(15 ਜੂਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 427ਵੇਂ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼)
ਅੰਮ੍ਰਿਤਸਰ ਆਪਣੇ ਗ੍ਰਹਿ ਗੁਰੂ ਕੇ ਮਹਿਲ ਵਿਖੇ ਰਹਿ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀਚੰਦ ਅਤੇ ਉਸ ਦੀ ਪਤਨੀ ਕਰਮੋ ਪੰਚਮ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਜਹਾਨ ਤੋਂ ਬੇ-ਔਲਾਦ ਅਤੇ ਔਂਤਰੀ ਜਾਣ ਦੇ ਮਿਹਣੇ ਮਾਰਨ ਲੱਗੇ ਤਾਂ ਮਾਤਾ ਗੰਗਾ ਜੀ ਨੇ ਆਪਣੇ ਪਤੀ ਪੰਚਮ ਪਾਤਸ਼ਾਹ ਜੀ ਨੂੰ ਸਾਰੀ ਵਾਰਤਾ ਦੱਸਦੇ ਹੋਏ ਪੁੱਤਰ ਦੀ ਦਾਤ ਬਖ਼ਸ਼ਣ ਲਈ ਬੇਨਤੀ ਕੀਤੀ । ਪੰਚਮ ਗੁਰੂ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਬ੍ਰਹਮ-ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਅਸ਼ੀਰਵਾਦ ਲੈਣ ਲਈ ਬਚਨ ਕੀਤੇ ਜੋ ਅੰਮ੍ਰਿਤਸਰ ਤੋਂ ਲਗਭਗ 20 ਕਿੱਲੋਮੀਟਰ ਦੀ ਦੂਰੀ ‘ਤੇ ਝਬਾਲ ਨੇੜੇ ਬੀਆ-ਬਾਨ ਜੰਗਲ ਵਿੱਚ ਗੁਰੂ ਘਰ ਦੀ ਖੇਤੀਬਾੜੀ ਕਰਦੇ ਸਨ । ਪਹਿਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਸ਼ੀਰਵਾਦ ਲੈਣ ਜਾਣ ‘ਤੇ ਬਾਬਾ ਬੁੱਢਾ ਜੀ ਦੇ ਮਾਤਾ ਜੀ ਪ੍ਰਤੀ ਸਿੱਖ ਨਾਲ ਹੋਈ ਵਾਰਤਾਲਾਪ ਦਾ ਇਤਿਹਾਸਕ ਗ੍ਰੰਥਾਂ ਵਿੱਚ ਜ਼ਿਕਰ ਇਸ ਤਰ੍ਹਾਂ ਮਿਲਦਾ ਹੈ । ਮਾਤਾ ਗੰਗਾ ਜੀ ਨੇ ਨਿਮਰਤਾ ਨਾਲ ਜਾਣ ਦੀ ਬਿਜਾਏ ਰਥ ‘ਤੇ ਚੜ੍ਹ ਕੇ ਪੂਰੀ ਸ਼ਾਨ ਨਾਲ ਕਈ ਪ੍ਰਕਾਰ ਦੇ ਭੋਜਨ, ਪਦਾਰਥ ਅਤੇ ਸੇਵਕਾਂ ਆਦਿ ਨੂੰ ਨਾਲ ਲੈ ਕੇ ਜੰਗਲ-ਨੁਮਾ ‘ਬੀੜ’ ਵਿਚ ਬਾਬਾ ਬੁੱਢਾ ਸਾਹਿਬ ਕੋਲ ਪਹੁੰਚ ਰਹੇ ਸਨ ਤਾਂ ਬਾਬਾ ਜੀ ਨੇ ਆਪਣੇ ਸੇਵਕ ਨੂੰ ਪੁੱਛਿਆ ਕੀ ਗੱਲ ਹੈ ? ਅੱਜ ਅੰਮ੍ਰਿਤਸਰ ਦੀ ਤਰਫ਼ੋਂ ਬਹੁਤ ਧੂੜ ਚੜ੍ਹੀ ਆ ਰਹੀ ਹੈ ਅਤੇ ਹੋ ਰਹੇ ਖੜਾਕ ਨਾਲ ਦਰੱਖਤਾਂ ਤੇ ਬੈਠੇ ਪੰਛੀ ਆਦਿ ਵੀ ਪਰੇਸ਼ਾਨ ਹੋ ਕੇ ਇੱਧਰ ਉੱਧਰ ਉੱਡ ਰਹੇ ਹਨ । ਬਾਬਾ ਜੀ ਦੇ ਬਚਨ ਸੁਣ ਕੇ ਕੋਲ ਖਲੋਤੇ ਸਿੱਖ ਨੇ ਜੁਆਬ ਦਿੱਤਾ ਕਿ ਬਾਬਾ ਜੀ ਅੰਮ੍ਰਿਤਸਰ ਤੋਂ ਗੁਰੂ ਕੇ ਮਹਿਲ ਆ ਰਹੇ ਹਨ । ਜਦ ਬਾਬਾ ਜੀ ਨੇ ਗੁਰੂ ਮਹਿਲਾਂ ਦੇ ਆਉਣ ਬਾਰੇ ਸੁਣਿਆਂ ਤਾਂ ਸਹਿਜ ਸੁਭਾਅ ਉਨ੍ਹਾਂ ਦੇ ਨੂੰ ਦੇ ਮੂੰਹੋਂ ਨਿਕਲ ਗਿਆ ਕਿ “ਗੁਰੂ ਕਿਆਂ ਨੂੰ ਕਿਧਰੋਂ ਭਾਜੜਾਂ ਪੈ ਗਈਆਂ ਹਨ, ਜੋ ਅੰਮ੍ਰਿਤਸਰ ਨੂੰ ਛੱਡ ਕੇ ਜੰਗਲ ਵੱਲ ਆ ਰਹੇ ਹਨ” । ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਹਿ ਸੁਭਾਅ ਕੀਤੇ ਬਚਨ ਸੁਣ ਕੇ ਸਿੱਖ ਨੇ ਇਕ ਦਮ ਬਾਬਾ ਜੀ ਨੂੰ ਮੁੜ ਕੇ ਕਿਹਾ ਕਿ ਆਪ ਜੀ ਨੇ ਗੁਰੂ ਕੇ ਮਹਿਲਾਂ ਨੂੰ ਇਹ ਕੀ ਬਚਨ ਬੋਲ ਦਿੱਤੇ ਹਨ ? ਆਪ ਜੀ ਨੂੰ ਗੁਰੂ ਕਿਆਂ ਲਈ ਅਜਿਹੇ ਕਸੈਲੇ ਬਚਨ ਨਹੀਂ ਕਰਨੇ ਚਾਹੀਦੇ ਸਨ । ਤਦ ਬਾਬਾ ਜੀ ਨੇ ਉਸ ਸਿੱਖ ਨੂੰ ਵੀ ਬਚਨ ਕਰ ਦਿੱਤਾ ਕਿ ‘ਅਸੀਂ ਜਾਣੀਏਂ-ਗੁਰੂ ਕੇ ਜਾਣੀਏ, ਤੂੰ ਕਿਉਂ ਸੂਰ ਵਾਂਗੂੰ ਘੂਰ ਘੂਰ ਕਰਦਾ ਪਿਆ ਹੈ, ਜਾਹ ਪਰ੍ਹਾਂ ਹੋਕੇ ਬਹਿਜਾ ਸੂਰਾ’ । ਬਾਬਾ ਜੀ ਦੇ ਬੋਲ ਸੁਣ ਕੇ ਸਿੱਖ ਵੀ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਕਈ ਤਰ੍ਹਾਂ ਦੇ ਪਦਾਰਥ ਲੈ ਕੇ ਪਹੁੰਚੀ ਮਾਤਾ ਜੀ ਨੂੰ ਬਾਬਾ ਜੀ ਦੀ ਸਾਰੀ ਵਾਰਤਾ ਸੁਣਾ ਦਿੱਤੀ । ਮਾਤਾ ਗੰਗਾ ਜੀ ਨੂੰ ‘ਗੁਰੂ ਕਿਆਂ ਨੂੰ ਕਿੱਥੋਂ ਭਾਜੜਾਂ ਪੈ ਗਈਆਂ’ ਵਾਲੇ ਬਾਬਾ ਜੀ ਦੇ ਬਚਨਾਂ ਬਾਰੇ ਪਤਾ ਲੱਗਣ ਕਰਕੇ ਮਾਤਾ ਜੀ ਨੇ ਝਕਦੇ ਹੋਏ ਬਾਬਾ ਬੁੱਢਾ ਜੀ ਨੂੰ ਲੰਗਰ ਛਕਣ ਅਤੇ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦੇਣ ਲਈ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਤਾਂ ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਹਾਂ, ਗੁਰੂ ਘਰ ਦਾ ਘਾਹੀ ਹਾਂ । ਔਲਾਦ ਦੀ ਦਾਤ ਤਾਂ ਗੁਰੂ ਜੀ ਹੀ ਬਖ਼ਸ਼ ਸਕਦੇ ਹਨ । ਇਹ ਬੇਨਤੀ ਆਪ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਕਰੋ । ਨਿਰਾਸ਼ ਹੋਈ ਮਾਤਾ ਗੰਗਾ ਜੀ ਨੇ ਵਾਪਸ ਸ੍ਰੀ ਅੰਮ੍ਰਿਤਸਰ ਆ ਕੇ ਬਾਬਾ ਜੀ ਵੱਲੋਂ ਹੋਏ ਬਚਨਾਂ ਦੀ ਸਾਰੀ ਗਾਥਾ ਪੰਚਮ ਪਾਤਸ਼ਾਹ ਜੀ ਨੂੰ ਸੁਣਾਈ ਤਾਂ ਆਪ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਕਿਹਾ ਕਿ ਕਿਸੇ ਸਾਧੂ, ਸੰਤ ਜਾਂ ਬ੍ਰਹਮ-ਗਿਆਨੀ ਕੋਲੋਂ ਅਸ਼ੀਰਵਾਦ ਲੈਣ ਜਾਣਾ ਹੋਵੇ ਤਾਂ ਨਿਮਰਤਾ ਨਾਲ ਜਾਇਆ ਜਾਂਦਾ ਹੈ । ਆਪ ਜੀ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਨਿਨ ਸਿੱਖ ਬ੍ਰਹਮ-ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਨਿਮਰਤਾ ਨਾਲ ਨਹੀਂ ਸਗੋਂ ਸ਼ਾਨੋ ਸ਼ੌਕਤ ਨਾਲ ਗਏ ਸੀ । ਉਹ ਸੁੱਘੇ ਰੰਧਾਵੇ ਦਾ ਜੱਟ ਜ਼ਿਮੀਂਦਾਰ ਦਾ ਬੇਟਾ ਹੈ । ਜੱਟ ਮਿੱਸੇ ਪ੍ਰਸ਼ਾਦੇ, ਲੱਸੀ ਅਤੇ ਗੰਢਿਆਂ ‘ਤੇ ਬਹੁਤ ਰੀਝਦੇ ਹਨ । ਮਾਤਾ ਗੰਗਾ ਜੀ ਨੂੰ ਦਿਆਲੂ ਗੁਰੂ ਜੀ ਨੇ ਜੁਗਤ ਸਮਝਾਉਂਦੇ ਹੋਏ ਕਿਹਾ ਕਿ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ, ਗੰਢੇ, ਲੱਸੀ ਆਦਿ ਲੰਗਰ ਲੈ ਕੇ ਨੰਗੇ ਪੈਰੀਂ ਸੀਮਤ ਸੇਵਾਦਾਰਾਂ ਨਾਲ ਨਿਮਰ ਹੋਕੇ ਬਾਬਾ ਜੀ ਕੋਲ ਫਿਰ ਜਾਵੋ, ਗੁਰੂ ਨਾਨਕ ਜੀ ਅਤੇ ਅਕਾਲ ਪੁਰਖ ਜ਼ਰੂਰ ਖ਼ੈਰ ਪਾਉਣਗੇ ।
ਗੁਰੂ ਜੀ ਦੀ ਸਮਝਾਈ ਜੁਗਤ ਅਨੁਸਾਰ ਹੀ ਮਾਤਾ ਗੰਗਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹੋਏ ਖ਼ੁਦ ਦੁੱਧ ਰਿੜਕ ਕੇ ਲੱਸੀ-ਮੱਖਣ ਤਿਆਰ ਕੀਤਾ, ਮਿੱਸੇ ਪ੍ਰਸ਼ਾਦੇ ਪਕਾਏ, ਗੰਢੇ ਲਏ ਭਾਵ ਸ਼ਰਧਾ ਭਾਵਨਾ ਨਾਲ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਨੰਗੇ ਪੈਰੀਂ ਗੁਰਬਾਣੀ ਪੜ੍ਹਦੇ ਹੋਏ ਸ਼ੀਸ਼ ਉੱਤੇ ਮਿੱਸੇ ਪ੍ਰਸ਼ਾਦੇ, ਲੱਸੀ ਅਤੇ ਗੰਢੇ ਆਦਿ ਰੱਖ ਕੇ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਦਾ ਅਸ਼ੀਰਵਾਦ ਲੈਣ ਲਈ ‘ਬਾਬੇ ਦੀ ਬੀੜ੍ਹ’ ਪਹੁੰਚਣਾ ਕੀਤਾ । ਅੱਜ ਬਾਬਾ ਜੀ ਨੇ ਮਾਤਾ ਜੀ ਵੱਲੋਂ ਆਪਣੇ ਹੱਥੀ ਪਕਾਏ ਮਿੱਸੇ ਪ੍ਰਸ਼ਾਦੇ ਛੱਕ ਦੇ ਹੋਏ ਇਕ ਗੰਢੇ ‘ਤੇ ਮੁੱਕਾ ਮਾਰਦੇ ਹੋਏ ਸ਼ੁੱਭ ਬਚਨ ਕੀਤਾ ਕਿ ਆਪ ਜੀ ਦੇ ਗ੍ਰਹਿ ਬਹੁਤ ਬਲਵਾਨ ਤੇ ਜੋਧਾ ਪੁੱਤਰ ਪ੍ਰਗਟ ਹੋਵੇਗਾ:…(“ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ । ਜਾਂਕੋ ਬਲ ਗੁਨ ਕਿਨੁੰ ਨ ਸੋਧਾ । ਰੂਪੇ ਛੱਕੇ ਸੁ ਜੈਸ ਮਰੋਰੇ । ਤੁਰਕ ਸੀਸ ਤੈਸੇ ਬਹੁ ਤੋਰੇ”–ਗੁਰ ਬਿਲਾਸ ਪਾ: ਛੇਵੀਂ) ਇਸ ਤਰ੍ਹਾਂ ਪੰਚਮ ਪਾਤਸ਼ਾਹ ਜੀ ਦੀ ਆਪਣੀ ਵਰਤਾਈ ਲੀਲ੍ਹਾ ਅਨੁਸਾਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਮਿਲੇ ਅਸ਼ੀਰਵਾਦ ਸਦਕਾ ਛੇਵੇਂ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 427 ਸਾਲ ਪਹਿਲਾਂ ਗੁਰੂ ਕੀ ਵਡਾਲੀ ਨਗਰ ਵਿੱਚ ਹੋਇਆ । ਜਨਮ ਅਸਥਾਨ ਵਾਲਾ ਸਥਾਨ ‘ਨੱਤਾ ਦੀ ਵਡਾਲੀ’ ਦੇ ਜਿੰਮੀਦਾਰ ਭਾਈ ਭਾਗੂ ਜੀ ਦਾ ਵਾੜ੍ਹਾ ਰੂਪੀ ਘਰ ਸੀ ਤੇ ਘਰ ਦੇ ਨੇੜੇ ਆਪ ਜੀ ਦਾ ਖੂਹ ਵੀ ਸੀ । ਇਥੇ ਇਤਿਹਾਸ ਦੇ ਪਿਛੋਕੜ ਨੂੰ ਜਾਣਨ ਲਈ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦਾ ਸੀਨਾ-ਬਸੀਨਾ ਇਤਿਹਾਸ ਪੇਸ਼ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ । ਪੁੱਤਰ ਦਾ ਵਰ ਲੈਣ ਜਾਣ ਦੇ ਪਹਿਲੇ ਦਿਨ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਵੱਲੋਂ “ਗੁਰੂ ਕਿਆਂ ਨੂੰ ਕਿਥੋਂ ਭਾਜੜਾਂ ਪੈ ਗਈਆਂ” ਦੇ ਕੀਤੇ ਬੋਲਾਂ ਨੂੰ ਪੂਰਿਆਂ ਕਰਨ ਲਈ ਪੰਚਮ ਪਾਤਸ਼ਾਹ ਜੀ ਭਾਈ ਖਾਨ, ਭਾਈ ਢੋਲ ਅਤੇ ਭਾਈ ਭਾਗੂ ਆਦਿ ਗੁਰਸਿੱਖਾਂ ਵੱਲੋਂ ਕੀਤੀ ਬੇਨਤੀ ਮੰਨਦੇ ਹੋਏ ਉੱਜੜ ਜਾਂਦੇ ਪਿੰਡ ਨੂੰ ਵਸਾਉਣ ਲਈ ਦੋ ਚਾਰ ਘਰਾਂ ਵਾਲੇ ਪਿੰਡ ‘ਨੱਤਾਂ ਦੀ ਵਡਾਲੀ’ ਦੇ ਬਾਹਰਵਾਰ ਸ੍ਰੀ ਅੰਮ੍ਰਿਤਸਰ ਤੋਂ ਪਰਿਵਾਰ ਸਮੇਤ ਭਾਜੜ ਪਾਕੇ ਆ ਬੈਠੇ ਪੰਚਮ ਪਾਤਸ਼ਾਹ ਜੀ ਨੂੰ ਪਿੰਡ ਦੇ ਜਿੰਮੀਦਾਰ ਤੇ ਗੁਰੂ ਜੀ ਦੇ ਸੇਵਕ ਭਾਈ ਭਾਗੂ ਜੀ ਨੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਮਾਤਾ ਗੰਗਾ ਜੀ ਨੂੰ ਉਨ੍ਹਾਂ ਦੇ ਸੁਰੱਖਿਅਤ ਵਾੜੇ ਰੂਪੀ ਘਰ ਵਿਚ ਭੇਜ ਦਿੱਤਾ ਜਾਵੇ । ਗੁਰੂ ਜੀ ਨੇ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਦੀਆਂ ਕੋਝੀਆਂ ਹਰਕਤਾਂ ਨੂੰ ਵੇਖਦੇ ਹੋਏ ਭਾਈ ਭਾਗੂ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਮਾਤਾ ਗੰਗਾ ਜੀ ਨੂੰ ਨੱਤਾਂ ਦੀ ਵਡਾਲੀ ਨੇੜੇ ਤਕਰੀਬਨ ਇਕ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਭਾਈ ਭਾਗੂ ਦੇ ਵਾੜੇ ਵਾਲੇ ਘਰ ਲੈ ਆਏ ਜਿੱਥੇ ਮਾਤਾ ਗੰਗਾ ਜੀ ਭਾਈ ਭਾਗੂ ਦੇ ਪਰਿਵਾਰ ਵਿਚ ਬਿਨਾ ਕਿਸੇ ਭੈਅ ਦੇ ਰਹਿਣ ਲੱਗੇ । ਓਧਰ ਪੰਚਮ ਗੁਰੂ ਜੀ ਪਿੰਡ ਨੱਤਾਂ ਦੀ ਵਡਾਲੀ ਵਿਖੇ ਇਕ ਬੇਰੀ ਥੱਲੇ ਤੰਬੂ ਲਾਕੇ ਸੰਗਤਾਂ ਨੂੰ ਰੋਜ਼ਾਨਾ ਦਰਸ਼ਨ ਤੇ ਉਪਦੇਸ਼ ਦੇ ਕੇ ਨਿਹਾਲ ਕਰਨ ਲੱਗ ਪਏ ਸਨ । ਇਸ ਤਰ੍ਹਾਂ ਸਮਾਂ ਆਪਣੀ ਚਾਲੇ ਚਲਦਾ ਗਿਆ ਤੇ ਇਕ ਦਿਨ ਐਸਾ ਸੁਭਾਗਾ ਸਮਾਂ ਆਇਆ ਕਿ ਭਾਈ ਭਾਗੂ ਦੇ ਵਾੜੇ ਨੂੰ ਭਾਗ ਲੱਗ ਗਏ ਜਿੱਥੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 1 ਸੰਮਤ 1652, ਸੰਨ 1595 ਈਸਵੀ ਨੂੰ ਰਾਤ 12 ਵੱਜ ਕੇ 20 ਮਿੰਟ ‘ਤੇ ਹੋਇਆ।
ਭਾਈ ਭਾਗੂ ਜੀ ਨੇ ਤੰਬੂ ‘ਚ ਸੰਗਤਾਂ ਨੂੰ ਉਪਦੇਸ਼ ਦੇ ਰਹੇ ਪੰਚਮ ਪਾਤਸ਼ਾਹ ਜੀ ਨੂੰ ਬਾਲਕ ਦੇ ਜਨਮ ਲੈਣ ਦੀ ਖ਼ੁਸ਼ਖ਼ਬਰੀ ਸੁਣਾਈ ਤਾਂ ਗੁਰੂ ਜੀ ਨੇ ਆਪਣੇ ਘਰ ਬਾਲਕ ਹੋਣ ਦੀ ਖ਼ੁਸ਼ੀ ਵਿਚ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹੋਏ ਚਾਰ ਪਦਾਂ ਵਾਲੇ ਸ਼ਬਦ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੯੬ ਅੰਗ (ਪੰਨਾ-396) ਤੇ’ ਅੰਕਿਤ ਹੈ।
