ਆਕਲੈਂਡ, 31 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਵੱਲੋਂ ਹਰੇਕ ਸਾਲ ਖੇਡ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਆਪਣਾ 31ਵਾਂ ਖੇਡ ਟੂਰਨਾਮੈਂਟ 22 ਅਕਤੂਬਰ ਦਿਨ ਐਤਵਾਰ ਨੂੰ ਇਸ ਵਾਰ ਨਵੇਂ ਖੇਡ ਗਰਾਊਂਡ ਬਲੇਡਿਸੋਲ ਪਾਰਕ, 86 ਕਵੀਨ ਸਟ੍ਰੀਟ, ਪੁੱਕੀਕੋਹੀ ਵਿਖੇ ਕਰਵਾਇਆ ਗਿਆ, ਜੋ ਸਫਲਤਾਪੂਰਵਕ ਸਮਾਪਤੀ ਹੋਇਆ ਤੇ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਨਵੀਂ ਗਰਾਊਂਡ ਹੋਣ ਦੇ ਬਾਵਜੂਦ ਦਰਸ਼ਕਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ ਤੇ ਖਿਡਾਰੀਆਂ ਦੀ ਹੱਲਾਸ਼ੇਰੀ ਕੀਤੀ। ਜ਼ਿਕਰਯੋਗ ਹੈ ਕਿ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ 1992 ਤੋਂ ਲਗਾਤਾਰ ਹਰੇਕ ਸਾਲ ਇਹ ਖੇਡ ਟੂਰਨਾਮੈਂਟ ਕਰਵਾ ਆ ਰਿਹਾ ਹੈ।
ਇਸ ਖੇਡ ਟੂਰਨਾਮੈਂਟ ‘ਚ ਹਰ ਵਾਰ ਦੀ ਤਰ੍ਹਾਂ ਕਬੱਡੀ, ਫੁੱਟਬਾਲ ਓਪਨ, ਫੁੱਟਬਾਲ ਅੰਡਰ-17, ਫੁੱਟਬਾਲ ਅੰਡਰ-14, ਵਾਲੀਬਾਲ ਤੇ ਵਾਲੀਬਾਲ ਸ਼ੂਟਿੰਗ, ਬੱਚਿਆਂ ਦੀਆਂ ਦੌੜਾਂ, ਲੇਡੀਜ਼ ਮਿਊਜ਼ੀਕਲ ਚੇਅਰ, ਰੱਸਾਕਸ਼ੀ, ਨੌਜਵਾਨ ਮੁੰਡੇ ਤੇ ਕੁੜੀਆਂ (ਅੰਡਰ-15) ਦੀਆਂ ਦੌੜਾਂ ਅਤੇ ਹੋਰ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਕਬੱਡੀ ਦੇ ਮੈਚਾਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ (ਇੰਡੀਆ ਤੋਂ) ਦੇ ਨਾਲ-ਨਾਲ ਸਥਾਨਕ ਖਿਡਾਰੀਆਂ ਨੇ ਆਪਣੀ ਤਾਕਤ ਦੇ ਮੁਜ਼ਾਹਰੇ ਕੀਤੇ ਅਤੇ ਦਰਸ਼ਕਾਂ ਨੇ ਫਾਈਨਲ ਮੁਕਾਬਲੇ ਤੱਕ ਖ਼ੂਬ ਅਨੰਦ ਮਾਣਿਆ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਖੇਡ ਟੂਰਨਾਮੈਂਟ ‘ਚ ਕਬੱਡੀ ਦੇ ਫਾਈਨਲ ਮੁਕਾਬਲੇ ਵਿੱਚ ਪਾਪਾਮੋਆ ਸਪੋਰਟਸ ਕਲੱਬ ਨੇ ਆਕਲੈਂਡ ਦੀ ‘ਯੂਥ ਮਾਲਵਾ ਕਲੱਬ’ ਦੀ ਟੀਮ ਨੂੰ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ। ਇਨ੍ਹਾਂ ਤੋਂ ਇਲਾਵਾ ਟੂਰਨਾਮੈਂਟ ‘ਚ ਜੇਤੂ ਅਤੇ ਉਪ-ਜੇਤੂ ਰਹਿਣ ਵਾਲੀਆਂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮਾਂ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹਰ ਵਾਰ ਦੀ ਤਰ੍ਹਾਂ ਟੂਰਨਾਮੈਂਟ ਦੇ ਸਪਾਂਸਰਜ਼ ਅਤੇ ਸਹਿਯੋਗ ਦੇਣ ਵਾਲਿਆਂ ਤੇ ਸਥਾਨਕ ਮੀਡੀਆ ਦਾ ਵੀ ਸਨਮਾਨ ਕੀਤਾ ਗਿਆ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਖੇਡ ਟੂਰਨਾਮੈਂਟ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਬਾਉਂਸੀ ਕਾਸਟਲ, ਰੇਲ ਗੱਡੀ ਦੇ ਝੂਟਿਆਂ ਦਾ ਪ੍ਰਬੰਧ ਕੀਤਾ ਗਿਆ, ਜਿਨ੍ਹਾਂ ‘ਤੇ ਬੱਚੇ ਝੂਟੇ ਲੈਂਦੇ ਨਜ਼ਰ ਆਏ। ਇਸ ਮੌਕੇ ਦਰਸ਼ਕਾਂ ਤੇ ਮੇਲੇ ‘ਚ ਪਹੁੰਚਣ ਵਾਲੇ ਹਰ ਇੱਕ ਲਈ ਪ੍ਰਬੰਧਕਾਂ ਵੱਲੋਂ ਚਾਹ, ਪਕੌੜੇ, ਫਲ ਫਰੂਟ, ਜਲੇਬੀਆਂ, ਮਠਿਆਈ, ਪਾਣੀ ਦੀਆਂ ਬੋਤਲਾਂ ਅਤੇ ਗੁਰਦੁਆਰਾ ਸਾਹਿਬ ਬੰਬੇ ਹਿੱਲ ਤੋਂ ਗੁਰੂ ਕੇ ਲੰਗਰਾਂ ਆਦਿ ਦੇ ਪ੍ਰਬੰਧ ਕੀਤੇ ਗਏ ਸਨ। ਐਨਜ਼ੈੱਡ ਫਲੇਮ ਸਵੀਟ ਸ਼ਾਪ ਵਾਲੇ ਅਮਰੀਕ ਸਿੰਘ ਹੋਣਾ ਨੇ ਦਰਸ਼ਕਾਂ ਨੂੰ ਤਾਜ਼ੀਆਂ ਤੇ ਗਰਮਾ-ਗਰਮ ਜਲੇਬੀਆਂ ਖੁਆਈਆਂ।
ਨਵੀਂ ਖੇਡ ਗਰਾਊਂਡ ‘ਚ ਇਸ ਵਾਰ ਹੋਏ ਖੇਡ ਟੂਰਨਾਮੈਂਟ ਨੂੰ ਕਾਮਯਾਬ, ਸਿਰ ਕੱਢਵਾਂ ਤੇ ਸਫਲ ਬਣਾਉਣ ‘ਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਉਨ੍ਹਾਂ ਵਿੱਚ ਮਲਕੀਤ ਸਿੰਘ ਸਹੋਤਾ (ਪ੍ਰਧਾਨ ਤੇ JP), ਪਿਆਰ ਰੱਤੂ (ਉਪ-ਪ੍ਰਧਾਨ), ਜਸਵਿੰਦਰ ਸੰਧੂ (ਸਕੱਤਰ), ਪ੍ਰਦੀਪ ਕੁਮਾਰ ਚਿੰਝਰ (ਖ਼ਜ਼ਾਨਚੀ), ਪੰਕਜ ਕੁਮਾਰ ਅਤੇ ਨਰਿੰਦਰ ਸਹੋਤਾ (ਆਡੀਟਰ), ਰਵਿੰਦਰ ਸਿੰਘ ਝੱਮਟ (ਲੰਗਰ ਇੰਚਾਰਜ), ਨਿਰਮਲਜੀਤ ਸਿੰਘ ਭੱਟੀ, ਕੁਲਵਿੰਦਰ ਸਿੰਘ ਝੱਮਟ (QSM), ਜਰਨੈਲ ਸਿੰਘ ਬੱਛੋਵਾਲ, ਪਰਮਜੀਤ ਮਹਿਮੀ, ਰਾਮ ਸਿੰਘ ਚੌਕੜੀਆ, ਰਜਿੰਦਰ ਸਿੰਘ ਚੁੰਮਰ, ਪੰਥ ਲਾਲ ਦੜੋਚ, ਹੰਸਰਾਜ ਕੁਟਾਰੀਆ, ਸੁਰਿੰਦਰ ਕੁਮਾਰ ਸਿੱਧੂ, ਕਰਨੈਲ ਬੱਧਣ (QSM), ਰਕੇਸ਼ ਕੁਮਾਰ, ਵਿਵਮ ਕੁਮਾਰ, ਸੋਰਵ ਝੁਲਕਾ (ਹਰਿਆਣਾ), ਸਰਬਜੀਤ ਸਿੰਘ ਝੱਮਟ, ਨਿਰਮਲ ਸਿੰਘ (ਚੱਕ ਸਾਬੂ), ਰਮਨਦੀਪ ਸਿੰਘ, ਅਮਰਪਾਲ ਸਿੰਘ, ਜੀਵਨ ਸੰਧੂ, ਬਲਜੀਤ ਸਿੰਘ ਗਰਾੜ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਮਾਨ, ਗਗਨ ਦੀਪ, ਅੰਮ੍ਰਿਤਪਾਲ, ਦਲਵਿੰਦਰ ਸਿੰਘ ਅਤੇ ਪਰਵਾਰ, ਜਰਨੈਲ ਸਿੰਘ ਬੱਗਾ (ਭੰਗੜਾ ਕੋਚ ਪਟਿਆਲਾ), ਸੰਜੀਵ ਭਾਟੀਆ (ਦੁਗਾਪੁਰੀਆ), ਸ਼ਿੰਦਰ ਸਿੰਘ ਮਾਹੀ, ਰਾਮ ਪਾਲ ਸੰਧੂ, ਗਾਇਕ ਸੱਤਾ ਵੈਰੋਵਾਲੀਆ, ਮਾਹੀ ਨੰਗਲ, ਸਤਿੰਦਰ ਪੱਪੀ, ਹੈਰੀ ਧਾਲੀਵਾਲ ਪਟਿਆਲਾ, ਅਸ਼ੋਕ ਘੇੜਾ ਆਦਿ ਹਾਜ਼ਰ ਰਹੇ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਖੇਡ ਟੂਰਨਾਮੈਂਟ ‘ਚ ਪਹੁੰਚੇ ਸਾਰੇ ਮਹਿਮਾਨਾਂ, ਖਿਡਾਰੀਆਂ, ਦਰਸ਼ਕਾਂ ਅਤੇ ਕਿਸੇ ਵੀ ਤਰ੍ਹਾਂ ਖੇਡ ਟੂਰਨਾਮੈਂਟ ‘ਚ ਹਰ ਪੱਖੋਂ ਸਹਿਯੋਗ ਪਾਉਣ ਵਾਲਿਆਂ ਅਤੇ ਖੇਡ ਮੇਲੇ ਨੂੰ ਸਫਲ ਬਣਾਉਣ ਵਾਲਿਆਂ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ।
Home Page ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦਾ 31ਵਾਂ ਸਲਾਨਾ ਖੇਡ ਟੂਰਨਾਮੈਂਟ ਨਵੀਂ ਖੇਡ...