ਕਬੱਡੀ ‘ਚ ਚੜ੍ਹਦੀਕਲਾ ਸਪੋਰਟ ਕਲੱਬ ਬੇਅ ਆਫ਼ ਪਲੈਂਟੀ ਨੇ ਮਾਲਵਾ ਕਲੱਬ ਨੂੰ ਹਰਾ ਕੇ ਟਰਾਫ਼ੀ ਜਿੱਤੀ
ਆਕਲੈਂਡ, 23 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਵੱਲੋਂ ਕਰਵਾਇਆ ਗਿਆ 30ਵਾਂ ਸਲਾਨਾ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ ਹੋ ਗਿਆ। ਇਹ ਖੇਡ ਮੇਲਾ ਪੁੱਕੀਕੋਹੀ ਦੇ ਕੋਲਿਨ ਲਾਰੀ ਫੀਲਡ ਵਿਖੇ ਕਰਵਾਇਆ ਗਿਆ। ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਬੰਧਕਾਂ ਦੀ ਮਿਹਨਤ ਰੰਗ ਲਿਆਈ ਅਤੇ ਖੇਡ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਜ਼ਿਕਰਯੋਗ ਹੈ ਕਿ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ 1992 ਤੋਂ ਲਗਾਤਾਰ ਹਰੇਕ ਸਾਲ ਇਹ ਖੇਡ ਟੂਰਨਾਮੈਂਟ ਕਰਵਾ ਆ ਰਿਹਾ ਹੈ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਖੇਡ ਮੇਲੇ ‘ਚ ਕਬੱਡੀ ਦੇ ਫਾਈਨਲ ਮੁਕਾਬਲੇ ਵਿੱਚ ਬੇਅ ਆਫ਼ ਪਲੈਂਟੀ ਦੇ ‘ਚੜ੍ਹਦੀਕਲਾ ਸਪੋਰਟਸ ਕਲੱਬ’ ਨੇ ਆਕਲੈਂਡ ਦੀ ‘ਮਾਲਵਾ ਸਪੋਰਟਸ ਕਲੱਬ’ ਦੀ ਟੀਮ ਨੂੰ ਹਰਾ ਕੇ ਬਾਜ਼ੀ ਮਾਰੀ। ਕਬੱਡੀ ਦੇ ਮੈਚਾਂ ‘ਚ ਦੀਪਕ ਕਾਸ਼ੀਪੁਰ ਨੂੰ ਬੈੱਸਟ ਰੇਡਰ ਅਤੇ ਜਾਦਾ ਸੁੱਖਪੁਰ ਨੂੰ ਬੈੱਸਟ ਜਾਫੀ ਐਲਾਨਿਆ ਗਿਆ।
ਕਬੱਡੀ ਦੇ ਮੈਚਾਂ ਵਿੱਚ ਖੇਡਣ ਲਈ ਇੰਡੀਆ ਤੋਂ ਵੀ ਖਿਡਾਰੀ ਪਹੁੰਚੇ ਹੋਏ ਹਨ, ਜਿਨ੍ਹਾਂ ‘ਚ ਬੁਲਟ ਖਰਿਾਵਾਲੀ, ਚੱਕੀ ਰਮਦਾਸ, ਦੀਨੰ ਹਰਿਆਣਾ, ਪਾਲ ਕੈਂਡ, ਅਮਨ ਲਸਾੜਾ, ਗੱਗੀ ਮੱਲ੍ਹਾ, ਪਿੰਦੂ ਸੀਚੇਵਾਲ, ਦੀਪਕ ਕਾਸ਼ੀਪੁਰ, ਰਮਨ ਮੱਲ੍ਹੀਆ, ਨੀਨੀ ਖਜ਼ਰੂਲਾ, ਮੰਨਾ ਲਾਲਪੁਰ, ਘੋੜਾ ਦੋਧਾ ਤੇ ਜੱਗੂ ਹਾਕਮਵਾਲਾ ਸ਼ਾਮਿਲ ਹਨ।
ਵਾਲੀਬਾਲ: ਫਾਈਨਲ ਮੁਕਾਬਲਾ ਕਲਗ਼ੀਧਰ ਲਾਇਨਜ਼ ਕਲੱਬ ਨੇ ਆਕਲੈਂਡ ਸਪਾਈਕਰਜ਼ ਨੂੰ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ। ਕਲਗ਼ੀਧਰ ਲਾਇਨਜ਼ ਕਲੱਬ ਦੇ ਖਿਡਾਰੀ ਰਾਜੇਸ਼ ਕੁਮਾਰ ਨੂੰ ਬੈੱਸਟ ਖਿਡਾਰੀ ਐਲਾਨਿਆ।
ਵਾਲੀਬਾਲ ਸ਼ੂਟਿੰਗ: ਫਾਈਨਲ ਮੁਕਾਬਲਾ ਫਾਈਵ ਰਿਵਰ ਕਲੱਬ ਨੇ ਬੱਕਲੈਂਡ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਆਪਣੇ ਨਾਂਅ ਕੀਤੀ। ਵਧੀਆ ਸ਼ੂਟਰ ਸ. ਜਗਜੀਤ ਸਿੰਘ ਸਿੱਧੂ ਬੰਗੀਵਾਲ ਅਤੇ ਵਧੀਆ ਨੈੱਟਮੈਨ ਸ. ਹਰਜੀਤ ਸਿੰਘ ਰਾਜੂ ਰਿਹਾ। ਮਾਲਵਾ ਕਲੱਬ ਅਤੇ ਐੱਸ. ਬੀ. ਐੱਸ ਕਲੱਬ ਨੇ ਵੀ ਬਹੁਤ ਵਧੀਆ ਮੈਚ ਖੇਡੇ ਪਰ ਦੂਜੀਆਂ ਟੀਮਾਂ ਅੱਗੇ ਪੇਸ਼ ਨਾ ਗਈ।
ਫੁੱਟਬਾਲ: ਫਾਈਨਲ ‘ਚ ਸ਼ੇਰੇ-ਏ-ਪੰਜਾਬ ਕਲੱਬ ਦੀ ਟੀਮ ਨੇ ਬੇਅ ਆਫ਼ ਪਲੈਂਟੀ ਟੌਰੰਗਾ ਦੀ ਟੀਮ ਨੂੰ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ।
ਰੱਸਾ ਕੱਸੀ: ਇਸ ‘ਚ ਦਿੱਲੀ ਦੇ ਨਾਮ ਵਾਲੀ ਦੀ ਬਣਾਈ ਗਈ ਟੀਮ ਨੇ ਆਪਣੇ ਵਿਰੋਧੀ ਟੀਮ ਮਾਲਵਾ ਕਲੱਬ ਨੂੰ ਹਰਾ ਕੇ ਇਨਾਮ ਜਿੱਤਿਆ।
ਛੋਟੇ ਬੱਚਿਆਂ ਦੀਆਂ ਦੌੜਾਂ: ਇਸ ਵਿੱਚ ਵੱਖ-ਵੱਖ ਵਰਗ ਉਮਰ ਦੇ ਬੱਚਿਆਂ ਨੇ ਦੌੜਾਂ ਲੱਗਾ ਕੇ ਇਨਾਮ ਜਿੱਤੇ ਅਤੇ ਦਰਸ਼ਕਾਂ ਦੀ ਵਾਹ-ਵਾਹੀ ਲੁੱਟੀ। ਰੇਡੀਓ ਸਾਡੇ ਆਲਾ ਵੱਲੋਂ ਦੌੜਾਂ ‘ਚ ਪਹਿਲੇ, ਦੂਜੇ ਤੇ ਤੀਜੇ ਨੰਬਰ ਉੱਤੇ ਰਹੇ ਬੱਚਿਆਂ ਨੂੰ ਬੈਗਾਂ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਬੱਚਿਆਂ ਦਾ ਬੈਗਾਂ ਨਾਲ ਸਨਮਾਨ ਕੀਵੀ ਕਾਰ ਰਿਪੇਅਰ ਦੇ ਮਾਲਕ ਤੇ ਸਥਾਨ ਪੰਜਾਬੀ ਗਾਇਕ ਦੀਪਾ ਡੂਮੇਲੀ ਵੱਲੋਂ ਕਰਵਾਇਆ ਗਿਆ।
ਮਿਊਜ਼ੀਕਲ ਚੇਅਰ: ਇਸ ਮੁਕਾਬਲੇ ਵਿੱਚ ਪਹਿਲੇ ਨੰਬਰ ਉੱਤੇ ਆਈ ਸੰਜਨਾ ਨੇ ਸੋਨੇ ਦੀ ਮੁੰਦਰੀ ਜਿੱਤੀ, ਦੂਜੇ ਨੰਬਰ ਉੱਤੇ ਰਹੀ ਜਸਪ੍ਰੀਤ ਸਹੋਤਾ ਨੇ ੧੦੦ ਡਾਲਰ ਅਤੇ ਤੀਜੇ ਨੰਬਰ ਉੱਤੇ ਮਨਪ੍ਰੀਤ ਸਹੋਤਾ ਰਹੀ।
ਸੋਨੇ ਦੇ ਤਗਮੇ ਨਾਲ ਸਨਮਾਨ: ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਸ੍ਰੀ ਰਾਜੀਵ ਤੂਰਾ ਨੂੰ ਉਨ੍ਹਾਂ ਦੀ ਸੇਵਾਵਾਂ ਬਦਲੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ।
ਬੱਚਿਆਂ ਲਈ ਬਾਉਂਸੀ ਕਾਸਟਲ: ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਬੱਚਿਆਂ ਦੇ ਮਨੋਰੰਜਨ ਲਈ ਬਾਉਂਸੀ ਕਾਸਟਲ, ਛੋਟੀ ਟ੍ਰੇਨ ਆਦਿ ਇੰਤਜ਼ਾਮ ਕੀਤਾ ਗਿਆ ਸੀ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਖੇਡ ਮੇਲੇ ‘ਚ ਭਾਈਚਾਰੇ ‘ਚੋਂ ਕਈ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ, ਉਨ੍ਹਾਂ ‘ਚ ਸਾਬਕਾ ਸਾਂਸਦ ਸ. ਕਵਲਜੀਤ ਸਿੰਘ ਬਖਸ਼ੀ, ਭਾਰਤ ਦੇ ਆਕਲੈਂਡ ਤੋਂ ਆਨਰੇਰੀ ਕੌਂਸਲੇਟ ਸ. ਭਵਦੀਪ ਸਿੰਘ ਢਿੱਲੋਂ, ਖੜਗ ਸਿੰਘ, ਲੀਗਲ ਐਸੋਸੀਏਟਸ ਤੋਂ ਸ੍ਰੀ ਰਾਜ ਪ੍ਰਦੀਪ, ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਮਨੂ ਸ਼ਰਮਾ, ਟ੍ਰੈਵਲ ਪੁਆਇੰਟ ਤੋਂ ਦੀਪਕ ਸ਼ਰਮਾ, ਸਥਾਨ ਗਾਇਕ ਦੀਪਾ ਡੂਮੇਲੀ, ਨਿਊਜ਼ੀਲੈਂਡ ਸਿੱਖ ਗੇਮਜ਼ ਤੋਂ ਸ. ਤਾਰੀ ਸਿੰਘ ਬੈਂਸ, ਦਲਜੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਔਲਖ, ਗੁਰਜਿੰਦਰ ਸਿੰਘ ਘੁੰਮਣ ਅਤੇ ਹੋਰ ਪਤਵੰਤੇ ਸਜਣ ਹਾਜ਼ਰ ਸਨ। ਪੰਜਾਬੀ ਮੀਡੀਆ ਤੋਂ ਕੂਕ ਪੰਜਾਬੀ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਪੰਜਾਬੀ ਹੈਰਾਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ, ਐਨਜ਼ੈੱਡ ਤਸਵੀਰ ਤੋਂ ਸ੍ਰੀ ਨਰਿੰਦਰ ਸਿੰਗਲਾ ਅਤੇ ਰੇਡੀਓ ਸਾਡੇ ਆਲਾ ਤੋਂ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ। ਇਨ੍ਹਾਂ ਅਤੇ ਹੋਰਾਂ ਦਾ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਨਮਾਨ ਵੀ ਕੀਤਾ ਗਿਆ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਖੇਡ ਮੇਲੇ ਦੌਰਾਨ ਗੁਰੂ ਕੇ ਲੰਗਰਾਂ ‘ਚ ਦਰਸ਼ਕਾਂ ਲਈ ਕਈ ਤਰ੍ਹਾਂ ਦੇ ਪਕਵਾਨ, ਮਠਿਆਈਆਂ, ਬੇਸਨ ਦੀ ਬਰਫ਼ੀ, ਜਲੇਬੀਆਂ, ਚਾਹ, ਸੇਬ, ਕੇਲੇ, ਸੰਤਰੇ, ਪਕੌੜੇ, ਬ੍ਰੈੱਡ ਪਕੌੜੇ, ਕੜੀ ਚਾਵਲ, ਛੋਲੇ, ਪ੍ਰਸ਼ਾਦੇ, ਬੱਚਿਆਂ ਲਈ ਫਰੂਟੀਆਂ, ਪਾਣੀ ਦੀਆਂ ਬੋਤਲਾਂ ਅਤੇ ਹੋਰ ਬਹੁਤ ਕੁੱਝ ਖਾਣ ਲਈ ਰੱਖਿਆ ਗਿਆ ਸੀ। ਇਸ ਮੌਕੇ ਬੀਬੀਆਂ ਵੱਲੋਂ ਪ੍ਰਸ਼ਾਦੇ ਪਕਾਓ ਵਿੱਚ ਅਮਰਜੀਤ ਕੌਰ, ਰਾਜ ਰਾਣੀ, ਬਲਵੀਰ ਕੌਰ, ਕਲੀਸ਼ ਕੌਰ, ਮੀਨਾ, ਜੋਤੀ ਬੰਗੜ ਅਤੇ ਪੂਜਾ ਆਦਿ ਬੀਬੀਆਂ ਨੇ ਸੇਵਾ ਨਿਭਾਈ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਖੇਡ ਮੇਲੇ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਖਿਡਾਰੀਆਂ, ਦਰਸ਼ਕਾਂ ਅਤੇ ਕਿਸੇ ਵੀ ਤਰ੍ਹਾਂ ਖੇਡ ਮੇਲੇ ‘ਚ ਹਰ ਪੱਖੋਂ ਸਹਿਯੋਗ ਪਾਉਣ ਵਾਲਿਆਂ ਅਤੇ ਖੇਡ ਮੇਲੇ ਨੂੰ ਸਫਲ ਬਣਾਉਣ ਵਾਲਿਆਂ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ।
Home Page ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ 30ਵਾਂ ਸਲਾਨਾ ਖੇਡ ਮੇਲਾ...