(ਆਸਾ ਮਹਲਾ ੫॥
ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥ ਮਿਟਿਆ ਸੋਗੁ ਮਹਾ ਅਨੰਦੁ ਥੀਆ॥ ਗੁਰਬਾਣੀ ਸਖੀ ਅਨੰਦੁ ਗਾਵੈ॥ ਸਾਚੇ ਸਾਹਿਬ ਕੈ ਮਨਿ ਭਾਵੈ॥੨॥ ਵਧੀ ਵੇਲਿ ਬਹੁ ਪੀੜੀ ਚਾਲੀ॥ ਧਰਮ ਕਲਾ ਹਰਿ ਬੰਧਿ ਬਹਾਲੀ॥ ਮਨ ਚਿੰਦਿਆ ਸਤਿਗੁਰੂ ਦਿਵਾਇਆ॥ ਭਏ ਅਚਿੰਤ ਏਕ ਲਿਵ ਲਾਇਆ॥੩॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥ ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥੪॥…ਅੰਗ-੩੯੬)
ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਕਰਕੇ ਇੱਥੇ ਪੰਚਮ ਗੁਰੂ ਜੀ ਨੇ ਆਪਣੇ ਸੇਵਕਾਂ ਭਾਈ ਖਾਨ ਜੀ, ਭਾਈ ਢੋਲ ਜੀ ਅਤੇ ਭਾਈ ਭਾਗੂ ਜੀ ਦੀ ਬੇਨਤੀ ਪ੍ਰਵਾਨ ਕਰਕੇ ਨਵੇਂ ਪਿੰਡ ਦਾ ਮੋਹੜ੍ਹਾ ਗੱਡਿਆ, ਜਿਸ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ‘ਗੁਰੂ ਕੀ ਵਡਾਲੀ’ ਰੱਖਿਆ । ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਿੰਡ ਦੀ ਜੂਹ ਵਿਚ ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ‘ਬਾਬਾ ਸਹਾਰੀ ਰੰਧਾਵਾ’ ਦੀ ਦੇਖ ਰੇਖ ਵਿਚ ਪੰਜ ਖੂਹ (ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ, ਪੰਜ ਹਰਟਾ ਅਤੇ ਛੇ ਹਰਟਾ) ਲਗਵਾਏ ਜਿਨ੍ਹਾਂ ਦਾ ਹਵਾਲਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਮਿਲਦਾ ਹੈ:- (“ਗੁਰੂ ਅਰਜੁਨ ਗੁਰੂ ਵਡਾਲੀ ਵਸਾਏ । ਸੁੰਦਰ ਕੂਪ ਤਿਹਿ ਬਹੁ ਲਗਾਏ”) । ਲਗਭਗ 3 ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਰਿਵਾਰ ਸਮੇਤ ਗੁਰੂ ਕੀ ਵਡਾਲੀ ਵਿਚ ਨਿਵਾਸ ਕੀਤਾ: (“ਵਡਾਲੀ ਮਹਿ ਸਤਿਗੁਰ ਰਹੇ ਤੀਨ ਬਰਸ ਸੁਖ ਪਾਈ । ਸੁਧਾ ਸਰੋਵਰ ਪੁਨ ਅਏ ਬਾਜੇ ਅਨਿਕ ਬਜਾਈ”-ਗੁਰ ਬਿਲਾਸ ਪਾ: ਛੇਵੀਂ) । ਤਿੰਨ ਸਾਲ ਦੀ ਅਵਸਥਾ ਤੱਕ ਬਾਲਕ ਹਰਿਗੋਬਿੰਦ ਜੀ ਨੇ ਗੁਰੂ ਕੀ ਵਡਾਲੀ ਵਿਖੇ ਕਈ ਕੌਤਕ ਕੀਤੇ ਜਿਨ੍ਹਾਂ ਵਿਚ ਲੋਭੀ ਸਪੇਰੇ ਅਤੇ ਸੋਭੀ ਦਾਈ ਦੇ ਉਧਾਰ ਕਰਨ ਦੇ ਕੌਤਕ ਪ੍ਰਮੁੱਖ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿੰਨ ਹਰਟਾ ਖੂਹ (ਗੁ: ਮੰਜੀ ਸਾਹਿਬ) ਦੇ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਬਾਬਾ ਸਹਾਰੀ ਰੰਧਾਵਾ ਨੂੰ ਪੰਜਾਂ ਖੂਹਾਂ ਦੀ ਜ਼ਮੀਨ ਦਾ ਮਾਲਕ ਬਣਾਉਂਦੇ ਹੋਏ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਰੰਧਾਵਾ ਦਾ ਵਰ ਦੇ ਕੇ ਨਿਵਾਜਿਆ । ਪੰਚਮ ਪਾਤਸ਼ਾਹ ਜੀ ਨੇ ਖੂਹਾਂ ਦੀਆਂ ਟਿੰਡਾਂ, ਇੱਟਾਂ ਅਤੇ ਸੰਗਤਾਂ ਦੀ ਰਾਖੀ ਲਈ ਅਗੰਮੀ ਗੁੱਪਤ ਸ਼ਹੀਦੀ ਫ਼ੌਜਾਂ ਦੇ ਪਹਿਰੇ ਦੀ ਨਿਸ਼ਾਨੀ ਵਜੋਂ ਆਪਣੇ ਮਾਮਾ ਜੀ ਦੇ ਨਾਮ ਵਾਲੇ ‘ਮਾਮੇ ਮੋਹਰੀ ਦੇ ‘ਦੋ ਹਰਟਾ ਖੂਹ’ ਦੇ ਨੇੜੇ ਬੇਰੀ ਦੀ ਕਲਮ ਲਗਾਉਂਦੇ ਹੋਏ ਨਵੇਂ ਵਸਾਏ ਪਿੰਡ ਗੁਰੂ ਕੀ ਵਡਾਲੀ ਨੂੰ ‘ਚੜ੍ਹੀ ਆਵੇ ਸੋ ਲੱਥੀ ਜਾਵੇ’ ਦਾ ਵਰ ਦੇ ਕੇ ਸ੍ਰੀ ਅੰਮ੍ਰਿਤਸਰ ਚਲੇ ਗਏ।
ਇੱਧਰ ਨਵੇਂ ਵੱਸੇ ਨਗਰ ਗੁਰੂ ਕੀ ਵਡਾਲੀ ਵਿਖੇ ਬਾਬਾ ਸਹਾਰੀ ਰੰਧਾਵਾ ਜੀ ਨੇ ਗੁਰੂ ਜੀ ਵੱਲੋਂ ਮਿਲੇ ਅਸ਼ੀਰਵਾਦ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਕਰੜੀ ਮਿਹਨਤ ਕਰਕੇ ਗੁਰੂ ਜੀ ਦਾ ਹਲ ਵਾਹ ਕੇ ਪੰਜਾਂ ਖੂਹਾਂ ਦੇ ਜਲ ਨਾਲ ਜੰਗਲ ਤੇ ਬੰਜਰ-ਨੁੱਮਾ ਜ਼ਮੀਨ ਨੂੰ ਸਿੰਝ ਕੇ ਛੇਤੀ ਹੀ ਵਾਹੀ ਦੇ ਯੋਗ ਬਣਾ ਲਿਆ, ਜਿਸ ਨਾਲ ਫ਼ਸਲ ਬਾੜੀ ਅਤੇ ਅੰਨ ਭੰਡਾਰ ਵਿਚ ਬਹੁਤ ਹੀ ਬਰਕਤ ਪਈ : (“ਪੰਚਮ ਪਾਤਸ਼ਾਹ ਜੀ ਆਪਣੇ ਸਿੱਖ ਬਾਬਾ ਸਹਾਰੀ ਜੀ ਦੀ ਖੇਤੀ ਵੇਖਣ ਅਕਸਰ ਹੀ ਪਿੰਡ ਗੁਰੂ ਕੀ ਵਡਾਲੀ ਆਇਆ ਕਰਦੇ ਸਨ ਜੋ ਗੁਰੂ ਕੇ ਲੰਗਰਾਂ ਲਈ ਕਰਦਾ ਸੀ”-ਮਹਾਨ ਕੋਸ਼, ਪੰਨਾ 1081) । ਗੁਰੂ ਕੀ ਵਡਾਲੀ ਵਿਖੇ ਪੰਜ ਹਰਟਾ ਖੂਹ ਨੇੜੇ ਛੇਵੇਂ ਪਾਤਸ਼ਾਹ ਜੀ ਨੇ ਜਵਾਨੀ ਵਿਚ ਆ ਕੇ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ ਸੂਰ ਬਣੇ ਸਿੱਖ ਦਾ ਸ਼ਿਕਾਰ ਕਰਕੇ ਉਧਾਰ ਕੀਤਾ ?