ਦੇਸ਼ ਵਿੱਚ 17 ਕਰੋੜ ਆਦਿਵਾਸੀ ਹਨ ਜੋ ਭਾਰਤ ਦੇ ਧਰਤੀ ਪੁੱਤਰ ਹਨ| ਦੇਸ਼ ਦੇ ਅਜ਼ਾਦੀ ਅੰਦੋਲਨ ਵਿਚ ਆਦਿਵਾਸੀਆਂ ਦੀਆਂ ਸ਼ਹੀਦੀਆਂ ਦਾ ਕੋਈ ਸਾਨੀ ਨਹੀ| ਭਾਰਤ ਦੇ ਅਜ਼ਾਦੀ ਅੰਦੋਲਨ ’ਚ ‘ਚੁਹਾੜ ਵਿਦਰੋਹ’ ‘ਹੂਲ ਵਿਦਰੋਹ’, ਭੀਲ ਖਾਨਦੇਸ ਵਿਦਰੋਹ, ‘ਭੋਗਨਾ ਡੀਹ ਵਿਦਰੋਹ, ‘ਵਿਰਸਾ ਮੁੰਡਾ ਵਿਦਰੋਹ’, ‘ਪਾਲਚਿੱਤਵਿਆ ਵਿਦਰੋਹ’, ‘ਰਜਵਾਰਾਂ ਦਾ ਵਿਦਰੋਹ’ ਆਦਿ ਵਿਦਰੋਹਾਂ ਵਿਚ ਹਜ਼ਾਰਾਂ ਆਦਿਵਾਸੀ ਸ਼ਹੀਦ ਹੋਏ, ਹਜ਼ਾਰਾਂ ਜਖ਼ਮੀ ਤੇ ਹਜ਼ਾਰਾਂ ਨੇ ਜੇਲ੍ਹਾਂ ਕੱਟੀਆਂ| ਭਾਰਤ ਦੀ ਆਜ਼ਾਦੀ ਲਈ ਫੈਸਲਾਕੁੰਨ ਹੋਏ ‘ਹਲਦੀ ਦੀ ਘਾਟੀ ਦੇ ਯੁੱਧ ਵਿਚ ਭੀਲ ਆਦਿਵਾਸੀਆਂ ਦੀ ਬਹਾਦਰੀ ਦੇ ਝੰਡੇ ਹਮੇਸ਼ਾਂ ਝੂਲਦੇ ਹਨ|
ਭਾਰਤ ਦੀ ਅਜ਼ਾਦੀ ਦਾ ਪਹਿਲਾ ਸੁਤੰਤਰਤਾ ਸੰਗਰਾਮ 1771-1784 ਦਰਮਿਆਨ ਆਦਿਵਾਸੀ ਤਿਲਕਾ ਮਾਝੀ ਅਤੇ ਉਸ ਦੇ ਸਾਥੀਆਂ ਨੇ ‘ਹੂਲ ਵਿਦਰੋਹ’ ਕਰਕੇ ਕੀਤਾ ਸੀ, ਜਿਸ ‘ਚ 20 ਹਜ਼ਾਰ ਆਦਿਵਾਸੀ ਸ਼ਹੀਦ ਹੋਏ| ਤਿਲਕਾ ਮਾਝੀ, ਸਿੱਧੋ ਕਾਹਨੂੰ ਮੁਰਮੂ, ਸਰਦਾਰ ਰਮਨਾ ਅਹਾੜੀ ਤੇ ਅਮੜਾ ਪਾਂਡਾ, ਆਮ ਘਾਂਸ਼ੀ, ਕਰੀਆ ਪੁਜਹਰ ਭਾਰਤ ਦੇ ਅਜ਼ਾਦੀ ਅੰਦੋਲਨ ਦੇ ਮੁੱਢਲੇ ਵਿਦਰੋਹੀ ਸ਼ਹੀਦ ਹਨ| ਬਿਹਾਰ ਦਾ ਰਾਂਚੀ ਖੇਤਰ ਹੁਣ ਬਿਹਾਰ ਤੇ ਝਾੜਖੰਡ, ਛਤੀਸ਼ਗੜ, ਉੜੀਸਾ, ਰਾਜਸਥਾਨ ਆਦਿਵਾਸੀ ਬਹੁਲਤਾ ਵਾਲੇ ਇਲਾਕੇ ਹਨ| ਆਦਿਵਾਸੀ ਅਜ਼ਾਦੀ ਪਸੰਦ ਅਣਖ ਖੋਰੇ ਲੋਕ ਹਨ|
ਆਦਿਵਾਸੀਆਂ ਦੀ ਤ੍ਰਾਸ਼ਦੀ ਦਾ ਸੰਖੇਪ ਇਤਿਹਾਸ ਇਹ ਹੈ ਕਿ ਆਦਿਵਾਸੀ ਕਿਸਾਨ ਜਿਹੜੀ ਵੀ ਜ਼ਮੀਨ ਖੂੰਨ-ਪਸੀਨਾਂ ਵਹਾਕੇ, ਪਹਾੜ-ਪੱਥਰ ਤੋੜਕੇ, ਜੰਗਲ ਸਾਫ ਕਰਕੇ ਆਪਣੇ ਜੀਵਨ ਬਸਰ ਲਈ ਤਿਆਰ ਕਰਦੇ, ਉਸ ਨੂੰ ਹੜੱਪਣ ਲਈ ਜ਼ਿੰਮੀਂਦਾਰ ਸਮੰਤ ਸਾਜ਼ਿਸ਼ਾਂ ਰਚਕੇ, ਜਾਂ ਅੰਗਰੇਜ਼ਾਂ ਦੀ ਜੀ-ਹਜ਼ੂਰੀ ਕਰਕੇ, ਅੰਗਰੇਜ਼ਾਂ ਨੂੰ ਬਹਿਕਾ ਕੇ ਆਦਿਵਾਸੀਆਂ ਦੀਆਂ ਜ਼ਮੀਨਾਂ ’ਤੇ ਲਗਾਣ ਇੰਨਾ ਵਧਾ ਦਿੰਦੇ ਸੀ ਕਿ ਆਦਿਵਾਸੀ ਅਦਾ ਹੀ ਨਾ ਕਰ ਸਕਦੇ| ਲਗਾਣ ਅਦਾ ਨਾ ਕਰਨ ’ਤੇ ਉਹ ਆਦਿਵਾਸੀਆਂ ਨੂੰ ਜ਼ਮੀਨ ਤੋਂ ਬੇਦਖਲ ਕਰਵਾ ਕੇ ਆਪ ਕਬਜੇ ਕਰ ਲੈਂਦੇ ਸਨ| ਵਿਰੋਧ ਕਰਨ ’ਤੇ ਅੰਗਰੇਜ਼ ਸਿਪਾਹੀ ਜ਼ਿੰਮੀਂਦਾਰ ਸਮੰਤਾਂ ਦੀ ਸ਼ਹਿ ’ਤੇ ਆਦਿਵਾਸੀਆਂ ਉਤੇ ਘੋਰ ਜ਼ੁੱਲਮ ਕਰਦੇ, ਉਹਨਾਂ ਦੀਆਂ ਔਰਤਾਂ ਦੀਆਂ ਇੱਜ਼ਤਾਂ ਲੁੱਟਦੇ|
ਆਦਿਵਾਸੀਆਂ ਨੇ ਇਕੱਠੇ ਹੋ ਕੇ ਇਸ ਜ਼ਬਰ ਦਾ ਪ੍ਰਚੰਡ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ| 1771-1784 ਦਰਮਿਆਨ ਤਿਲਕਾ ਮਾਝੀ ਉਰਫ ਜਬਰਾ ਪਹਾੜੀਆ ਨੇ ਪਹਾੜੀ ਇਲਾਕਿਆਂ ’ਚੋਂ ਆਦਿਵਾਸੀਆਂ ਨੂੰ ਇਕ¾ਠੇ ਕਰਕੇ ‘ਗੁਰੀਲਾ ਸੈਨਾ’ ਤਿਆਰ ਕਰ ਲਈ| ਤਿਲਕਾ ਮਾਝੀ ਤੇ ਉਸ ਦੀ ਸੈਨਾ ਨੇ ਰਿਆਸਤੀ ਰਾਜਿਆਂ, ਸਮੰਤਾਂ ਅਤੇ ਝਾੜਖੰਡ ’ਚ ਸਰਕਾਰੀ ਅਫ਼ਸਰਾਂ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ| ਤਿਲਕਾ ਮਾਝੀ ਤੇ ਉਸ ਦੀ ਸੈਨਾ ਨੇ 1778 ਈ. ‘ਚ ਅੰਗਰੇਜ਼ਾਂ ਦੇ ਰਾਮਗੜ੍ਹ ਕੈਂਪ ’ਤੇ ਕਬਜਾ ਕਰ ਲਿਆ ਅਤੇ ਅੰਗਰੇਜ਼ਾਂ ਨੂੰ ਉਥੋਂ ਭਜਾ ਦਿੱਤਾ| 1784 ’ਚ ਜਬਰਾ ਨੇ ਲਾਰਡ ਕਲੀਬਲੈਂਡ ਨੂੰ ਮਾਰ ਦਿੱਤਾ| ਇਸ ਤੋਂ ਬਾਅਦ ਲਾਰਡ ਆਇਰਕੁੱਟ ਨੇ ਜਬਰਾ ਦੀ ਗੁਰੀਲਾ ਸੈਨਾ ’ਤੇ ਭਾਰੀ ਫੌਜ ਨਾਲ ਜਬਰਦਸਤ ਹਮਲਾ ਕੀਤਾ, ਜਿਸ ‘ਚ ਸੈਂਕੜੇ ਆਦਿਵਾਸੀ ਲੜਾਕੇ ਮਾਰੇ ਗਏ| ਅੰਗਰੇਜ਼ ਫੌਜ ਦੇ ਅਫ਼ਸਰ ਤਿਲਕਾ ਮਾਝੀ ਉਰਫ ਜਬਰਾ ਨੂੰ ਚਾਰ ਘੋੜਿਆਂ ਪਿਛੇ ਬੰਨ੍ਹ ਕੇ ਘਸੀਟਦੇ ਹੋਏ ਭਾਗਲਪੁਰ ਲੈ ਗਏ ਤੇ ਉੱਥੇ 13 ਜਨਵਰੀ 1785 ਨੂੰ ਜਬਰਾ ਪਹਾੜੀਆ ਉਰਫ ਤਿਲਕਾ ਮਾਝੀ ਨੂੰ ਫਾਂਸੀ ’ਤੇ ਲਟਕਾ ਦਿੱਤਾ| ਬੰਗਾਲ ਦੀ ਪ੍ਰਸਿੱਧ ਲੇਖਿਕਾ ਮਹਾਂਸ਼ਵੇਤਾ ਦੇਵੀ ਨੇ ਤਿਲਕਾ ਮਾਝੀ ਤੇ ਉਹਨਾਂ ਦੇ ਵਿਦਰੋਹ ਬਾਰੇ, ‘‘ਸ਼ਾਲ ਗਿਰਰ ਡਾਕੇ’’ ਨਾਵਲ, ਹਿੰਦੀ ਦੇ ਨਾਵਲਕਾਰ, ਰਕੇਸ਼ ਕੁਮਾਰ ਸਿੰਘ ਨੇ ਆਦਿਵਾਸੀਆਂ ਦੀਆਂ ਕੁਰਬਾਨੀਆਂ ਬਾਰੇ,‘‘ਹੂਲ ਪਹਾੜੀਆ’’ ਨਾਵਲ ਲਿਖਿਆ| ਉਹਨਾਂ ਆਦਿਵਾਸੀਆਂ ਦੇ ਸਮੂਹਿਕ ਕਤਲੇਆਮ ਬਾਰੇ ਲਿੱਖਿਆ, ‘18ਵੀਂ ਸਦੀ ’ਚ ਸਮੰਤ ਜ਼ਿੰਮੀਂਦਾਰਾਂ ਨੇ ਅੰਗਰੇਜ਼ਾਂ ਨਾਲ ਮਿਲੀ ਭੁਗਤ ਕਰਕੇ, ਆਦਿਵਾਸੀ ਲੋਕਾਂ ਨੂੰ ਬਗਾਵਤੀ ਦੱਸਕੇ ਅੰਗਰੇਜ਼ ਫੌਜ਼ ਤੇ ਪੁਲਿਸ ਕੋਲੋਂ ਮਰਵਾ ਕੇ ਉਹਨਾਂ ਦੀਆਂ ਜ਼ਮੀਨ ਜਾਇਦਾਦਾਂ ’ਤੇ ਕਬਜੇ ਕਰਕੇ ਹਥਿਆ ਲਈਆਂ|
ਆਦਿਵਾਸੀ ਚੁਆੜ ਵਿਦਰੋਹਾਂ ਦੀ ਸੰਖੇਪ ਗਾਥਾ ਇਹ ਹੈ ਕਿ ਚੁਆੜਾਂ ਦੁਆਰਾ ਖੂੰਨ-ਪਸੀਨਾ ਵਹਾਕੇ ਉਪਜਾਉ ਕੀਤੀ ਗਈ ਜੱਦੀ ਜ਼ਮੀਨ ਨੂੰ ਬ੍ਰਿਟਿਸ਼ ਸਰਕਾਰ ਨੇ ਖੋਹ ਕੇ ਜਦ ਆਪਣੇ ਟੋਡੀ ਰਖੇਲ ਜ਼ਿੰਮੀਂਦਾਰਾਂ ਨੂੰ ਦੇਣ ਲੱਗ ਪਏ ਤਾਂ üਆੜਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕਰ ਦਿੱਤਾ| ਉਸ ਸਮੇਂ ਬੇਸ਼ਕ ਸੈਂਕੜੇ ਚੁਆੜ ਸ਼ਹੀਦ ਹੋ ਗਏ ਪਰ ਫਿਰ ਵੀ ਚੁਆੜਾਂ ਨੇ ਵੀ ਅੰਗਰੇਜ਼ਾਂ ਤੇ ਸਮੰਤ ਜ਼ਗੀਰਦਾਰਾਂ ਉਤੇ ਜਵਾਬੀ ਕਾਰਵਾਈ ਕਰਕੇ ਜ਼ਮੀਨਾਂ ਮੁੜ ਆਪਣੇ ਕਬਜ਼ੇ ’ਚ ਕਰ ਲਈਆਂ| ਇਤਿਹਾਸ ’ਚ ਇਹ ਪਹਿਲੇ ‘ਚੁਆੜ ਵਿਦਰੋਹ’ ਦੇ ਨਾਮ ਨਾਲ ਪ੍ਰਸਿੱਧ ਹੈ|
ਰਾਜਸਥਾਨ ਵਿੱਚ ਆਦਿਵਾਸੀ ਭੀਲਾਂ ਤੋਂ ਜ਼ਿਮੀਦਾਰ ਜ਼ਬਰੀ ਬੇਗ਼ਾਰ ਲੈਂਦੇ ਸੀ| ਆਦਿਵਾਸੀ ਆਗੂ ਗੋਬਿੰਦ ਨੇ ਬਾਂਸਵਾੜਾ ਖੇਤਰ ਵਿਚ ਬੇਗ਼ਾਰ ਵਿਰੁੱਧ ਬਗਾਵਤ ਕਰਨ ਲਈ ‘ਸਾਂਪ ਸਭਾ’ਬਣਾਕੇ ਬੇਗ਼ਾਰ ਦੇਣੀ ਬੰਦ ਕਰ ਦਿੱਤੀ| ਜ਼ਿਮੀਦਾਰਾਂ ਨੇ ਅੰਗਰੇਜ਼ਾਂ ਨੂੰ ਇਹ ਕਹਿਕੇ ਭੜਕਾ ਦਿੱਤਾ, ‘‘ਭੀਲ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਵਾਲੇ ਆ’’| ਬ੍ਰਿਟਿਸ਼ ਕਰਨਲ ਸ਼ਟਨ ਨੇ ਅਹਿਮਦਾਬਾਦ, ਬੜੌਦਾ ਤੇ ਗੋਧਾਮ ਤੋਂ ਫੌਜਾਂ ਮੰਗਵਾ ਕੇ ਮਾਨਗੜ੍ਹ ਪਹਾੜੀ ਨੂੰ ਚਾਰੇ ਪਾਸਿਓ ਘੇਰਾ ਪਾ ਕੇ ਗੋਲਾ ਬਾਰੀ ਦਾ ਕਹਿਰ ਵਰਸਾ ਦਿੱਤਾ| ਨਿਹੱਥੇ 1500 ਭੀਲ ਥਾਂਹੇਂ ਸ਼ਹੀਦ ਕਰ ਦਿੱਤੇ ਗਏ| ਗੋਬਿੰਦ ਨੂੰ ਗ੍ਰਿਫਤਾਰ ਕਰਕੇ 30 ਅਕਤੂਬਰ 1831 ਨੂੰ ਸ਼ਹੀਦ ਕਰ ਦਿੱਤਾ| ਇਤਿਹਾਸ ‘ਚ ਇਹ ‘ਖਾਨਦੇਸ ਵਿਦਰੋਹ’ ਨਾਲ ਪ੍ਰਸਿੱਧ ਹੈ| ਅੰਗਰੇਜ਼ ਕਰਨਲ ਟਾਡ ਨੇ ਲਿਖਿਆ ਹੈ ਕਿ ਰਾਜਸਥਾਨ ਦੇ ਬਾਂਸਵਾੜਾ ਖੇਤਰ ’ਚ ਆਜ਼ਾਦੀ ਦੇ ਯੁੱਧ ਵਿੱਚ, ਟਾਂਟੀਆ ਭੀਲ ਦੀ ਅਗਵਾਈ ’ਚ ਭੀਲਾਂ ਨੇ ਜੋ ਜ਼ੌਹਰ ਵਿਖਾਏ ਉਸ ਤੋਂ ਰਾਜਾ ਲਛਮਣ ਵੀ ਚੌਕ ਗਿਆ ਸੀ| ਰਾਣਾ ਪ੍ਰਤਾਪ ਨੂੰ ਭੀਲਾਂ ਦਾ ਪੂਰਾ ਸਹਿਯੋਗ ਰਿਹਾ| ਭਾਰਤ ਵਿਚ ਹਲਦੀ ਦੀ ਘਾਟੀ ਦਾ ਯੁੱਧ ਭੀਲਾਂ ਦੀ ਬਹਾਦਰੀ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਹੈ|
ਅੰਗ੍ਰੇਜ਼ੀ ਸਾਮਰਾਜ ਦੇ ਵਿਰੁੱਧ ਨਵਾਦਾ, ਰਾਜਗ੍ਰਹਿ ਅਤੇ ਰਜੌਲੀ ਦੇ ਰਜਵਾਰ ਆਦਿਵਾਸੀਆਂ ਦੇ ਵਿਦਰੋਹ, ਏਤਵਾ ਅਤੇ ਪਤੇਹ ਰਜਵਾਰਾ ਦੇ ਵਿਦਰੋਹ ਨੇ ਬ੍ਰਿਟਿਸ਼ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ| ਬ੍ਰਿਟਿਸ਼ ਸਰਕਾਰ ਦੀਆਂ 10 ਹਜ਼ਾਰ ਫੌਜਾਂ ਨੇ ਵਿਦਰੋਹੀਆਂ ਨੂੰ ਚਾਰੇ ਪਾਸਿਆਂ ਤੋਂ ਘੇਰਕੇ 8 ਅਪ੍ਰੈਲ 1863 ਨੂੰ ਬਕਸੋਤੀ ਦੇ ਜੰਗਲਾਂ ਤੇ ਧਾਵਾ ਬੋਲ ਦਿੱਤਾ| ਪਰ ਏਤਵਾ ਸਾਥੀਆਂ ਸਮੇਤ ਬਚ ਕੇ ਨਿਕਲਣ ਵਿੱਚ ਸਫਲ ਹੋ ਗਏ| ਪੁਲਿਸ ਨੇ ਵਿਦਰੋਹੀਆਂ ਨੂੰ ਜ਼ਿੰਦਾ ਜਾਂ ਮੁਰਦਾ ਫੜਾਉਣ ਲਈ ਕ੍ਰਾਂਤੀਕਾਰੀਆਂ ਦੇ ਇਨਾਮ ਰੱਖ ਦਿੱਤੇ| ਜਦ ਕਿਸੇ ਤਰ੍ਹਾਂ ਵੀ ਰਜਵਾਰਾ ਵਿਦਰੋਹੀ ਕਾਬੂ ਨਹੀਂ ਆਏ ਤਾਂ ਅੰਗ੍ਰੇਜ਼ਾਂ ਨੇ ਜ਼ਿੰਮੀਂਦਾਰ ਸਮੰਤਾਂ ਨਾਲ ਮਿਲੀ ਭਗਤ ਕਰਕੇ, ਵਿਦਰੋਹੀਆਂ ਦੇ ਖਾਣੇ ’ਚ ਜ਼ਹਿਰ ਮਿਲਵਾ ਕੇ ਉਨ੍ਹਾਂ ਨੂੰ ਖਤਮ ਕਰਵਾ ਦਿੱਤਾ| ਬੇਕਸੂਰ ਰਜਵਾਰਾਂ ਦੇ ਬੱਚੇ, ਬੁੱਢੇ ਅਤੇ ਇਸਤਰੀਆਂ ਨੂੰ ਗ੍ਰਿਫਤਾਰ ਕਰ ਲਿਆ| ਬ੍ਰਿਟਿਸ਼ ਸਰਕਾਰ ਨੇ ਪੂਰੇ ਰਜਵਾਰਾ ਸਮੁਦਾਇ ਨੂੰ ਹੀ ਡਕੈਤ, ਬਦਮਾਸ਼ ਤੇ ਅੱਤਵਾਦੀ ਸਮਾਜ ਘੋਸ਼ਿਤ ਕਰ ਦਿੱਤਾ| ਇੰਨਾ ਹੀ ਨਹੀਂ ਰਾਜਵਾਰਿਆਂ ਨੂੰ ਕੁਚਲਨ ਲਈ ਕ੍ਰਿਮੀਨਲ ਟ੍ਰਾਈਬਜ ਐਕਟ 1871 ਬਣਾ ਦਿੱਤਾ|
ਬਿਹਾਰ ਹੁਣ ਝਾੜ ਖੰਡ ’ਚ ਸਮੰਤ, ਜ਼ਿਮੀਦਾਰ ਤੇ ਅੰਗਰੇਜ਼ੀ ਸ਼ਾਸਕਾਂ ਦੇ ਅੱਤਿਆਚਾਰਾਂ ਦਾ ਵਿਰੋਧ ਕਰਨੇ ਲਈ 5 ਅੰਦੋਲਨ -ਪਹਿਲਾ 1850 ਤੋਂ ਸਰਦਾਰ ਅੰਦੋਲਨ, ਦੂਜਾ 1855 ਤੋਂ ਸੁਤੰਤਰਤਾ ਅੰਦੋਲਨ, ਤੀਜਾ 1858-1881 ਦਰਮਿਆਨ ਜ਼ਮੀਰ ਅੰਦੋਲਨ, ਚੌਥਾ 1882-1890 ਤਕ ਮਿਸ਼ਨ ਵਿਦਰੋਹ ਤੇ ਪੰਜਵਾ 1891 ਤੋਂ 1895 ਤਕ ਰਾਜਨੀਤਕ ਅੰਦੋਲਨ ਚਲਾਏ| ਸਾਹਿਬਗੰਜ ਜ਼ਿਲ੍ਹੇ ’ਚ ਅੰਗਰੇਜ਼ ਸਰਕਾਰ ਨੇ ਜ਼ਿੰਮੀਂਦਾਰਾਂ ਦੀ ਸ਼ਹਿ ’ਚ ਆਦਿਵਾਸੀਆਂ ਦੀਆਂ ਜ਼ਮੀਨਾਂ ’ਤੇ ਲਗਾਣ ਬਹੁਤ ਵਧਾ ਦਿੱਤਾ, ਤਾਂ ਜ਼ਿਲ੍ਹੇ ਦੀ ਭੋਗਨਾ ਡੀਹ ਦੇ 400 ਪਿੰਡਾਂ ਦੇ 40,000 ਆਦਿਵਾਸੀਆਂ ਨੇ ਅੰਗਰੇਜ਼ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ| 30 ਜੂਨ, 1855 ਨੂੰ ਸੰਥਾਲ ਆਦਿਵਾਸੀਆਂ ਨੇ ਸਿੱਧੋ ਕਾਹਨੂੰ, ਚਾਂਦ, ਭੈਰਵ ਅਤੇ ਉਹਨਾਂ ਦੀ ਭੈਣ ਫੂਲੋ, ਚਾਨੋ ਦੀ ਰਹਿਨੁਮਾਈ ’ਚ ਬਗ਼ਾਵਤ ਕਰਦਿਆ ਐਲਾਨਿਆ ਕਿਹਾ, ‘‘ਅੰਗਰੇਜ਼ੋ-ਸਾਡੀ ਧਰਤੀ ਛੱਡੋ’’|
ਅੰਗਰੇਜ਼ ਸਰਕਾਰ ਨੇ ਸੰਥਾਲ ਆਦਿਵਾਸੀ ਸਿੱਧੋ ਕਾਹਨੂੰ, ਚਾਂਦ, ਭੈਰਵੋ ਆਦਿ ਨੂੰ ਯਕਦਮ ਗ੍ਰਿਫਤਾਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ| ਪੁਲਿਸ ਦਰੋਗਾ ਜਦ ਸਿੱਧੋ ਕਾਹਨੂੰ, ਚਾਂਦ, ਭੈਰਵ ਨੂੰ ਗ੍ਰਿਫਤਾਰ ਕਰਨ ਆਏ ਤਾਂ ਆਦਿਵਾਸੀਆਂ ਨੇ ਦਰੋਗਾ ਦਾ ਸਿਰ ਕੱਟ ਕੇ ਉਸਨੂੰ ਮਾਰ ਦਿੱਤਾ ਅਤੇ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਹੋਰ ਤੇਜ਼ ਕਰ ਦਿੱਤੀ| ਅੰਗਰੇਜ਼ਾਂ ਨੇ ਚਾਲੀ ਆਦਿਵਾਸੀ ਆਗੂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ| ਉਹਨਾਂ ’ਚੋਂ ਅੱਠ ਆਗੂ ਜੇਲ੍ਹ ਵਿੱਚ ਹੀ ਸ਼ਹੀਦ ਹੋ ਗਏ| ਅੰਗਰੇਜ਼ੀ ਫੌਜ ਨੇ ਭੋਗਨਾ ਡੀਹ ਦੇ ਪਿੰਡਾਂ ਨੂੰ ਘੇਰ ਘੇਰ ਕੇ ਸੈਂਕੜੇ ਆਦਿਵਾਸੀਆਂ ਦੇ ਘੱਲੂਘਾਰੇ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ|
ਅੰਗਰੇਜ਼ ਇਤਿਹਾਸਕਾਰ ਵਿਲਿਅਮ ਵੈਲਸਨ, ਹੰਟਰ ਨੇ ਆਪਣੀ ਕਿਤਾਬ ‘ਦੀ ਅਨੈਲਸਿਜ਼ ਆਫ ਰੂਰਲ ਬੰਗਾਲ’ ਦੇ ਸਫਾ 220 ’ਚ ਲਿੱਖਿਆ ਹੈ, ‘ਅੰਗਰੇਜ਼ਾਂ ਦਾ ਕੋਈ ਵੀ ਸਿਪਾਹੀ ਐਸਾ ਨਹੀਂ, ਜੋ ਆਦਿਵਾਸੀਆਂ ਦੇ ਬਲੀਦਾਨ ਨੂੰ ਲੈ ਕੇ ਸ਼ਰਮਿੰਦਾ ਨਾ ਹੋਇਆ ਹੋਵੇ| ਉਹਨਾਂ ਲਿੱਖਿਆ ਕਿ ਆਪਣੇ ਹੀ ਕੁਝ ਵਿਸ਼ਵਾਸਘਾਤੀਆਂ ਦੇ ਵਿਸ਼ਵਾਸਘਾਤ ਕਾਰਨ ਸਿੱਧੋ ਅਤੇ ਕਾਹਨੂੰ ਨੂੰ ਗ੍ਰਿਫਤਾਰ ਕਰਕੇ ਬ੍ਰਿਟਿਸ਼ ਰਾਜ ਦੀ ਦਹਿਸ਼ਤ ਫੈਲਾਉਣ ਲਈ ਅੰਗਰੇਜ਼ਾਂ ਨੇ ਭੋਗਨਾ ਡੀਹ ਪਿੰਡ ’ਚ ਸਭ ਦੇ ਸਾਹਮਣੇ ਇ¾ਕ ਦਰਖਤ ’ਤੇ ਟੰਗ ਕੇ ਸਿੱਧੋ ਅਤੇ ਕਾਹਨੂੰ ਨੂੰ ਫਾਂਸੀ ’ਤੇ ਲਟਕਾ ਦਿੱਤਾ| ਬਾਅਦ ’ਚ ਆਦਿਵਾਸੀ ਵਿਦਰੋਹੀਆਂ ਤੇ ਅੰਗਰੇਜ਼ ਫੌਜ਼, ਪੁਲਿਸ ਵਿਚਕਾਰ ਗਹਿ ਗੱਚ ਲੜਾਈ ਹੋਈ| ਇਸ ਲੜਾਈ ਵਿੱਚ ਹਜਾਰਾਂ ਆਦਿਵਾਸੀ ਮਾਰੇ ਗਏ|’’ ਸਿੱਧੋ ਕਾਹਨੂੰ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਹੁਣ 2002 ਵਿੱਚ ਡਾਕ ਟਿਕਟ ਜਾਰੀ ਕੀਤਾ ਹੈ|
ਅੰਗਰੇਜਾਂ ਨੇ ਜਦ ਰਾਂਚੀ ਇਲਾਕੇ ਦੀ ਸਾਰੀ ਜ਼ਮੀਨ ਹੀ ਬਣ ਭੂਮੀ ਐਲਾਨ ਕਰ ਦਿੱਤੀ ਤਾਂ ਆਦਿਵਾਸੀ ਬਿਰਸਾ ਮੁੰਡਾ ਨੇ ਅੰਗਰੇਜ਼ਾਂ ਵਿਰੁੱਧ 24 ਦਿਸੰਬਰ 1899 ਈ. ਨੂੰ ‘ਮੁੰਡਾ ਵਿਦਰੋਹ’ ਸ਼ੁਰੂ ਕਰ ਦਿੱਤਾ| ਮੁੰਡਾ ਅੰਦੋਲਨ ਦੇ ਕ੍ਰਾਂਤੀਕਾਰੀਆਂ ਨੇ ਮਸ਼ਾਲਾਂ ਨਾਲ ਅੰਗਰੇਜ਼ਾਂ ਦੇ ਦਫਤਰਾਂ ਨੂੰ ਅੱਗਾਂ ਲਾ ਦਿੱਤੀਆਂ| ਅੰਦੋਲਨ ਰਾਂਚੀ, ਸਿੰਹ, ਭੂਮੀ, ਬਾਂਕੁਰਾ ਅਤੇ ਸੰਥਾਲ ਪਰਗਨਾਂ ਤਕ ਫੈਲ ਗਿਆ| ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜਾਉਣ ਲਈ 500 ਰੁਪਏ ਇਨਾਮ ਦਾ ਐਲਾਨ ਕਰ ਦਿੱਤਾ| ਅੰਤ ਉਸ ਨੂੰ ਫੜ ਲਿਆ ਗਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਜਿੱਥੇ 6 ਜੂਨ 1900 ਨੂੰ ਉਹ ਸ਼ਹੀਦ ਹੋ ਗਏ| ਮੁੰਡਾ ਅੰਦੋਲਨ ’ਚ ਮੁੰਡਾ ਮਾਨ ਦੇਵ, ਮੁੰਡਾ ਸਾਂਢੇ, ਮੁੰਡਾ ਸੁਖਰਾਮ, ਮੁੰਡਾ ਸਾਂਬਰਾਏ, ਮੁੰਡਾ ਛਤੀਰਾਮ, ਮੁੰਡਾ ਹਰੋ ਆਦਿ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ|
ਮਾਨਗੜ੍ਹ ਦੇ ਕੋਲ ਸੀਮਾਵਰਤੀ ਗੁਜਰਾਤ ਦੀ ਵਿਜੈਨਗਰ ਤਹਿਸੀਲ ਦੇ ਪਿੰਡ ਪਾਲਚਿੱਤਰਿਆ ’ਚ ਅੰਗਰੇਜ਼ਾਂ ਦੀ ਸ਼ਹਿ ’ਤੇ ਜਾਗੀਰਦਾਰ ਤੇ ਸਮੰਤਾਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਤੇ ਜੰਗਲਾਂ ’ਤੇ ਕਬਜੇ ਕਰ ਲਏ| ਆਦਿ-ਵਾਸੀਆਂ ਨੇ 7 ਮਾਰਚ 1922 ਨੂੰ ਵਿਦਰੋਹ ਕਰ ਦਿੱਤਾ| ਹੌਲੀ-ਹੌਲੀ ਇਹ ਅੰਦੋਲਨ ਸਿਰੋਹੀ, ਦਾਤਾ, ਪਾਲਨਪੁਰ, ਈਡਰ ਅਤੇ ਵਿਜੈ-ਨਗਰ ਆਦਿ ਰਾਜਾਂ ਦੇ ਆਦਿਵਾਸੀ ਖੇਤਰਾਂ ਵਿੱਚ ਵੀ ਫੈਲ ਗਿਆ| ਆਦਿਵਾਸੀ ਆਗੂ ਤੇਜਾਵਤ ਨੇ ਵਿਜੈ ਨਗਰ ਦੇ ਨੀਮੜਾ ਪਿੰਡ ਵਿੱਚ ਬੜੀ ਭਾਰੀ ਕਾਨਫਰੰਸ ਦਾ ਆਯੋਜਨ ਕੀਤਾ| ਬ੍ਰਿਟਿਸ਼ ਕਮਾਂਡਰ ਐੱਚ. ਸੀ. ਹਟਨ ਨੇ ਆਦਿਵਾਸੀ ਵਿਦਰੋਹ ਨੂੰ ਦਬਾਉਣ ਲਈ ਮੈਵਾੜ ਅਤੇ ਗੁਆਂਢੀ ਰਿਆਸਤਾਂ ਦੀਆਂ ਫੌਜਾਂ ਮੰਗਵਾ ਲਈਆਂ| ਹਥਿਆਰਬੰਦ ਫੌਜ ਨੇ ਕਾਨਫਰੰਸ ਨੂੰ ਘੇਰ ਲਿਆ| ਮਸ਼ੀਨਗੰਨਾਂ ਤੇ ਬੰਦੂਕਾਂ ਨਾਲ ਅੰਧਾਧੁੰਦ ਗੋਲਾ ਬਾਰੀ ਕੀਤੀ ਗਈ| ਸੈਂਕੜੇ ਭੀਲ ਅਤੇ ਗ੍ਰਾਮੀਏ ਆਦਿਵਾਸੀ ਜਖ਼ਮੀ ਹੋਏ ਤੇ ਸੈਂਕੜੇ ਹੱਸ-ਹੱਸ ਕੇ ਸ਼ਹਾਦਤ ਦਾ ਜਾਮ ਪੀ ਗਏ| ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਕਰੀਬ 1200 ਆਦਿਵਾਸੀ ਮਾਰੇ ਗਏ| ਕੁੱਝ ਲਾਸ਼ਾਂ ਨੂੰ ਉੱਥੇ ਹੀ ਨੇੜੇ ਇੱਕ ਖੂਹ ਵਿੱਚ ਸੁੱਟ ਦਿੱਤਾ ਗਿਆ ਅਤੇ ਬਾਕੀਆਂ ਨੂੰ ਇਕ ਵੱਡੇ ਖੱਡੇ ’ਚ ਦਬਾ ਦਿੱਤਾ ਗਿਆ ਤੇ ਸੈਂਕੜੇ ਆਦਿਵਾਸੀ ਸੰਗਰਾਂਮੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ’ਤੇ ਰਾਜਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ| ਗੁਜਰਾਤ ਸਰਕਾਰ ਨੇ ਆਦਿ ਵਾਸੀ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਮਾਰਕ ‘ਲਾਟ’ ਦੀ ਉਸਾਰੀ ਕਰਵਾਈ ਹੈ|
ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਵੀ ਸਰਕਾਰਾਂ ਆਦਿਵਾਸੀਆਂ ਦੀਆਂ ਘੁੱਪ ਹਨੇਰੀਆਂ ਝੁੱਗੀਆਂ ਵਿੱਚ ਚਾਨਣ ਕਿਉ ਨਹੀਂ ਕਰਦੀਆਂ? ਉਹਨਾਂ ਦੀ ਸੁੱਖ-ਸੁਵਿਧਾ ਲਈ ਪੀਣ ਵਾਲਾ ਪਾਣੀ, ਸਕੂਲ, ਹਸਪਤਾਲ, ਬੁਨਿਆਦੀ ਸਹੂਲਤਾਂ ਕਿਉ ਨਹੀਂ ਦੇ ਰਹੀਆਂ? ਆਦਿਵਾਸੀਆਂ ਦੇ ਜੀਵਨ ਵਿਚ ਪ੍ਰੀਵਰਤਨ ਕਿਉ ਨਹੀ ਆ ਰਿਹਾ? ਇੱਥੇ ਜ਼ਿਕਰਯੋਗ ਹੈ ਕਿ ਆਦਿਵਾਸੀਆਂ ਨੂੰ ਉਹਨਾਂ ਦੀ ਜ਼ਮੀਨ ਜੰਗਲ ਤੋਂ ਇਸ ਲਈ ਉਜਾੜਿਆ ਜਾ ਰਿਹਾ ਹੈ ਕਿਉਂਕਿ ਜਿਹਨਾਂ ਜ਼ਮੀਨਾਂ, ਜੰਗਲਾਂ, ਪਹਾੜਾਂ ’ਚ ਆਦਿਵਾਸੀ ਰਹਿ ਰਹੇ ਹਨ, ਉਹ ਬੇਸ਼ੁਮਾਰ ਖਣਿਜਾਂ, ਧਾਤਾਂ, ਲੋਹਾ, ਕੋਲਾ, ਸੋਨਾ, ਹੀਰੇ ਜਵਾਹਰ ਆਦਿ ਕੁਦਰਤੀ ਵਸੀਲਿਆਂ ਨਾਲ ਭਰੇ ਪਏ ਹਨ| ਅਜ਼ਾਦੀ ਤੋਂ ਪਹਿਲਾਂ ਪਹਿਲਾਂ ਵੀ ਜ਼ਿਮੀਦਾਰ, ਸਮੰਤ, ਮੁਗਲ-ਅੰਗਰੇਜ਼ ਸ਼ਾਸ਼ਕਾਂ ਨਾਲ ਸਾਜ਼ਿਸ਼ਾਂ ਰਚਕੇ ਆਦਿਵਾਸੀਆਂ ਦੀਆਂ ਜ਼ਮੀਨਾਂ ਹੜ੍ਹਪਦੇ ਰਹੇ ਅਤੇ ਹੁਣ ਲੋਟੂ ਲੀਡਰ ਤੇ ਭਰਿਸ਼ਟ ਅਫ਼ਸਰ ਆਪਣੇ ਅਤੇ ਕਾਰਪੋਰੇਟ ਸਰਮਾਏਦਾਰਾਂ ਦੇ ਢਿੱਡ ਭਰਨ ‘ਚ ਲੱਗੇ ਹੋਏ ਹਨ| ਆਦਿਵਾਸੀ ਗਰੀਬ ਮਜ਼ਦੂਰ ਕਿਸਾਨ ਅਨਪੜ੍ਹਤਾ ਤੇ ਗਰੀਬੀ ’ਚ ਜਨਮਦੇ ਹਨ, ਅਨਪੜ੍ਹਤਾ ਤੇ ਗਰੀਬੀ ’ਚ ਹੀ ਪਲਦੇ ਹਨ ਅਤੇ ਅਨਪੜ੍ਹਤਾ ਤੇ ਗਰੀਬੀ ’ਚ ਹੀ ਮਰ ਜਾਂਦੇ ਹਨ|
Columns ਅਜ਼ਾਦੀ ਲਈ ਕੁਰਬਾਨੀਆਂ ’ਚ ਆਦਿਵਾਸੀਆਂ ਦਾ ਕੋਈ ਸਾਨੀ ਨਹੀ