ਪਿੰਡ ਕੱਦੋਂ ਵਿੱਚ ਆਧੁਨਿਕ ਖੇਤੀ ਅਤੇ ਸਹਾਇਕ ਧੰਧਿਆਂ ਦੇ ਨਿਰਮਾਤਾ ਮਹਿੰਦਰ ਸਿੰਘ ਮੁੰਡੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਲੁਧਿਆਣਾ ਜਿਲ੍ਹੇ ਦੇ ਪਿੰਡਾਂ ਵਿੱਚ ਫੁੱਲਾਂ ਵਾਲੇ ਮਾਸਟਰ ਦੇ ਨਾਮ ਨਾਲ ਜਾਣੇ ਜਾਂਦੇ ਸਨ। ਕਿੱਤੇ ਦੇ ਤੌਰ ’ਤੇ ਉਹ ਇਕ ਸਫਲ ਅਧਿਆਪਕ ਸਨ, ਪਰੰਤੂ ਉਨ੍ਹਾਂ ਦਾ ਸ਼ੌਕ ਪਿਤਾ-ਪੁਰਖੀ ਖੇਤਬਾੜੀ ਦੇ ਕਿੱਤੇ ਨੂੰ ਆਧੁਨਿਕ ਤਕਨੀਕ ਅਪਣਾਉਂਦੇ ਹੋਏ ਨਵੇਂ ਬੀਜਾਂ ਵਾਲੀਆਂ ਫ਼ਸਲਾਂ ਬੀਜਣਾ ਅਤੇ ਲਾਹੇਵੰਦ ਖੇਤੀ ਕਰਨਾ ਸੀ, ਜਿਸ ਕਰਕੇ ਉੁਨ੍ਹਾਂ ਨੇ ਰਵਾਇਤੀ ਫ਼ਸਲਾਂ ਦੇ ਨਾਲ ਬਦਲਵੀਂਆਂ ਫਸਲਾਂ ਉਗਾਉਣ ਦਾ ਮਨ ਬਣਾ ਲਿਆ। ਇਸ ਕਰਕੇ ਉਨ੍ਹਾਂ ਨੂੰ ਫੁੱਲਾਂ ਵਾਲੇ ਮਾਸਟਰ ਕਿਹਾ ਜਾਂਦਾ ਸੀ। ਉਨ੍ਹਾਂ ਆਪਣੇ ਕਿੱਤੇ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਜਾ ਕੇ ਖੇਤੀਬਾੜੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ। 1961 ਵਿੱਚ ਗੁਰਦਾਸਪੁਰ ਤੋਂ ਪੋਲਟਰੀ ਫਾਰਮਿੰਗ ਦਾ ਕੋਰਸ ਕੀਤਾ। ਫਿਰ 50 ਮੁਰਗੀਆਂ ਨਾਲ ਪਿੰਡ ਵਿੱਚ ਹੀ ਪੋਲਟਰੀ ਫਾਰਮ ਸਥਾਪਿਤ ਕੀਤਾ। 1975 ਵਿੱਚ ਮਹਿੰਦਰ ਸਿੰਘ ਮੁੰਡੀ ਨੇ ਖੁੰਬਾਂ ਦੀ ਕਾਸ਼ਤ ਕਰਨ ਦੀ ਸਿਖਲਾਈ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਇਸ ਮੰਤਵ ਲਈ ਸ਼ੈਡਾਂ ਦੀ ਉਸਾਰੀ ਕੀਤੀ ਗਈ। 