ੍ਰਸੰਗਿਕ ਪਹੁੰਚ ਹੈ। ਉਨ੍ਹਾਂ ਨੇ ਨਿਆਂ ਨਹੀਂ ਕੀਤਾ। ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਚੋਣ ਜਿੱਤ ਗਏ ਤਾਂ ਅਮਰੀਕਾ ਤੁੰਰਤ ਵਿਸ਼ਵ ਸਿਹਤ ਸੰਗਠਨ ਵਿਚ ਮੁੜ ਸ਼ਾਮਿਲ ਹੋ ਜਾਣਗੇ। ਸਾਬਕਾ ਉੱਪ ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ ”ਵਿਸ਼ਵ-ਵਿਆਪੀ ਸਿਹਤ ਵਿਵਸਥਾ ਮਜ਼ਬੂਤ ਕਰਨ ਨਾਲ ਹੀ ਅਮਰੀਕੀ ਸੁਰੱਖਿਅਤ ਹੋਣਗੇ। ਰਾਸ਼ਟਰਪਤੀ ਵਜੋਂ ਪਹਿਲੇ ਦਿਨ ਮੈਂ ਵਿਸ਼ਵ ਸਿਹਤ ਸੰਗਠਨ ਵਿੱਚ ਮੁੜ ਸ਼ਾਮਿਲ ਹੋ ਜਾਵਾਂਗਾ ਤੇ ਕੌਮਾਂਤਰੀ ਮੰਚ ‘ਤੇ ਸਾਡੇ ਸਬੰਧ ਬਹਾਲ ਹੋ ਜਾਣਗੇ।” ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਤਾਰਿਕ ਜਸਰੈਵਿਕ ਨੇ ਕਿਹਾ ਹੈ ਕਿ ਅਮਰੀਕਾ ਦੇ ਰਸਮੀ ਨੋਟੀਫ਼ਿਕੇਸ਼ਨ ਸਬੰਧੀ ਰਿਪੋਰਟ ਮਿਲੀ ਹੈ। ਇਸ ਤੋਂ ਵਧ ਸਾਨੂੰ ਕੋਈ ਜਾਣਕਾਰੀ ਨਹੀਂ ਹੈ।
Home Page ਅਮਰੀਕਾ ਵੱਲੋਂ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜਨ ਲਈ ਰਸਮੀ ਕਾਰਵਾਈ ਸ਼ੁਰੂ