ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਡਾਕਟਰ ਅਰਜਿੰਦਰਪਾਲ ਸਿੰਘ ਸੇਖੋਂ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 13 ਅਪ੍ਰੈਲ (ਡਾ. ਚਰਨਜੀਤ ਸਿੰਘ ਗੁਮਟਾਲਾ) – ਅਮਰੀਕੀ ਫ਼ੌਜ ਦੇ ਪਹਿਲੇ ਦੇ ਪਹਿਲੇ ਸਿੱਖ ਕਰਨਲ ਡਾਕਟਰ ਅਰਜਿੰਦਰ ਸਿੰਘ ਸੇਖੋਂ ਦੇ 12 ਅਪ੍ਰੈਲ ਨੂੰ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਜਮਾਤੀਆਂ ਅਤੇ ਅਧਿਆਪਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਪ੍ਰੋ. ਮੋਹਨ ਸਿੰਘ, ਪ੍ਰੋ. ਵਿਕਰਮ, ਡਾ. ਚਰਨਜੀਤ ਸਿੰਘ ਗੁਮਟਾਲਾ, ਖ਼ਾਲਸਾ ਕਾਲਜ ਸੈਕੰਡਰੀ ਸਕੂਲ ਦੇ ਪ੍ਰਿੰ. ਇੰਦਰਜੀਤ ਸਿੰਘ ਗੋਗੋਆਣੀ, ਮਨਿੰਦਰ ਸਿੰਘ ਐਸਕਾਰਟ ਪ੍ਰੈੱਸ, ਇੰਜ.ਰਮੇਸ਼ ਚੰਦਰ ਸਚਦੇਵਾ, ਇੰਜ. ਸੁਭਾਸ਼ ਚੰਦਰ ਉਪਲ, ਮੋਹਨ ਸਿੰਘ ਸਾਬਕਾ ਡਰਗ ਕੰਟਰੋਲਰ, ਸੇਵਾ ਮੁਕਤ ਕਰਨਲ ਰਮੇਸ਼ ਦਵੇਸਰ, ਇੰਜ. ਜਸਪਾਲ ਸਿੰਘ, ਗੁਰਸ਼ਰਨ ਸਿੰਘ ਚਾਵਲਾ, ਸੇਵਾ ਮੁਕਤ ਕਰਨਲ ਸੁਰਿੰਦਰ ਸਿੰਘ, ਡਾ. ਦਵਿੰਦਰ ਕੌਰ ਸੰਧੂ, ਇੰਦਰਜੀਤ ਸਿੰਘ ਪੁਰੀ, ਜਗਦੀਸ਼ ਸਿੰਘ ਚੋਹਕਾ, ਡਾ. ਰੋਸ਼ਨ ਲਾਲ ਸ਼ਰਮਾ, ਇੰਜ. ਸੁਭਾਸ਼ ਚੰਦਰ ਉਪਲ, ਕਵਲਜੀਤ ਕੌਰ, ਪ੍ਰੋ. ਮਨਮੋਹਨ ਸਿੰਘ, ਪ੍ਰੋ. ਮੋਹਨ ਲਾਲ ਅਰੋੜਾ, ਡਾ. ਭਰਮਿੰਦਰ ਸਿੰਘ ਬੇਦੀ ਟੈਂਮਪਾ (ਯੂਐੱਸਏ), ਡਾ. ਨਵਜੋਤ ਸਿੰਘ ਹੰਸਪਾਲ (ਯੂਐੱਸਏ), ਡਾ. ਜਗਜੀਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ 1964 ਵਿੱਚ ਹਾਇਰ ਸੈਕੰਡਰੀ ਕਰਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ 1965 ਵਿੱਚ ਪ੍ਰੀ-ਮੈਡੀਕਲ ਕਰਕੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮਬੀਬੀਐੱਸ ਕੀਤੀ। ਉਸ ਸਮੇਂ ਉਨ੍ਹਾਂ ਦੇ ਪਿਤਾ ਸ. ਅਜਾਇਬ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਡੀ.ਪੀ.ਈ. ਸਨ।ਵੈਸੇ ਉਨ੍ਹਾਂ ਦਾ ਜੱਦੀ ਪੁਸ਼ਤੀ ਪਿੰਡ ਰਈਆ (ਅੰਮ੍ਰਿਤਸਰ) ਦੇ ਲਾਗਲੇ ਪਿੰਡ ਵਡਾਲਾ ਕਲਾਂ ਹੈ।
ਉਹ 1973 ਵਿੱਚ ਉਹ ਅਮਰੀਕਾ ਚਲੇ ਗਏ। ਉੱਥੇ ਇੰਟਰਨਲ ਮੈਡੀਸਨ ਪਲਮੋਨਰੀ ਮੈਡੀਡਸਨ ਸਪੈਸ਼ਲਿਸਟ ਭਾਵ ਫੇਫੜਿਆਂ ਦੇ ਮਾਹਿਰ ਹੋਣ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਨੇ ਯੂਨਾਈਟਿਡ ਸਟੇਟਸ ਆਰਮੀ ਵਾਰ ਕਾਲਜ ਐਂਡ ਸਟਰੈਟਿਕ ਸਟੱਡੀਜ਼ ਦੀ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਤੇ ਯੂਨਾਈਟਿਡ ਸਟੇਟਸ ਆਫ਼ ਨਾਰਥਨ ਕੈਲੀਫੋਰਨੀਆ ਲਾਅ ਸਕੂਲ ਤੋਂ ਜੂਰਿਸਟ ਦੀ ਡਿਗਰੀ ਪ੍ਰਾਪਤ ਕੀਤੀ। ਏਸੇ ਤਰ੍ਹਾਂ ਫ਼ੌਜ ਵਿੱਚ ਰਹਿੰਦੇ ਹੋਏ ਉਹ ਪਹਿਲੇ ਸਿੱਖ ਕਰਨਲ ਹਨ ਜਿਨ੍ਹਾਂ ਦਾ ਨਾਂ ਯੂਨਾਈਟਿਡ ਸਟੇਟਸ ਕਾਂਗਰਸ ਲਾਇਬ੍ਰੇਰੀ ਵਿੱਚ ਬਤੌਰ ਬਟਾਲੀਅਨ ਕਮਾਂਡਰ ਦਰਜ ਕੀਤਾ ਗਿਆ। ਉਹ ਪੰਜ ਸਾਲ ਦੇ ਸਨ ਜਦ ਉਨ੍ਹਾਂ ਅੰਮ੍ਰਿਤਪਾਨ ਕੀਤਾ ਤੇ ਅਖੀਰ ਤੀਕ ਤੋੜ ਨਿਭਾਇਆ। ਉਹ ਪਿਛਲੇ ਕਈ ਸਾਲਾਂ ਤੋਂ ਬਿਮਾਰ ਚਲੇ ਆ ਰਹੇ ਸਨ।
ਉਨ੍ਹਾਂ ਦੀ ਯੋਗਤਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਮੈਰਿਕਨ ਕਾਲਜ ਆਫ਼ ਫਿਜ਼ਿਸ਼ੀਅਨਜ਼, ਅਮੈਰਿਕਨ ਕਾਲਜ ਆਫ਼ ਚੈਸਟ ਫਿਜ਼ਿਸ਼ੀਅਨਜ਼ ਅਤੇ ਅਮੈਰਿਕਨ ਕਾਲਜ ਆਫ਼ ਐਨਜੀਓਲੋਜੀ ਦੀ ਫੈਲੋਸ਼ਿਪ ਦਿੱਤੀ ਗਈ। ਉਨ੍ਹਾਂ ਯੂਨੀਵਰਸਿਟੀ ਆਫ਼ ਨਾਰਥਰਨ ਕੈਲੀਫੋਰਨੀਆ ਲਾਅ ਸਕੂਲ ਤੋਂ ਜੂਰਿਸਟ ਡਿਗਰੀ ਅਤੇ ਯੂਨਾਈਟਿਡ ਸਟੇਟਸ ਆਰਮੀ ਵਾਰ ਕਾਲਜ ਐਂਡ ਸਟਰੈਟਿਕ ਸਟੱਡੀਜ਼ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।