21-22 ਫਰਵਰੀ, 1978 ਨੂੰ ਦਿੱਲੀ ਵਿਖੇ ਖੁੰਬਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਸੈਮੀਨਾਰ ਹੋਇਆ। ਮਹਿੰਦਰ ਸਿੰਘ ਮੁੰਡੀ ਨੇ ਉਸ ਸੈਮੀਨਾਰ ਵਿੱਚ ਹਿੱਸਾ ਲਿਆ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ‘ਮਸ਼ਰੂਮ ਗ੍ਰੋਅਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਸਨ। ਇਸ ਸੈਮੀਨਾਰ ਦਾ ਉਦਘਾਟਨ ਉਦੋਂ ਦੇ ਪ੍ਰਧਾਨ ਮੰਤਰੀ ਮੋਰਾਰਜੀ ਡਿਸਾਈ ਨੇ ਕੀਤਾ, ਦੂਜੇ ਦਿਨ ਤਤਕਾਲੀ ਕੇਂਦਰੀ ਖੇਤੀਬਾੜੀ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਮਹਿੰਦਰ ਸਿੰਘ ਮੁੰਡੀ ਨੇ 1978 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣ ਦਾ ਕੋਰਸ ਕੀਤਾ। ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣ ਦੀ ਸਿਖਿਆ ਮਹਿੰਦਰ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਹੋਰ ਕਿਸਾਨਾ ਨੂੰ ਵੀ ਦਿੱਤੀ। ਇਸ ਕੰਮ ਵਿੱਚ ਵੀ ਉਹ ਸਫਲ ਹੋਏ। ਸ਼ਹਿਦ ਦੀਆਂ ਮੱਖੀਆਂ ਦੇ ਨਾਲ ਹੀ ਫੁੱਲਾਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਮਹਿੰਦਰ ਸਿੰਘ ਦਾ ਇਲਾਕੇ ਵਿੱਚ ਨਾਮ ਹੋ ਗਿਆ ਅਤੇ ਫੁੱਲਾਂ ਵਾਲਾ ਮਾਸਟਰ ਮਹਿੰਦਰ ਸਿੰਘ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਮਹਿੰਦਰ ਸਿੰਘ ਮੁੰਡੀ ਦੇ ਫਾਰਮ ਅਤੇ ਸਹਾਇਕ ਕਿੱਤਿਆਂ ਦੇ ਕੰਮ ਨੂੰ ਵੇਖਣ ਲਈ ਦੇਸ਼ ਵਿਦੇਸ਼ ਦੇ ਵੱਖ-ਵੱਖ ਸਿਆਸਤਦਾਨ, ਵਿਗਿਆਨੀ ਅਤੇ ਖੇਤੀਬਾੜੀ ਮਾਹਿਰ ਆਉਂਦੇ ਰਹੇ ਹਨ, ਜਿਨ੍ਹਾਂ ਵਿੱਚ ਰੂਸ ਦੇ ਤਤਕਾਲੀ ਡਿਪਟੀ ਖੇਤੀਬਾੜੀ ਮੰਤਰੀ, ਨੋਬਲ ਇਨਾਮ ਜੇਤੂ ਡਾ. ਨਾਰਮਨ ਬੁਰਲਾਗ, ਕੇਂਦਰੀ ਰਾਜ ਮੰਤਰੀ ਏ.ਪੀ.ਸ਼ਿੰਦੇ, ਪੰਜਾਬ ਦੇ ਖੇਤੀਬਾੜੀ ਮੰਤਰੀ ਮਾਸਟਰ ਗੁਰਬੰਤਾ ਸਿੰਘ, ਬੇਅੰਤ ਸਿੰਘ ਵਿਧਾਨਕਾਰ, ਆਈ.