ਸੀ । ਇੱਥੇ ਛੇਵੇਂ ਗੁਰੂ ਜੀ ਨੇ ਆਪਣਾ ਕਮਰ-ਕੱਸਾ ਖ਼ੋਲ ਕੇ ਦਮ ਲਿਆ ਭਾਵ ਵਿਸ਼ਰਾਮ ਕੀਤਾ ਤੇ ਇਸ ਅਸਥਾਨ ਦਾ ਨਾਮ ਦਮਦਮਾ ਰੱਖ ਕੇ ਸਰਾਪੇ ਹੋਏ ਪ੍ਰਾਣੀਆਂ ਦੇ ਮੁਕਤ ਹੋਣ ਦਾ ਵਰ ਦਿੱਤਾ ਸੀ, ਜਿਸ ਦਾ ਜ਼ਿਕਰ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਇਸ ਤਰਾਂ ਹੈ: (“ਭਗਤ ਸਿੰਘ ਜੋ ਦਮਦਮਾ ਵਡਾਲੀ ਤੇ ਕਛ ਦੂਰ । ਨੈਰ ਕੋਨ ਤਿੰਹ ਦਰਸ ਤੇ ਹੋਤ ਸਭੈ ਅਘ ਚੂਰ”।) ਇੱਥੇ ਇਹ ਗੱਲ ਵਰਨਣਯੋਗ ਹੈ ਕਿ ਗੁ: ਦਮਦਮਾ ਸਾਹਿਬ ਤੋਂ ਇਕ ਕਿੱਲੋਮੀਟਰ ਦੀ ਦੂਰੀ ਤੇ ਜਿਸ ਘੋਰਨੇ ਵਿੱਚ ਸੂਰ ਰਿਹਾ ਕਰਦਾ ਸੀ, ਅੱਜ ਵੀ ਉਹ ਪੈਲੀ ਕਾਗ਼ਜ਼ਾਂ ਵਿੱਚ ‘ਸੂਰਾਂ ਵਾਲੀ ਪੈਲੀ’ ਦੇ ਨਾਮ ਨਾਲ ਜਾਣੀ ਜਾਂਦੀ ਹੈ । ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਵਾਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਹੁਤ ਬਲਵਾਨ, ਯੋਧੇ ਅਤੇ ਪਰਉਪਕਾਰੀ ਗੁਰੂ ਸਨ । ਆਪ ਜੀ ਦੇ ਇਨ੍ਹਾਂ ਮਹਾਨ ਗੁਣਾ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਲਿਖੀ ਪਹਿਲੀ ਵਾਰ ਦੀ ਵੀਂ ਪਉੜੀ ਵਿਚ ਕੀਤਾ ਹੈ- (“ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆ ਰੂਪ ਦਿਖਾਵਿਣ ਵਾਰੋ ਵਾਰੀ। ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ। ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ। ਕਲਿਜੁਗੁ ਪੀੜੀ ਸੋਢੀਆਂ ਨਿਹਚਲ ਨੀਂਵ ਉਸਾਰਿ ਖਲਾਰੀ। ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ।”)
Columns “ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ”