ਅੰਮ੍ਰਿਤਸਰ, 13 ਮਾਰਚ – ਆਮ ਆਦਮੀ ਪਾਰਟੀ ਨੇ ਖਟਕੜ ਕਲਾਂ ਵਿੱਚ 16 ਮਾਰਚ ਨੂੰ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਅੱਜ ਇੱਥੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੇਰਾ-ਫੇਰੀ ਕਰਨ ਵਾਲੇ ਕਿਸੇ ਵਿਅਕਤੀ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਭਗਵੰਤ ਮਾਨ ਨੇ ਸਮੂਹ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ 16 ਮਾਰਚ ਨੂੰ ਖਟਕੜ ਕਲਾਂ ਵਿਚ ਬਸੰਤੀ ਦਸਤਾਰਾਂ ਸਜਾ ਕੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ। ਅੱਜ ਇੱਥੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਦੀ ਖ਼ੁਸ਼ੀ ਵਿੱਚ ਇਕ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ ਗਿਆ। ਕਿਚਲੂ ਚੌਂਕ ਤੋਂ ਆਰੰਭ ਹੋਇਆ ਇਹ ਰੋਡ ਸ਼ੋਅ ਫੋਰਐੱਸ ਚੌਂਕ ਤੱਕ ਆਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਕੇਜਰੀਵਾਲ ਤੇ ਭਗਵੰਤ ਮਾਨ ਇਕ ਖੁੱਲ੍ਹੇ ਵਾਹਨ ਵਿਚ ਸਵਾਰ ਸਨ। ਉਨ੍ਹਾਂ ਦੇ ਪਿੱਛੇ ਖੁੱਲ੍ਹੇ ਵਾਹਨ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਜਿੱਤੇ ਹੋਏ ‘ਆਪ’ ਦੇ ਵਿਧਾਇਕ ਸਨ।
‘ਨਾਵਲਟੀ ਚੌਂਕ’ ਵਿੱਚ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। ਕੁੱਝ ਗਰੰਟੀਆਂ ਜਲਦੀ ਪੂਰੀਆਂ ਹੋਣਗੀਆਂ ਅਤੇ ਕੁੱਝ ਨੂੰ ਪੂਰਾ ਕਰਨ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੰਮੇ ਅਰਸੇ ਮਗਰੋਂ ਪੰਜਾਬ ਨੂੰ ਇਕ ਇਮਾਨਦਾਰ ਮੁੱਖ ਮੰਤਰੀ ਮਿਲੇਗਾ। ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਕਹਿੰਦਿਆਂ ਉਨ੍ਹਾਂ ਕਿਹਾ ਕਿ ਉਹ ‘ਕੱਟੜ ਇਮਾਨਦਾਰ’ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ‘ਆਪ’ ਦਾ ਕੋਈ ਮੰਤਰੀ ਜਾਂ ਵਿਧਾਇਕ ਕੋਈ ਗ਼ਲਤ ਕੰਮ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਦਾ ਸਰਕਾਰੀ ਪੈਸਾ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਇਸ ਨੂੰ ਗ਼ਰੀਬਾਂ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪੰਜਾਬੀਆਂ ਨੇ ਇਨਕਲਾਬ ਲਿਆਂਦਾ ਹੈ, ਜਿਸ ਦੀ ਦੁਨੀਆ ਭਰ ਵਿੱਚ ਚਰਚਾ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਵੱਡਾ ਸਮਰਥਨ ਦਿੱਤਾ ਹੈ ਅਤੇ ਕਈ ਵੱਡੇ ਥੰਮ੍ਹਾਂ ਨੂੰ ਹਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ‘ਮੁੜ ਰੰਗਲਾ ਤੇ ਹੱਸਦਾ ਵੱਸਦਾ ਪੰਜਾਬ’ ਸਿਰਜਿਆ ਜਾਵੇਗਾ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਦੇ ਗਠਨ ਮਗਰੋਂ ਪਹਿਲੇ ਦਿਨ ਤੋਂ ਹੀ ਲੋਕਾਂ ਦੀਆਂ ਆਸਾਂ-ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਪਹਿਲਾਂ 122 ਸਿਆਸੀ ਆਗੂਆਂ ਦੀ ਸੁਰੱਖਿਆ ਛਤਰੀ ਨੂੰ ਘੱਟ ਕੀਤਾ ਗਿਆ ਹੈ, ਜਿਨ੍ਹਾਂ ਨਾਲ 403 ਪੁਲੀਸ ਕਰਮਚਾਰੀ ਥਾਣਿਆਂ ਵਿੱਚ ਪੁੱਜ ਗਏ ਹਨ ਅਤੇ 27 ਪੁਲੀਸ ਵਾਹਨ ਥਾਣਿਆਂ ਵਿੱਚ ਆ ਗਏ ਹਨ।
ਰੋਡ ਸ਼ੋਅ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਘਵ ਚੱਢਾ, ਜਰਨੈਲ ਸਿੰਘ ਤੇ ਜਿੱਤੇ ਹੋਏ ਵਿਧਾਇਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ‘ਆਪ’ ਆਗੂ ਤੇ ਵਲੰਟੀਅਰ ਹਾਜ਼ਰ ਸਨ।
ਭਗਵੰਤ ਮਾਨ ਤੇ ਕੇਜਰੀਵਾਲ ਹਰਿਮੰਦਰ ਸਾਹਿਬ ਨਤਮਸਤਕ
‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਕੜਾਹ-ਪ੍ਰਸਾਦ ਦੀ ਦੇਗ ਕਰਾਈ। ਸੱਚਖੰਡ ਵਿੱਚ ਉਨ੍ਹਾਂ ਨੂੰ ਫੁੱਲਾਂ ਦਾ ਸਿਹਰਾ ਭੇਟ ਕੀਤਾ ਗਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਵਿੱਚ ਵੀ ਮੱਥਾ ਟੇਕਿਆ। ਮਗਰੋਂ ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਆਦਿ ਦੇ ਕੇ ਸਨਮਾਨਿਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਸਿਰਫ਼ ਕੇਜਰੀਵਾਲ ਅਤੇ ਮਾਨ ਦੋਵੇਂ ਹੀ ਮੱਥਾ ਟੇਕਣ ਪੁੱਜੇ ਸਨ।
ਉਨ੍ਹਾਂ ਇਤਿਹਾਸਕ ਜਲ੍ਹਿਆਂਵਾਲ ਬਾਗ਼ ਵਿੱਚ ਸ਼ਹੀਦੀ ਸਮਾਰਕ ‘ਤੇ ਸ਼ਹੀਦਾਂ ਨੂੰ ਨਮਨ ਕੀਤਾ। ਦੁਰਗਿਆਣਾ ਮੰਦਿਰ ਤੇ ਇਤਿਹਾਸਕ ਰਾਮ ਤੀਰਥ ਮੰਦਰ ਵਿੱਚ ਵੀ ਮੱਥਾ ਟੇਕਿਆ।
Home Page ਅੰਮ੍ਰਿਤਸਰ ‘ਚ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਜੇਤੂ ਵਿਧਾਇਕਾਂ ਨਾਲ ਰੋਡ ਸ਼ੋਅ...