ਏ.ਐਸ.ਅਧਿਕਾਰੀ ਫਾਈਨੈਂਸ਼ੀਅਲ ਕਮਿਸ਼ਨਰ ਭਾਰਤ ਸਰਕਾਰ ਐਸ.ਐਸ.ਗਰੇਵਾਲ, ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਪ੍ਰੀਤਮ ਸਿੰਘ ਅਤੇ ਅਮਰੀਕਨ ਵਿਗਿਆਨੀ ਸ਼ਾਮਲ ਸਨ। ਪੰਜਾਬ ਦੇ ਲਗਭਗ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਵੀ ਆਉਂਦੇ ਰਹੇ।
ਉਨ੍ਹਾਂ ਫ਼ਸਲਾਂ ਦੀਆਂ ਨਵੀਂਆਂ ਕਿਸਮਾਂ ਦੇ ਬੀਜ ਬੀਜਣ ਨੂੰ ਅਪਣਾ ਲਿਆ। ਖੇਤੀਬਾੜੀ ਦੀ ਕਾਸ਼ਤ ਵਿੱਚ ਆਧੁਨਿਕ ਤਕਨੀਕ, ਹਾਈਬਰਿਡ ਫਸਲਾਂ ਦੇ ਨਵੇਂ ਬੀਜਾਂ ਅਤੇ ਸਹਾਇਕ ਧੰਦਿਆਂ ਨੂੰ ਪਿੰਡ ਵਿੱਚ ਸ਼ੁਰੂ ਕਰਨ ਦਾ ਮਾਣ ਪੋਲ੍ਹੋ ਕਿਆਂ ਦੇ ਮਹਿੰਦਰ ਸਿੰਘ ਨੂੰ ਜਾਂਦਾ ਹੈ। ਮਹਿੰਦਰ ਸਿੰਘ ਮੁੰਡੀ ਦਾ ਜਨਮ ਕਿਸਾਨੀ ਪਰਿਵਾਰ ਵਿੱਚ ਹੋਇਆ। ਜਦੋਂ 1966 ਤੋਂ ਪਹਿਲਾਂ ਪੰਜਾਬ ਵਿੱਚ ਹਰਾ ਇਨਕਲਾਬ ਲਿਆਉਣ ਦੀ ਗੱਲ ਚੱਲੀ, ਤਾਂ ਪੰਜਾਬ ਸਰਕਾਰ ਅਨਾਜ ਦੀ ਉਪਜ ਵਧਾਉਣ ਲਈ ਰਾਜ ਦੇ ਸਾਰੇ ਬਲਾਕਾਂ ਵਿੱਚੋਂ ਪ੍ਰੋਗਰੈਸਿਵ ਕਿਸਾਨਾਂ ਦੇ ਫਾਰਮਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਪਾਇਲਟ ਪ੍ਰੋਜੈਕਟ ਸਕੀਮ ਅਧੀਨ ਅਧੁਨਿਕ ਹਾਈਬਰਿਡ ਬੀਜਾਂ ਵਾਲੀਆਂ ਫ਼ਸਲਾਂ ਬੀਜਣ ਲਈ ਕਿਹਾ ਸੀੇ। ਪਿੰਡ ਨੂੰ ਮਾਣ ਜਾਂਦਾ ਹੈ ਕਿ ਦੋਰਾਹਾ ਬਲਾਕ ਵਿੱਚੋਂ ਪੋਲ੍ਹੋ ਕਿਆਂ ਦੇ ਮਹਿੰਦਰ ਸਿੰਘ ਮੁੰਡੀ ਦੇ ‘ਵੀਰ ਖੇਤੀਬਾੜੀ ਫਾਰਮ’ ਪਿੰਡ ਕੱਦੋਂ ਦੀ ਚੋਣ ਕੀਤੀ ਗਈ। ਇਨ੍ਹਾਂ ਫਾਰਮਾਂ ਵਿੱਚ ਨਵੀਂਆਂ ਕਿਸਮਾਂ ਦੇ ਬੀਜ ਬੀਜਣ ਲਈ ਸਰਕਾਰ ਦਿੰਦੀ ਸੀ। ਲੋਕ ਨਵੀਂਆਂ ਫਸਲਾਂ ਬੀਜਣ ਤੋਂ ਝਿਜਕਦੇ ਸਨ। ਅਮਰੀਕਾ ਤੋਂ ਲਿਆਂਦੀ ਮੈਕਸੀਕਨ ਕਣਕ ਦੀ ਬਿਜਾਈ ਮਹਿੰਦਰ ਸਿੰਘ ਨੇ ਆਪਣੇ ‘ਵੀਰ ਫਾਰਮ’ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ, ਜਿਸ ਦਾ ਪ੍ਰਤੀ ਏਕੜ ਝਾੜ 30 ਕਵਿੰਟਲ ਨਿਕਲਿਆ, ਪਰੰਤੂ ਫ਼ਸਲ ਦਾ ਮਧਰਾ ਕੱਦ ਹੋਣ ਕਰਕੇ ਤੂੜੀ ਘੱਟ ਬਣਦੀ ਸੀ। ਇਸ ਤੋਂ ਬਾਅਦ ਉਨ੍ਹਾਂ 1967 ਵਿੱਚ ਕਣਕ ਦਾ ਪੀ.ਵੀ. –18 ਬੀਜ ਬੀਜਿਆ, ਜਿਸ ਵਿੱਚੋਂ ਵੀ 25-30 ਕਵਿੰਟਲ ਝਾੜ ਨਿਕਲਿਆ। ਇਸ ਫਸਲ ਦਾ ਲਾਭ ਇਹ ਸੀ ਕਿ ਇਸ ਦੇ ਬੂਟਿਆਂ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਪਸ਼ੂਆਂ ਲਈ ਤੂੜੀ ਵਧੇਰੇ ਬਣਦੀ ਸੀ। ਉਸ ਤੋਂ ਬਾਅਦ ਹਾਈਬਰਿਡ ਮੱਕੀ ਦੀ ਫ਼ਸਲ ਦੀ ਬਿਜਾਈ ਕੀਤੀ। ਉਨ੍ਹਾਂ ਖੇਤੀਬਾੜੀ ਦੇ ਨਾਲ ਸਹਾਇਕ ਧੰਧੇ ਕਰਨੇ ਵੀ ਸ਼ੁਰੂ ਕੀਤੇ। ਮਹਿੰਦਰ ਸਿੰਘ ਦਾ ਜਨਮ 21 ਜੂਨ, 1940 ਨੂੰ ਮਾਤਾ ਜਗੀਰ ਕੌਰ ਅਤੇ ਪਿਤਾ ਈਸ਼ਰ ਸਿੰਘ ਦੇ ਘਰ ਹੋਇਆ। ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਐਫ.ਐਸ.ਸੀ. ਨਾਨ-ਮੈਡੀਕਲ ਆਰੀਆ ਕਾਲਜ ਲੁਧਿਆਣਾ ਤੋਂ ਪਾਸ ਕੀਤੀ। ਆਰਥਿਕ ਮਜਬੂਰੀਆਂ ਕਰਕੇ ਅੱਗੇ ਉੱਚ ਪੜ੍ਹਾਈ ਨਹੀਂ ਕਰ ਸਕੇ। 1962 ਵਿੱਚ ਸਰਕਾਰੀ ਹਾਈ ਸਕੂਲ ਦੋਰਾਹਾ ਵਿੱਚ ਜੇ.ਬੀ.ਟੀ. ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਤਾਂ ਉਨ੍ਹਾਂ ਉਥੇ ਦਾਖਲਾ ਲੈ ਲਿਆ। 1964 ਵਿੱਚ ਜੇ.ਬੀ.ਟੀ. ਦਾ ਕੋਰਸ ਮੁਕੰਮਲ ਕਰ ਲਿਆ। ਤੁਰੰਤ ਆਰਜ਼ੀ ਅਧਿਆਪਕ ਦੀ ਨੌਕਰੀ ਮਿਲ ਗਈ ਅਤੇ ਕਈ ਸਕੂਲਾਂ ਵਿੱਚ ਪੜ੍ਹਾਉਣ ਤੋਂ ਬਾਅਦ 16 ਅਗਸਤ 1966 ਨੂੰ ਸਰਕਾਰੀ ਹਾਈ ਸਕੂਲ ਰਾਮਪੁਰ ਵਿੱਚ ਪੱਕੀ ਨੌਕਰੀ ਮਿਲ ਗਈ। ਇਥੇ ਮੈਥ ਅਤੇ ਖੇਤੀਬਾੜੀ ਦਾ ਵਿਸ਼ਾ ਪੜ੍ਹਾਉਂਦਾ ਰਿਹਾ। 1978 ਵਿੱਚ ਪਿੰਡ ਕੱਦੋਂ ਦੀ ਬਦਲੀ ਹੋ ਗਈ। ਖੇਤੀਬਾੜੀ ਦਾ ਵਿਸ਼ਾ ਪੜ੍ਹਾਉਣ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਜਾਣ ਦਾ ਮੌਕਾ ਮਿਲਿਆ ਜਿਥੋਂ ਸਹਾਇਕ ਕਿੱਤਿਆਂ ਖੁੰਬਾਂ, ਸ਼ਹਿਦ ਦੀਆਂ ਮੱਖੀਆਂ ਅਤੇ ਫੁੱਲਾਂ ਦੀ ਕਾਸ਼ਤ ਕਰਨ ਦੀ ਜਾਗ ਲੱਗ ਗਈ। 31 ਸਾਲ ਨੌਕਰੀ ਕਰਨ ਤੋਂ ਬਾਅਦ 1997 ਵਿੱਚ ਸੇਵਾ ਮੁਕਤ ਹੋ ਗਏ। ਇਕ ਮਹੀਨਾ ਪਹਿਲਾਂ ਹੀ ਪਿੰਡ ਕੱਦੋਂ ਵਿਖੇ ਮੈਂ ਉਨ੍ਹਾਂ ਨੂੰ ਮਿਲਕੇ ਆਇਆ ਸੀ। ਉਨ੍ਹਾਂ ਪੁਰਾਣੇ ਦੋਸਤਾਂ ਨਾਲ ਮਿਲ ਬੈਠਣ ਦਾ ਪ੍ਰੋਗਰਾਮ ਬਣਾਇਆ ਸੀ ਪ੍ਰੰਤੂ ਜਿਸ ਦਿਨ ਮੀਟਿੰਗ ਸੀ, ਉਸ ਦਿਨ ਉਨ੍ਹਾਂ ਨੇ ਦਿਲ ਦੀ ਤਕਲੀਫ ਮਹਿਸੂਸ ਕੀਤੀ ਤੇ ਪ੍ਰੋਗਰਾਮ ਅੱਗੇ ਪਾ ਕੇ ਲੁਧਿਆਣਾ ਵਿਖੇ ਚੈਕ ਅਪ ਕਰਵਾਉਣ ਚਲੇ ਗਏ ਸਨ। ਡਾਕਟਰਾਂ ਦੀ ਸਲਾਹ ਅਨੁਸਾਰ ਉਹ ਵਾਪਸ ਇਲਾਜ ਲਈ ਕੈਨੇਡਾ ਚਲੇ ਗਏ। ਅੱਜ ਕੱਲ੍ਹ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿ ਰਹੇ ਸਨ। 27 ਜੂਨ ਨੂੰ 83 ਸਾਲ 6 ਦਿਨ ਦੀ ਉਮਰ ਭੋਗ ਕੇ ਸਵਰਗ ਸਿਧਾਰ ਗਏ। ਉਹ ਆਪਣੇ ਪਿਛੇ ਪਤਨੀ ਬਲਜੀਤ ਕੌਰ, ਸਪੁੱਤਰੀ ਪਰਮਜੀਤ ਕੌਰ, ਸਪੁੱਤਰ ਬਲਦੇਵ ਸਿੰਘ, ਬਲਵੀਰ ਸਿੰਘ ਅਤੇ ਕੁਲਵੀਰ ਸਿੰਘ ਛੱਡ ਗਏ ਹਨ।
ਮਹਿੰਦਰ ਸਿੰਘ ਮੁੰਡੀ ਦਾ ਸਸਕਾਰ 1 ਜੁਲਾਈ 2023 ਨੂੰ ਸ਼ਮਸ਼ਾਨ ਘਾਟ ਤੇ ਫਨਰਲ ਹੋਮ 6403 ਰੋਪਰ ਐਨ.ਡਵਲਯੂ. ਐਡਮਿੰਟਨ ਵਿਖੇ ਦੁਪਹਿਰ 1-00 ਵਜੇ ਅਤੇ ਭੋਗ, ਕੀਰਤਨ ਤੇ ਅੰਤਮ ਅਰਦਾਸ ਉਸੇ ਦਿਨ ਗੁਰਦੁਆਰਾ ਮਿਲਵੁਡਜ਼ 2606 ਮਿਲ ਵੁਡਜ਼ ਰੋਡ-ਈ, ਐਡਮਿੰਟਨ ਵਿਖੇ 2-30 ਬਾਅਦ ਦੁਪਹਿਰ ਹੋਵੇਗੀ।