ਅਮਰੀਕੀ ਰਾਸ਼ਟਰਪਤੀ ਨੇ ਗੰਨ ਹਿੰਸਾ ਰੋਕਣ ਸਬੰਧੀ ਕਾਂਗਰਸ ਵੱਲੋਂ ਪਾਸ ਕੀਤੇ ਬਿੱਲ ਉਪਰ ਕੀਤੇ ਦਸਤਖਤ

ਸੈਕਰਮੈਂਟੋ, 27 ਜੂਨ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਾਂਗਰਸ ਵੱਲੋਂ ਪਾਸ ਕੀਤੇ ਗਏ ਗੰਨ ਹਿੰਸਾ ਰੋਕਣ ਸਬੰਧੀ ਬਿੱਲ ਉਪਰ ਦਸਤਖ਼ਤ ਕਰ ਦਿੱਤੇ ਹਨ। ਇਸ ਮੌਕੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ। ਰਾਸ਼ਟਰਪਤੀ ਨੇ ਵਾਈਟ ਹਾਊਸ ਵਿਚ ਸੰਖੇਪ ਟਿਪਣੀ ਕਰਦਿਆਂ ਇਸ ਬਿੱਲ ਨੂੰ ਅਹਿਮ ਕਰਾਰ ਦਿੱਤਾ ਜੋ ਹੁਣ ਕਾਨੂੰਨ ਬਣ ਗਿਆ ਹੈ। ਉਨਾਂ ਕਿਹਾ ਅਸੀਂ ਫੈਸਲਾਕੁੰਨ ਕਦਮ ਚੁੱਕਿਆ ਹੈ। ਇਸ ਕਾਨੂੰਨ ਦਾ ਮਕਸਦ ਖਤਰਨਾਕ ਲੋਕਾਂ ਤੇ ਨੌਜਵਾਨਾਂ ਤੋਂ ਹਥਿਆਰਾਂ ਨੂੰ ਦੂਰ ਰਖਣਾ ਹੈ। ਹੁਣ 18 ਤੋਂ 21 ਸਾਲ ਦੇ ਨੌਜਵਾਨਾਂ ਤੇ ਹੋਰ ਖਤਰਨਾਕ ਲੋਕਾਂ ਲਈ ਗੰਨ ਖਰੀਦਣਾ ਆਸਾਨ ਨਹੀਂ ਹੋਵੇਗਾ ਤੇ ਉਨਾਂ ਨੂੰ ਗੰਨ ਖ੍ਰੀਦਣ ਲਈ ਇਕ ਪ੍ਰਕਿਆ ਵਿਚੋਂ ਲੰਘਣਾ ਪਵੇਗਾ। ਗੰਨ ਖ੍ਰੀਦਣ ਦੇ ਚਾਹਵਾਨਾਂ ਦੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ। ਪੂਰੀ ਤਸੱਲੀ ਹੋਣ ਉਪਰੰਤ ਹੀ ਉਨਾਂ ਨੂੰ ਗੰਨ ਖ੍ਰੀਦਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਤੀਨਿੱਧ ਸਦਨ ਵਿਚ 193 ਵੋਟਾਂ ਬਿੱਲ ਦੇ ਵਿਰੁੱਧ ਪਈਆਂ ਸਨ ਜਦ ਕਿ 234 ਵੋਟਾਂ ਬਿੱਲ ਦੇ ਹੱਕ ਵਿਚ ਪਈਆਂ ਸਨ। ਇਸੇ ਤਰਾਂ ਸੈਨੇਟ ਵਿਚ ਬਿੱਲ ਦੇ ਸਮਰਥਨ ਵਿਚ 65 ਵੋਟਾਂ ਪਈਆਂ ਸਨ ਤੇ ਵਿਰੋਧ ਵਿਚ 33 ਮੈਂਬਰ ਭੁਗਤੇ ਸਨ। ਖਾਸ ਗੱਲ ਇਹ ਰਹੀ ਕਿ ਪ੍ਰਤੀਨਿੱਧ ਸਦਨ ਵਿਚ 14 ਤੇ ਸੈਨੇਟ ਵਿਚ 15 ਰਿਪਬਲੀਕਨ ਮੈਂਬਰਾਂ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ। ਬਾਈਡਨ ਦੀ ਇਹ ਇਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।