ਆਕਲੈਂਡ, 3 ਸਤੰਬਰ – ਸਾਊਥ ਆਕਲੈਂਡ ਵਿੱਚ ਮੈਨੁਕਾਓ ਪੁਲਿਸ ਵੱਲੋਂ ਕੀਤੇ ਅਫ਼ੀਮ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਊਂਟੀਸ ਮੈਨੁਕਾਓ ਪੁਲਿਸ ਦੀ ਸੰਗਠਿਤ ਕ੍ਰਾਈਮ ਯੂਨਿਟ ਨੇ ਅਫ਼ੀਮ ਦੀ ਦਰਾਮਦ ਅਤੇ ਵਿੱਕਰੀ ਨੂੰ ਨਿਸ਼ਾਨਾ ਬਣਾਉਂਦਿਆਂ 2 ਸਤੰਬਰ ਦਿਨ ਬੁੱਧਵਾਰ ਸਵੇਰੇ ਪਾਪਾਟੋਏਟੋਏ, ਮੈਨੂਰੇਵਾ ਅਤੇ ਮੈਨੁਕਾਉ ਵਿੱਚ ਕਈ ਸਰਚ ਵਾਰੰਟ ਜਾਰੀ ਕੀਤੇ।
ਖ਼ਬਰ ਮੁਤਾਬਿਕ ਐਕਟਿੰਗ ਡਿਟੈਕਟਿਵ ਸੀਨੀਅਰ ਸਾਰਜੰਟ ਮਾਈਕ ਹੇਵਰਡ ਨੇ ਦੱਸਿਆ ਕਿ ਰਿਹਾਇਸ਼ੀ ਅਤੇ ਵਪਾਰਕ ਦੋਵਾਂ ਥਾਵਾਂ ‘ਤੇ ਤਲਾਸ਼ੀ ਲਈ ਗਈ, ਜਿਸ ਦੇ ਨਤੀਜੇ ਵਜੋਂ ਅਫ਼ੀਮ ਆਧਾਰਤ ਡਰੱਗ ਦੀ ਇੱਕ ਮਹੱਤਵਪੂਰਣ ਮਾਤਰਾ ਜ਼ਬਤ ਕੀਤੀ ਗਈ। ਪਾਪਾਟੋਏਟੋਏ ਵਿਖੇ ਇੱਕ ਫਰੂਟ ਤੇ ਵੈਜ਼ੀ ਦੁਕਾਨ ਉੱਤੇ ਡਿਟੈਕਟਿਵਸ ਦੀ ਟੀਮ ਵੱਲੋਂ ਛਾਪੇਮਾਰੀ ਦੀ ਖ਼ਬਰਾਂ ਆਈਆਂ। ਇੱਕ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ 9.00 ਦੇ ਲਗਭਗ ਇੱਕ ਵਿਅਕਤੀ ਨੂੰ ਰੇਂਜਰੋਵਰ ਗੱਡੀ ਤੋਂ ਲਾਹਿਆ ਗਿਆ ਅਤੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਲਈ ਸਟੋਰ ਦੇ ਅੰਦਰ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਲੋਕਾਂ ਦੇ ਸਟੋਰ ਵਿੱਚ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ ਸੀ।
ਡਿਟੈਕਟਿਵ ਸੀਨੀਅਰ ਸਾਰਜੰਟ ਹੇਵਰਡ ਨੇ ਕਿਹਾ ਕਿ ਇਸ ਮਾਮਲੇ ਵਿੱਚ 2 ਆਦਮੀ ਅਤੇ 1 ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਇਸ ਹਫ਼ਤੇ ਮੈਨੁਕਾਓ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ ਅਤੇ ਕਲਾਸ ‘ਬੀ’ ਦੀਆਂ ਨਿਯੰਤਰਿਤ ਦਵਾਈਆਂ ਦੀ ਇਮਪੋਰਟ ਅਤੇ ਵਿੱਕਰੀ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨਗੇ।
ਪੁਲਿਸ ਵੱਲੋਂ ਉੱਤਰੀ ਆਈਸਲੈਂਡ ਵਿੱਚ ਇੱਕ ਮਹੱਤਵਪੂਰਣ ਨਸ਼ੀਲੇ ਪਦਾਰਥ ਅਤੇ ਸੰਗਠਿਤ ਅਪਰਾਧ ਨੈੱਟਵਰਕ ਨੂੰ ਖ਼ਤਮ ਕਰਨ ਦੇ ਕੁੱਝ ਹੀ ਹਫ਼ਤਿਆਂ ਬਾਅਦ ਇਹ ਨਵਾਂ ਡਰੱਗ ਬਰਸਟ ਆਇਆ ਹੈ। ਉਸ ਵਿੱਚ 20 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਸੀ। ਪੁਲਿਸ ਨੇ ਅਗਸਤ ਵਿੱਚ ਕਿਹਾ ਸੀ ਕਿ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਟਾਪੋ, ਹੈਮਿਲਟਨ ਅਤੇ ਰੋਟੋਰੂਆ ਵਿੱਚ ਸਰਚ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ 163 ਅਧਿਕਾਰੀਆਂ ਨੇ ਰਿਹਾਇਸ਼ੀ ਜਾਇਦਾਦ, ਵਾਹਨ, ਹਥਿਆਰ, ਨਕਦੀ ਅਤੇ ਭੰਗ ਨੂੰ ਜ਼ਬਤ ਕਰ ਲਿਆ ਸੀ। ਆਪ੍ਰੇਸ਼ਨ ਕਿੰਗਪਿਨ ਦੇ ਤਹਿਤ ਤਿੰਨ ਮਹੀਨਿਆਂ ਦੀ ਜਾਂਚ ਤੋਂ ਬਾਅਦ ਜੁਲਾਈ ਵਿੱਚ ਹੋਰ ੨੯ ਲੋਕਾਂ ਦੇ ਨਾਲ ਮੋਂਗਰੇਲ ਮਾਬ ਸੀਨੀਅਰ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਵਾਇਕਾਟੋ ਵਿੱਚ ਇੱਕ ਡਰੱਗ ਤੋਂ ਨਿੱਬੜਨ ਵਾਲਾ ਨੈੱਟਵਰਕ ਵੇਖਿਆ ਗਿਆ ਸੀ ।
ਪੁਲਿਸ ਦਾ ਲੋਕਾਂ ਨੂੰ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਗ਼ੈਰ-ਕਾਨੂੰਨੀ ਹਥਿਆਰਾਂ ਜਾਂ ਕਮਿਊਨਿਟੀ ਵਿੱਚ ਕਥਿਤ ਤੌਰ ‘ਤੇ ਨਸ਼ੀਲੀਆਂ ਦਵਾਈਆਂ ਦੇ ਅਪਰਾਧ ਸੰਬੰਧੀ ਵਧੇਰੇ ਜਾਣਕਾਰੀ ਹੈ ਤਾਂ ਉਹ ਆਪਣੇ ਸਥਾਨਕ ਸਟੇਸ਼ਨ ਨਾਲ 105 ਉੱਤੇ ਸੰਪਰਕ ਕਰਨ ਸਕਦੇ ਹਨ ਅਤੇ ਉਹ ਕ੍ਰਾਈਮਸਟੋਪਰਸ ਦੇ ਨੰਬਰ 0800 55 111 ਉੱਤੇ ਵੀ ਕਾਲ ਕਰ ਸਕਦੇ ਹਨ।
Home Page ਅਫ਼ੀਮ ਸਟਿੰਗ ਮਾਮਲਾ: ਸਾਊਥ ਆਕਲੈਂਡ ‘ਚ ਮੈਨੁਕਾਓ ਪੁਲਿਸ ਵੱਲੋਂ ਛਾਪੇਮਾਰੀ ਤੋਂ ਬਾਅਦ...