ਅੰਮ੍ਰਿਤਸਰ, 24 ਨਵੰਬਰ (ਡਾ. ਚਰਨਜੀਤ ਸਿੰਘ ਗੁਮਟਾਲਾ) – ਅਮਰੀਕਾ ਦੀ ਫਲੋਰਿਡਾ ਸਟੇਟ ਦੇ ਡੇਟੋਨਾ ਸ਼ਹਿਰ ਵਿੱਚ ਨਿਵਾਸ ਕਰਨ ਵਾਲੇ ਡਾ. ਕ੍ਰਿਪਾਲ ਸਿੰਘ ਦੇ ਅਕਾਲ ਚਲਾਣੇ ‘ਤੇ ਡਾ. ਜਸਬੀਰ ਸਿੰਘ ਸਰਨਾ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ ਕਲਿਆਣ ਸਿੰਘ ਕਲਿਆਣ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੈੱਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਇਨ੍ਹਾਂ ਲੇਖਕਾਂ ਨੇ ਕਿਹਾ ਕਿ ਡਾ. ਕ੍ਰਿਪਾਲ ਸਿੰਘ ਦਾ ਜਨਮ 10 ਅਕਤੂਬਰ 1942 ਵਿੱਚ ਸ਼ਹਿਰ ਮੋਗਾ ਵਿਖੇ ਸ. ਹਰਚੰਦ ਸਿੰਘ ਦੇ ਗ੍ਰਹਿ ਵਿਖੇ ਬੀਬੀ ਜਗੀਰ ਕੌਰ ਦੀ ਕੁੱਖੋਂ ਹੋਇਆ। ਉਹ ਆਪਣੇ ਪਿੱਛੇ ਆਪਣੀ ਸੁਪਤਨੀ ਫਿਲਸ, ਸਪੁੱਤਰੀਆਂ ਪਰਮਿੰਦਰ ਕੌਰ ਤੇ ਨਵਦੀਪ ਕੌਰ ਅਤੇ ਸਪੁੱਤਰ ਤੇਜਿੰਦਰ ਸਿੰਘ ਛੱਡ ਗਏ ਹਨ। ਉਨ੍ਹਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕੀਤੀ। ਕੁਝ ਸਮਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਨੌਕਰੀ ਕੀਤੀ। ਫਿਰ ਉਹ ਇੰਗਲੈਂਡ ਚਲੇ ਗਏ ਤੇ ਉੱਥੋਂ ਉਹ ਅਮਰੀਕਾ ਦੇ ਆਈਓਵਾ ਸੂਬੇ ਦੇ ਕ੍ਰੈਸਟੋਨ ਸ਼ਹਿਰ ਵਿੱਚ ਬਤੌਰ ਮਨੋਵਿਗਿਆਨ (ਸਾਈਕੈਟਰਿਕ) ਡਾਕਟਰ ਪ੍ਰੈਕਟਿਸ ਕਰਨ ਲੱਗੇ। ਸੇਵਾ ਮੁਕਤੀ ਪਿੱਛੋਂ ਉਹ ਫਲੋਰਿਡਾ ਸੂਬੇ ਦੇ ਡੇਟੋਨਾ ਸ਼ਹਿਰ ਵਿੱਚ ਨਿਵਾਸ ਕਰਨ ਲੱਗੇ, ਜਿੱਥੇ ਉਹ ਸੰਖੇਪ ਬਿਮਾਰੀ ਪਿੱਛੋਂ 16 ਨਵੰਬਰ 2023 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਦੇਹ ਨੂੰ ਪਰਿਵਾਰ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਮੈਡੀਕਲ ਖੋਜ ਲਈ ਮੈਡੀਕਲ ਰਿਸਰਚ ਸੰਸਥਾ ਨੂੰ ਦੇ ਦਿੱਤੀ ਗਈ।
ਉਹ ਜਿੱਥੇ ਚੰਗੇ ਡਾਕਟਰ ਸਨ, ਉੱਥੇ ਉਹ ਅਗਾਂਹ ਵਧੂ ਖ਼ਿਆਲਾਂ ਤੇ ਸਿੱਖ ਧਰਮ ਨਾਲ ਪ੍ਰਵਾਏ ਹੋਏ ਸਨ।ਉਹ ਸਿੱਖ ਧਰਮ ਸੰਬੰਧੀ ਹੁੰਦੇ ਵੈਬੀਕਾਰਾਂ ਤੇ ਟੀ ਵੀ ਪ੍ਰੋਗਰਾਮਾਂ ਵਿੱਚ ਹੁੰਦੀਆਂ ਬਹਿਸਾਂ ਵਿੱਚ ਭਾਗ ਲੈਂਦੇ ਸਨ। ਉਹ ਲੋੜਵੰਦ ਲੇਖਕਾਂ ਨੂੰ ਕਿਤਾਬਾਂ ਛਪਵਾਉਣ ਵਿੱਚ ਵੀ ਤੇ ਪਾਕਿਸਤਾਨ ਵਿੱਚ ਸਿੱਖ ਬੱਚਿਆਂ ਦੀ ਪੜਾਈ ਵਿੱਚ ਸਹਾਇਤਾ ਕਰਦੇ ਹੁੰਦੇ ਸਨ। ਉਨ੍ਹਾਂ ਨੇ ਪਾਕਿਸਤਾਨ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਕੁਝ ਪੁਸਤਕਾਂ ਉਰਦੂ ਵਿੱਚ ਛਪਵਾ ਕੇ ਮੁਫ਼ਤ ਵੰਡੀਆਂ, ਜਿਵੇਂ ਜ਼ਫ਼ਰਨਾਮਾ, ਤਵਾਰੀਖ ਬੱਬਰ ਅਕਾਲੀ ਲਹਿਰ (ਸੰਪਾਦਕ ਬੀ ਐਸ ਨਿੱਜਰ), ਜਪੁਜੀ ਤੇ ਸੁਖਮਨੀ ਸਾਹਿਬ (ਲੇਖਕ ਖ਼ਵਾਜ਼ਾ ਦਿੱਲ ਮੁਹੰਮਦ ਐਮ. ਏੇ), ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਲੇ ਵਾਲੀ (ਸੰਪਾਦਕ ਡਾ. ਏੇ. ਐਸ. ਔਲਖ), ਗੁਰੂ ਗ੍ਰੰਥ ਸਾਹਿਬ ਅਤੇ ਇਸਲਾਮ (ਇਤਿਹਾਸ ਤੇ ਸਿੱਖਿਆ) ਆਦਿ। ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਕੀਤੀ ਗਈ ਸਾਹਿਤਕ ਤੇ ਸਮਾਜਿਕ ਸੇਵਾ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
Home Page ਅਮਰੀਕੀ ਡਾ. ਕ੍ਰਿਪਾਲ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