ਫ਼ੌਜ ਵਿੱਚ ਵੀ ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ। ਉਨ੍ਹਾਂ ਫਲਾਈਟ ਸਰਜਨ ਦੀ ਗ੍ਰੈਜੂਏਸ਼ਨ ਦੀ ਡਿਗਰੀ ਯੂਨਾਈਟਿਡ ਸਟੇਟਸ ਆਰਮੀ ਕਾਲਜ ਆਫ਼ ਏਵੀਏਸ਼ਨ ਮੈਡੀਸਨ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੈਸ਼ਨਲ ਸਿਕੂਰਟੀ ਸਟਰੈਟਜੀ ਕੋਰਸ ਦੀ ਗਰੈਜੂਏਸ਼ਨ, ਨੈਸ਼ਨਲ ਡਿਫੈਂਸ ਯੂਨੀਵਰਸਿਟੀ ਤੋਂ ਕੀਤੀ। ਨੈਸ਼ਨਲ ਡਿਫੈਂਸ ਸਟਰੈਟਜੀ ਕੋਰਸ ਦੀ ਗਰੈਜੂਏਸ਼ਨ ਉਨ੍ਹਾਂ ਆਰਮੀ ਵਾਰ ਕਾਲਜ ਤੋਂ ਕੀਤੀ। ਉਨ੍ਹਾਂ ਸਾਈਕੋਲੌਜੀਕਲ ਵਾਰਫੇਅਰ ਅਫ਼ਸਰ, ਸਿਵਲ-ਮਿਲਟਰੀ ਅਪਰੇਸ਼ਨ ਅਫ਼ਸਰ ਬਣਨ ਤੇ ਹੋਰ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਾਈ ਕੀਤੀ, ਜਿਨ੍ਹਾਂ ਵਿੱਚ ਜੌਹਨ ਐਫ਼ ਕੈਨੇਡੀ ਸਕੂਲ ਆਫ਼ ਸਪੈਸ਼ਲ ਵਾਰਫੇਅਰ ਸੈਂਟਰ, ਯੂਨਾਈਟਿਡ ਸਟੇਟਸ ਮਾਰੀਨ ਕਾਰਪਸ ਕਮਾਂਡ ਐਂਡ ਸਟਾਫ਼ ਕਾਲਜ, ਯੂਨਾਈਟਿਡ ਸਟੇਟਸ ਆਰਮੀ ਕਮਾਂਡ ਐਂਡ ਜਨਰਲ ਸਟਾਫ਼ ਕਾਲਜ, ਯੂਨਾਈਟਿਡ ਸਟੇਟਸ ਏਅਰ ਫੋਰਸ ਏਅਰ ਵਾਰ ਕਾਲਜ ਸ਼ਾਮਲ ਹਨ ਤੋਂ ਪੜਾਈ ਕੀਤੀ। ਇੰਜ ਉਹ ਅਮਰੀਕੀ ਫ਼ੌਜ ਵਿੱਚ ਆਪਣੇ ਸਮੇਂ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਸਨ। ਉਹ ਪਹਿਲੇ ਸਿੱਖ ਕਰਨਲ ਹਨ ਜਿਨ੍ਹਾਂ ਦਾ ਨਾਂ ਯੂਨਾਈਟਿਡ ਸਟੇਟਸ ਕਾਂਗਰਸ ਲਾਇਬਰੇਰੀ ਵਿੱਚ ਬਤੌਰ ਬਟਾਲੀਅਨ ਕਮਾਂਡਰ ਦਰਜ ਕੀਤਾ ਗਿਆ ਹੈ।
