ਆਕਲੈਂਡ, 19 ਜੂਨ – ਅੱਜ ਗੁਰਦੁਆਰਾ ਸਾਹਿਬ ਬੰਬੇ ਹਿੱਲ ਦੇ ਮੀਟਿੰਗ ਹਾਲ ਵਿੱਚ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ 24ਵਾਂ ਸਲਾਨਾ ਇਜਲਾਸ ਕਰਵਾਇਆ ਗਿਆ, ਜਿਸ ਵਿੱਚ ਕਲੱਬ ਦੇ ਪ੍ਰਧਾਨ ਸੰਜੀਵ ਤੂਰਾ ਨੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ ਤੇ ਕਲੱਬ ਦੇ ਸਕੱਤਰ ਜਸਵਿੰਦਰ ਸੰਧੂ ਨੇ ਮੀਟਿੰਗ ਦੀ ਕਾਰਵਾਈ ਅੱਗੇ ਤੋਰੀ। ਇਸ ਮੌਕੇ ਖ਼ਜ਼ਾਨਚੀ ਸ਼ਿੰਗਾਰਾ ਸਿੰਘ ਹੀਰ ਨੇ ਪੂਰੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ। ਕਲੱਬ ਦਾ ਲੇਖਾ-ਜੋਖਾ ਸੁਣਨ ਤੋਂ ਬਾਅਦ ਸਾਰੇ ਕਲੱਬ ਦੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਮੌਜੂਦਾ ਕਮੇਟੀ ਹੀ ਇੱਕ ਹੋਰ ਸਾਲ ਯਾਨੀ 2022-23 ਲਈ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ। ਪਰ ਨਾਲ ਹੀ ਕੁੱਝ 2-3 ਨਵੇਂ ਮੈਂਬਰ ਵੀ ਸ਼ਾਮਿਲ ਕੀਤੇ ਗਏ। ਮੁੜ ਬਣੀ ਕਮੇਟੀ ਵਿੱਚ ਪ੍ਰਧਾਨ ਸੰਜੀਵ ਤੂਰਾ, ਮੀਤ ਪ੍ਰਧਾਨ ਨਰਿੰਦਰ ਸਿੰਘ ਸਹੋਤਾ, ਸਕੱਤਰ ਜਸਵਿੰਦਰ ਸੰਧੂ, ਖ਼ਜ਼ਾਨਚੀ ਸ਼ਿੰਗਾਰਾ ਸਿੰਘ ਹੀਰ ਅਤੇ ਆਡੀਟਰ ਪਿਆਰਾ ਰੱਤੂ ਹਨ, ਇਨ੍ਹਾਂ ਨਾਲ ਨਵੇਂ ਮੈਂਬਰ ਸਹਾਇਕ ਸਕੱਤਰ ਸੰਜੀਵ ਕੁਮਾਰ ਭਾਟੀਆ, ਸਹਾਇਕ ਆਡੀਟਰ ਪੰਕਜ ਕੁਮਾਰ ਅਤੇ ਵਰਕਿੰਗ ਚੇਅਰਮੈਨ ਮਲਕੀਅਤ ਸਿੰਘ ਸਹੋਤਾ ਹਨ। ਮੁੜ ਕੰਮ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਸੰਜੀਵ ਤੂਰਾ ਤੇ ਸਕੱਤਰ ਜਸਵਿੰਦਰ ਸੰਧੂ ਨੇ ਦੁਬਾਰਾ ਮੌਕਾ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਕਿ ਸਲਾਨਾ ਖੇਡ ਟੂਰਨਾਮੈਂਟ 23 ਅਕਤੂਬਰ ਦਿਨ ਐਤਵਾਰ (ਲੇਬਰ ਵੀਕਐਂਡ) ਨੂੰ ਪੁੱਕੀਕੋਹੀ ਵਿਖੇ ਪਹਿਲਾਂ ਵਾਂਗ ਕਰਵਾਇਆ ਜਾਏਗਾ। ਟੂਰਨਾਮੈਂਟ ਲਈ ਗਰਾਊਂਡ ਦੀ ਬੁਕਿੰਗ ਦਾ ਕੰਮ ਅਗਲੇ ਹਫ਼ਤੇ ਤੋਂ ਆਰੰਭ ਕਰ ਦਿੱਤਾ ਜਾਏਗਾ। ਮੀਟਿੰਗ ‘ਚ ਕਰਨੈਲ ਸਿੰਘ ਬੱਧਣ, ਜਰਨੈਲ ਸਿੰਘ, ਕੁਲਵਿੰਦਰ ਸਿੰਘ ਝਮਟ, ਨਿਰਮਲਜੀਤ ਸਿੰਘ ਭੱਟੀ, ਰਵਿੰਦਰ ਸਿੰਘ ਝੱਮਟ, ਰਾਮ ਸਿੰਘ, ਪੰਥ ਲਾਲ ਦਰੋਚ, ਪਰਮਜੀਤ ਸਿੰਘ ਮਹਿਮੀ, ਹੰਸ ਰਾਜ ਕਟਾਰੀਆ, ਹਰਭਜਨ ਢੰਡਾ, ਰਾਮ ਪ੍ਰਕਾਸ਼ ਲੱਖਾ, ਕਮਲਜੀਤ ਕੌਰ ਸੰਧੂ, ਸੁਰਿੰਦਰ ਕੌਰ ਭੱਟੀ, ਅਮਰਜੀਤ ਕੌਰ ਅਤੇ ਮਲਕੀਤ ਕੌਰ ਆਦਿ ਹਾਜ਼ਰ ਸਨ।
Home Page ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ...