* ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਚੁੱਕਿਆ ਕਦਮ
ਸੈਕਰਾਮੈਂਟੋ, 1 ਅਪ੍ਰੈਲ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਰੂਸ ਦੇ ਯੁਕਰੇਨ ਉੱਪਰ ਹਮਲੇ ਉਪਰੰਤ ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਦੇਸ਼ ਦੇ ਹੰਗਾਮੀ ਸਥਿਤੀ ਲਈ ਰੱਖੇ ਰਾਖਵੇਂ ਭੰਡਾਰ ਵਿਚੋਂ ਅਗਲੇ 6 ਮਹੀਨਿਆਂ ਦੌਰਾਨ 18 ਕਰੋੜ ਬੈਰਲ ਤੇਲ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਰਾਸ਼ਟਰਪਤੀ ਨੇ ਅਗਲੇ 6 ਮਹੀਨਿਆਂ ਦੌਰਾਨ ਰੋਜ਼ਾਨਾ 10 ਲੱਖ ਬੈਰਲ ਤੇਲ ਜਾਰੀ ਕਰਨ ਲਈ ਕਿਹਾ ਹੈ ਤਾਂ ਜੋ ਅਮਰੀਕੀਆਂ ਨੂੰ ਵਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਰਾਹਤ ਪਹੁੰਚਾਈ ਜਾ ਸਕੇ। ਅਮਰੀਕਾ ਦੇ ਪਿਛਲੇ 50 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਖਵੇਂ ਭੰਡਾਰ ਵਿਚੋਂ ਏਨੀ ਵੱਡੀ ਪੱਧਰ ‘ਤੇ ਤੇਲ ਜਾਰੀ ਕੀਤਾ ਗਿਆ ਹੈ। ਰੂਸ ਦੇ ਯੂਕਰੇਨ ਉੱਪਰ ਹਮਲੇ ਉਪਰੰਤ ਇਕ ਮਹੀਨੇ ਵਿਚ ਤਕਰੀਬਨ 1 ਡਾਲਰ ਪ੍ਰਤੀ ਗੈਲਨ ਗੈੱਸ ਦੀ ਕੀਮਤ ਵਿਚ ਵਾਧਾ ਹੋਇਆ ਹੈ ਤੇ ਇਸ ਸਮੇਂ ਪ੍ਰਤੀ ਗੈਲਨ ਔਸਤ ਕੀਮਤ 4.20 ਡਾਲਰ ਪ੍ਰਤੀ ਗੈਲਨ ਹੈ। ਕਈ ਖੇਤਰਾਂ ਵਿਚ ਤਾਂ ਇਸ ਤੋਂ ਵੀ ਵਧ ਕੀਮਤ ਹੈ। ਰੂਸ ਤੋਂ ਤੇਲ ਦੀ ਸਪਲਾਈ ਘਟਣ ਕਾਰਨ ਤੇਲ ਪੰਪਾਂ ਨੂੰ ਸਪਲਾਈ ਘੱਟ ਗਈ ਹੈ ਜਿਸ ਕਾਰਨ ਕੀਮਤ ਵਧ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਾਂ ਅਮਰੀਕੀ ਪਰਿਵਾਰਾਂ ਨੂੰ ਰਾਹਤ ਦੇਣ ਦਾ ਹੈ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਰਾਖਵੇਂ ਭੰਡਾਰ ਵਿਚੋਂ ਤੇਲ ਜਾਰੀ ਕਰਨ ਨਾਲ ਕੀਮਤ ਘਟੇਗੀ ਹਾਲਾਂ ਕਿ ਰਾਸ਼ਟਰਪਤੀ ਨੇ ਕਿਹਾ ਕਿ ਮੈ ਨਹੀਂ ਦਸ ਸਕਦਾ ਕਿ ਕਿੰਨੀ ਕੀਮਤ ਘਟੇਗੀ। ਰਾਸ਼ਟਰਪਤੀ ਨੇ ਤੇਲ ਦੇ ਮਾਮਲੇ ਵਿਚ ਹੋਰ ਦੇਸ਼ਾਂ ਨਾਲ ਵੀ ਗੱਲ ਕੀਤੀ ਹੈ ਤੇ ਉਹ ਇਨ੍ਹਾਂ ਦੇਸ਼ਾਂ ਨਾਲ ਤਾਲਮੇਲ ਕਰਕੇ ਤੇਲ ਦੀ ਪੂਰਤੀ ਕਰਨ ਦੇ ਯਤਨ ਵਿਚ ਹਨ। ਇੱਥੇ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਰੂਸ ਤੋਂ ਹਰ ਤਰਾਂ ਦੀ ਊਰਜਾ ਦੀ ਦਰਾਮਦ ਉੱਪਰ ਰੋਕ ਲਾਉਣ ਦਾ ਐਲਾਨ ਕਰ ਚੁੱਕੇ ਹਨ। ਪਹਿਲਾਂ ਵੀ ਰਾਸ਼ਟਰਪਤੀ ਨੇ ਪਿਛਲੇ ਸਾਲ ਨਵੰਬਰ ਵਿਚ ਕੀਮਤਾਂ ਘਟਾਉਣ ਦੇ ਮਕਸਦ ਨਾਲ ਰਾਖਵੇਂ ਭੰਡਾਰ ਵਿਚੋਂ 5 ਲੱਖ ਬੈਰਲ ਤੇਲ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਵੀ ਰਾਖਵੇਂ ਭੰਡਾਰ ਵਿਚੋਂ 3 ਲੱਖ ਬੈਰਲ ਤੇਲ ਜਾਰੀ ਕੀਤਾ ਸੀ।