ਡਾ. ਸੇਖੋਂ ਸੰਨ 1982 ਵਿੱਚ ਅਮਰੀਕੀ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ ਪਹਿਲਾ ਭਾਰਤੀ ਡਾਕਟਰ ਸਿੱਖ ਹੈ ਜੋ ਅਮਰੀਕੀ ਫ਼ੌਜ ਵਿੱਚ ਕਰਨਲ ਰੈਂਕ ਤੱਕ ਅਪੜਿਆ ਤੇ 25 ਸਾਲ ਦੀ ਨੌਕਰੀ ਪਿੱਛੋਂ 30 ਜਨਵਰੀ 2009 ਨੂੰ ਸੇਵਾਮੁਕਤ ਹੋਇਆ ਹੈ। ਅਮਰੀਕਾ ਵਿੱਚ ਉਹ ਕਰਨਲ ਸੇਖੋਂ ਦੇ ਨਾਂ ਨਾਲ ਮਸ਼ਹੂਰ ਸੀ। ਉਹ ਪਹਿਲਾ ਭਾਰਤੀ ਸਿੱਖ ਹੈ ਜਿਸ ਨੂੰ 6 ਵਾਰ ਵੱਖ-ਵੱਖ 5 ਬਟਾਲੀਅਨਾਂ ਅਤੇ 1 ਵਿਸ਼ੇਸ਼ ਆਪਰੇਸ਼ਨ ਬ੍ਰਿਗੇਡ ਦੀ ਕਮਾਂਡ ਕਰਨ ਲਈ ਚੁਣਿਆ ਗਿਆ। ਉਸ ਨੇ ਸਾਲ 1991 ਵਿੱਚ ਪਰਸ਼ੀਅਨ ਗਲਫ਼ ਵਾਰ ਤੇ ਬਾਅਦ ਵਿੱਚ ਸਾਲ 2003 ਵਿੱਚ ਇਰਾਕ ਅਤੇ ਅਫ਼ਗਾਨਿਸਤਾਨ ਦੀ ਲੜਾਈ ਵਿੱਚ ਭਾਗ ਲਿਆ। ਉਸ ਨੂੰ ਪ੍ਰੈਸੀਡੈਂਟ ਯੂਨਿਟ ਸਾਈਟੇਸ਼ਨ, ਜੁਆਇੰਟ ਮੈਰੀਟੋਰੀਅਸ ਯੂਨਿਟ ਪੁਰਸਕਾਰ, ਆਰਮੀ ਫ਼ਲਾਇਟ ਸਰਜਨ ਬੈਜ, 6 ਆਰਮੀ ਕੌਮੈਂਡੇਸ਼ਨ ਮੈਡਲ, 2 ਨੈਸ਼ਨਲ ਡੀਫ਼ੈਂਸ ਮੈਡਲ, 2 ਆਰਮੀ ਅਚੀਵਮੈਂਟ ਮੈਡਲ ਅਤੇ 1 ਗਲੋਬਲ ਵਾਰ ਅਗੇਂਸਟਨ ਟੈਰਿਜ਼ਮ ਮੈਡਲ ਨਾਲ ਨਿਵਾਜਿਆ ਗਿਆ। ਸੁਰੱਖਿਆ ਵਿਭਾਗ ਦੇ ਸੈਕਟਰੀ ਨੇ ਸ਼ੀਤ ਯੁੱਧ ਵਿੱਚ ਭਾਗ ਲੈਣ ਅਤੇ ਜਿੱਤ ਪ੍ਰਾਪਤ ਕਰਨ ਲਈ ਉਸ ਨੂੰ ‘ਸਰਟੀਫਿਕੇਟ ਆਫ਼ ਅਚੀਵਮੈਂਟ’ ਪ੍ਰਦਾਨ ਕੀਤਾ ਹੈ। ਸਾਲ 1998 ਵਿੱਚ ਉਨ੍ਹਾਂ ਦੀ ਬਟਾਲੀਅਨ ਨੇ ਹੀ ਉਨ੍ਹਾਂ ਦੀ ਅਗਵਾਈ ਵਿੱਚ ਐਕਸਰਸਾਇਜ਼ ਔਪਟੀਮਮ ਫੋਕਸ ਪਾਸ ਕੀਤਾ। ਬਤੌਰ ਪਾਇਲਟ ਉਨ੍ਹਾਂ ਇੱਕ ਇੰਜਣ ਵਾਲੇ ਜਹਾਜ਼, ਕਈ ਇੰਜਣਾਂ ਵਾਲੇ ਜਹਾਜ਼ ਅਤੇ ਜੰਗ ਵਿੱਚ ਵਰਤੇ ਜਾਂਦੇ ਹੈਲੀਕਾਪਟਰ ਉਡਾਏ ਹਨ।
ਅੱਜ ਉਹ ਭਾਵੇਂ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਕੀਤੇ ਕਾਰਨਾਮਿਆਂ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।