ਅੰਮ੍ਰਿਤਸਰ, 9 ਜੂਨ – ਅੰਮ੍ਰਿਤਸਰ ਵਿਕਾਸ ਮੰਚ ਨੇ ਮੰਗ ਕੀਤੀ ਹੈ ਕਿ ਅਹਿਮਦਾਬਾਦ ਵਾਂਗ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਗੁਜਰਾਤੀਆਂ ਨੂੰ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਅਹਿਮਦਾਬਾਦ ਤੋਂ ਲੰਡਨ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਕੇ ਆਜ਼ਾਦੀ ਦਿਵਸ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਲੰਡਨ ਵਿੱਚ ਗੁਜਰਾਤੀਆਂ ਨਾਲੋਂ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ। ਇਸ ਲਈ ਪੰਜਾਬੀ ਵੀ ਅਜਿਹੀ ਸੁਵਿਧਾ ਦੇ ਹੱਕਦਾਰ ਹਨ। ਇੱਥੇ ਹੀ ਬੱਸ ਨਹੀਂ ਇਹ ਉਡਾਣ ਲੰਡਨ ਤੋਂ ਨਿਊ ਜਰਸੀ (ਅਮਰੀਕਾ) ਜਾਵੇਗੀ। ਅਹਿਮਦਾਬਾਦ ਤੋਂ ਇਸ ਸਮੇਂ ਚਲ ਰਹੀ ਦਿੱਲੀ ਲੰਡਨ ਉਡਾਣ ਵੀ ਜਾਰੀ ਰਹੇਗੀ। ਗੁਮਟਾਲਾ ਨੇ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਤੇ ਸ. ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਧੀਆਂ ਉਡਾਣਾਂ ਲਈ ਅੱਗੇ…… ਆਉਣ ਤੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਨਿੱਜੀ ਰੂਪ ਵਿੱਚ ਮਿਲਣ ਦੀ ਖੇਚਲ ਕਰਨ ਤਾਂ ਜੋ ਦੁਨੀਆਂ ਭਰ ਦੇ ਯਾਤਰੂਆਂ ਨੂੰ ਪੰਜਾਬ ਆਉਣ ਜਾਣ ਵਿੱਚ ਆਸਾਨੀ ਹੋ ਸਕੇ। ਇਸ ਸਮੇਂ ਉਨ੍ਹਾਂ ਨੂੰ ਘੰਟਿਆਂ ਬਧੀ ਦਿੱਲੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਨਾਲ ਪੰਜਾਬ ਦੇ ਹੋਟਲ ਉਦਯੋਗ, ਕਾਰਗੋ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਲਾਭ ਪੁੱਜੇਗਾ। ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪਿਛਲੇ ਸਾਲ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪਿਛਲੀ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਮੁੜ ਤੋਂ ਬਹਾਲ ਕੀਤੀਆਂ ਜਾਣ। ਉਸ ਸਮੇਂ ਦੇ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਦੇ ਹੋਰ ਆਗੂਆਂ ਨੇ ਸਰਕਾਰ ਦੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਅਜਿਹਾ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਇਸ ਪੱਤਰ ਦੇ ਜਵਾਬ ਵਿੱਚ ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਦਿੱਲੀ ਹੱਬ ਹੋਣ ਕਰਕੇ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਨਹੀਂ ਸ਼ੁਰੂ ਹੋ ਸਕਦੀਆਂ ਤੇ ਇਹ ਬਰਾਸਤਾ ਦਿੱਲੀ ਹੀ ਰਹਿਣਗੀਆਂ। ਏਅਰ ਇੰਡੀਆ ਵੱਲੋਂ ੧੫ ਅਗਸਤ ਤੋਂ ਅਹਿਮਦਾਬਾਦ ਤੋਂ ਸਿੱਧੀਆਂ ਉਡਾਣਾਂ ਦੇ ਸ਼ੁਰੂ ਕਰਨ ਦੇ ਐਲਾਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇ ਸਰਕਾਰ ਚਾਹੇ ਤਾਂ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕਦੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ, ਸਿਰਫ਼ ਇੱਛਾ ਸ਼ਕਤੀ ਦੀ ਲੋੜ ਹੈ।
Indian News ਅਹਿਮਦਾਬਾਦ ਵਾਂਗ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ –...