ਛੇਹਰਟਾ, 19 ਅਕਤੂਬਰ (ਰਾਜ-ਤਾਜ ਰੰਧਾਵਾ) – ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸਕ ਗੁ: ਦਾਤਾ ਬੰਦੀ ਛੋੜ ਸਾਹਿਬ (ਕਿਲ੍ਹਾ ਗਵਾਲੀਅਰ-ਮੱਧ ਪ੍ਰਦੇਸ਼) ਵਿਖੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਦੀ ਦੇਖ ਰੇਖ ‘ਚ 403 ਸਾਲਾ ਬੰਦੀ ਛੋੜ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਗੁ: ਦਾਤਾ ਬੰਦੀ ਛੋੜ ਸਾਹਿਬ ਦੇ ਥੜੇ ਸਾਹਿਬ ਦੇ ਇਸ਼ਨਾਨ ਦੀ ਸੇਵਾ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਗਾਰਗੀ ਜਥੇ ਸਮੇਤ ਅੰਮ੍ਰਿਤਸਰ ਦੇ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ‘ਚੋਂ ਭਰਕੇ ਲਿਜਾਈ ਗਾਗਰ ਦੇ ਜਲ ਨਾਲ਼ ਸਿਮਰਨ ਕਰਦੇ ਹੋਏ ਮਰਿਆਦਾ ਨਾਲ ਕੀਤੀ ਗਈ। ਇਸ਼ਨਾਨ ਦੀ ਸੇਵਾ ‘ਚ ਪ੍ਰੋ: ਬਾਬਾ ਰੰਧਾਵਾ ਦੇ ਨਾਲ ਭਾਈ ਗੁਰਸ਼ੇਰ ਸਿੰਘ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਹਰਜਿੰਦਰ ਸਿੰਘ, ਭਾਈ ਸੰਤਾ ਸਿੰਘ, ਭਾਈ ਅਜਮੇਰ ਸਿੰਘ, ਭਾਈ ਸੁੱਖਾ ਸਿੰਘ ਅਤੇ ਭਾਈ ਮਨਜੀਤ ਸਿੰਘ ਆਦਿ ਸ਼ਾਮਲ ਸਨ।
ਦਰਬਾਰ ਦੇ ਥੜ੍ਹਾ ਸਾਹਿਬ ਦਾ ਇਸ਼ਨਾਨ ਕਰਵਾਉਣ ਤੋਂ ਪਹਿਲਾਂ ਪ੍ਰੋ: ਬਾਬਾ ਰੰਧਾਵਾ ਅਤੇ ਭਾਈ ਜਗਦੀਸ਼ ਸਿੰਘ ਦੀ ਦੇਖ ਰੇਖ ‘ਚ ਦੋ ਸ਼ਬਦ ਚੌਂਕੀ ਜਥਿਆਂ ਵਲੋਂ ਸੰਗਤਾਂ ਸਮੇਤ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਗੁ: ਦਾਤਾ ਬੰਦੀ ਛੋੜ ਸਾਹਿਬ ਦੀਆਂ ਪਰਕਰਮਾਂ ਕਰਦਿਆਂ ਸ਼ਬਦ ਚੌਂਕੀ ਸਜਾਈ ਗਈ। ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਦੇਖ ਰੇਖ ‘ਚ ਬਾਬਾ ਬੁੱਢਾ ਸਾਹਿਬ ਜੀ ਦੀ ਪਾਈ ਪਰੰਪਰਾ ਨੂੰ ਸੁਰਜੀਤ ਕਰਦਿਆਂ ਗਵਾਲੀਅਰ ਕਿਲੇ ਦੀਆਂ ਪੈਦਲ ਚੌਂਕੀ ਸਾਹਿਬ ਦੇ ਰੂਪ ਵਿੱਚ ਪਰਕਰਮਾਂ (ਲਗਭਗ 16-17 ਕਿਲੋਮੀਟਰ) 4.30 ਘੰਟੇ ‘ਚ ਕੀਤੀਆਂ ਗਈਆਂ। ਇਸ ਵੱਡੀ ਸ਼ਬਦ ਚੌਂਕੀ ‘ਚ ਖਡੂਰ ਸਾਹਿਬ ਦੀ ਸੰਗਤ, ਅੰਮ੍ਰਿਤਸਰ ਦੀ ਸੰਗਤ ਅਤੇ ਪ੍ਰੋ: ਬਾਬਾ ਰੰਧਾਵਾ ਨਾਲ ਆਏ ਸ਼ਬਦ ਚੌਂਕੀ ਜਥੇ ਨੇ ਵੀ ਸਿਮਰਨ ਕਰਦੇ ਹੋਏ ਭਾਗ ਲਿਆ। ਅਗਲੀ ਰਾਤ ਪ੍ਰੋ: ਬਾਬਾ ਰੰਧਾਵਾ ਵਲੋਂ ਗੁ: ਦਾਤਾ ਬੰਦੀ ਛੋੜ ਸਾਹਿਬ ਵਿਖੇ ਗਾਗਰੀ ਜਥੇ ਅਤੇ ਸੰਗਤਾਂ ਨੂੰ ਲੈਕੇ ਦੀਵਿਆਂ ਨਾਲ 403 ਲਿਖਕੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਘਿਓ ਦੇ ਦੀਵੇ ਜਗਾਏ ਗਏ।
Home Page ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਨਾਲ ਗੁ: ਦਾਤਾ ਬੰਦੀ ਛੋੜ ਦਰਬਾਰ...