ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਸਾਲ 6 ਲੱਖ ਡਾਲਰ ਤੋਂ ਵਧ ਕਮਾਏ, ਡੇਢ ਲੱਖ ਡਾਲਰ ਤੋਂ ਵਧ ਦਿੱਤਾ ਟੈਕਸ, 2020 ਦੀ ਟੈਕਸ ਰਿਟਰਨ ਕੀਤੀ ਜਨਤਿਕ

ਸੈਕਰਾਮੈਂਟੋ 18 ਮਈ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਫਸਟ ਲੇਡੀ ਜਿਲ ਬਾਇਡਨ ਨੇ ਪਿਛਲੇ  ਸਾਲ 6,07,336 ਡਾਲਰ ਕਮਾਏ ਜਿਸ ਵਿਚੋਂ ਉਨਾਂ ਨੇ 1,57,414 ਡਾਲਰ ਸੰਘੀ ਆਮਦਨ ਟੈਕਸ ਦੇ ਰੂਪ ਵਿਚ ਦਿੱਤੇ। ਇਹ ਖੁਲਾਸਾ  2020 ਦੀ ਰਾਸ਼ਟਰਪਤੀ ਵੱਲੋਂ ਦਾਇਰ ਕੀਤੀ ਰਿਟਰਨ ਤੋਂ ਹੋਇਆ ਹੈ ਜੋ ਲੰਘੇ ਦਿਨ ਜਨਤਿਕ ਕੀਤੀ ਗਈ ਹੈ। ਵਾਈਟ ਹਾਊਸ ਵੱਲੋਂ ਰਾਸ਼ਟਰਪਤੀ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਟੈਕਸ ਰਿਟਰਨਾਂ ਜਾਰੀ ਕੀਤੀਆਂ ਗਈਆਂ ਹਨ। ਬਾਇਡਨ ਦੀ ਆਮਦਨੀ ਵਿਚ 2019 ਦੀ ਤੁਲਨਾ ਵਿਚ ਮਾਮੂਲੀ ਕਮੀ ਹੋਈ ਹੈ। ਵਾਈਟ ਹਾਊਸ ਦੀ ਆਮਦਨ ਤੇ ਟੈਕਸ ਅਦਾਇਗੀ ਵਿਚ ਪਾਰਦਰਸ਼ਤਾ ਦੀ ਰਵਾਇਤ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੋੜੀ ਸੀ ਜਿਨਾਂ ਨੇ ਰਾਸ਼ਟਰਪਤੀ ਵਜੋਂ ਟੈਕਸ ਰਿਟਰਨਾਂ ਜਨਤਿਕ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰੰਤੂ ਬਾਇਡਨ ਨੇ ਉਹ ਰਵਾਇਤ ਮੁੜ ਬਹਾਲ ਕਰਦਿਆਂ ਆਪਣੀ 23 ਵੇਂ ਸਾਲ ਦੀਆਂ ਟੈਕਸ ਰਿਟਰਨਾਂ ਜਾਰੀ ਕੀਤੀਆਂ ਹਨ। ਵਾਇਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਮੈ ਆਸ ਕਰਦਾ ਹਾਂ ਕਿ ਅਸੀਂ ਰਾਸ਼ਟਰਪਤੀ ਦੀਆਂ ਟੈਕਸ ਰਿਟਰਨਾਂ ਜਨਤਿਕ ਕਰਨ ਦੀ ਰਵਾਇਤ ਨੂੰ ਕਾਇਮ ਰਖਾਂਗੇ ਤੇ ਅਮਰੀਕਾ ਦੇ ਹਰ ਰਾਸ਼ਟਰਪਤੀ ਕੋਲੋਂ ਇਹ ਆਸ ਰਖੀ ਜਾਣੀ ਚਾਹੀਦੀ ਹੈ। ਬਾਇਡਨ ਤੇ ਉਨਾਂ ਦੀ ਪਤਨੀ ਜਿਲ ਬਾਇਡਨ ਨੇ ਸਾਂਝੇ ਤੌਰ ‘ਤੇ ਟੈਕਸ ਰਿਟਰਨਾਂ ਭਰੀਆਂ ਤੇ 25.9% ਸੰਘੀ ਆਮਦਨ ਟੈਕਸ ਦਿੱਤਾ। ਸਾਰੇ ਅਮਰੀਕੀਆਂ ਲਈ ਔਸਤ ਆਮਦਨ ਟੈਕਸ ਦਰ 14.6% ਬਣਦੀ ਹੈ। ਬਾਇਡਨ ਨੇ ਡੇਲਾਵੇਅਰ ਵਿਚ ਸਟੇਟ ਇਨਕਮ ਟੈਕਸ ਰਿਟਰਨ ਵੱਖਰੇ ਤੌਰ ‘ਤੇ ਭਰੀ ਹੈ ਜਿਸ ਅਨੁਸਾਰ ਉਨਾਂ ਨੇ 28,794 ਡਾਲਰ ਟੈਕਸ ਦੀ ਅਦਾਇਗੀ ਕੀਤੀ ਹੈ। ਜਿਲ ਬਾਇਡਨ ਨੇ ਵਰਜੀਨੀਆ ਰਾਜ ਵਿਚ ਵੱਖਰੀ ਟੈਕਸ ਰਿਟਰਨ ਭਰੀ ਹੈ ਜਿਸ ਲਈ ਉਨਾਂ ਨੇ 443 ਡਾਲਰ ਟੈਕਸ ਦਿੱਤਾ ਹੈ। ਹੈਰਿਸ ਤੇ ਉਨਾਂ ਦੇ ਪਤੀ  ਡੌਘ ਐਮਹੋਫ ਨੇ 2020 ਦੌਰਾਨ 16,95,225  ਡਾਲਰ ਕਮਾਏ ਜਿਸ ਵਿਚੋਂ ਉਨਾਂ ਨੇ 36.7% ਦੀ ਦਰ ਨਾਲ 6,21,893 ਡਾਲਰ ਟੈਕਸ ਦਿੱਤਾ।