ਨਵੀਂ ਦਿੱਲੀ, 30 ਦਸੰਬਰ – ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2019-20 ਲਈ ਆਮਦਨ ਕਰ ਰਿਟਰਨ ਦੀ ਈ-ਵੈਰੀਫਿਕੇਸ਼ਨ ਤੋਂ ਵਾਂਝੇ ਰਹਿ ਗਏ ਵਿਅਕਤੀਆਂ ਨੂੰ ਈ-ਵੈਰੀਫਿਕੇਸ਼ਨ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ 28 ਫਰਵਰੀ 2022 ਤੱਕ ਛੋਟ ਦੇ ਦਿੱਤੀ ਹੈ। ਨਿਯਮਾਂ ਮੁਤਾਬਿਕ ਜੇਕਰ ਇਹ ਵੈਰੀਫਿਕੇਸ਼ਨ ਪ੍ਰਕਿਰਿਆ ਮੁਕੰਮਲ ਨਹੀਂ ਹੁੰਦੀ ਤਾਂ ਰਿਟਰਨ ਦਾਖ਼ਲ ਨਹੀਂ ਕੀਤੀ ਮੰਨੀ ਜਾਂਦੀ। ਇਸੇ ਤਰ੍ਹਾਂ ਵਿਭਾਗ ਨੇ ਮੌਜੂਦਾ ‘ਫੇਸਲੈੱਸ ਅਪੀਲ ਸਕੀਮ’ ਵਿੱਚ ਤਬਦੀਲੀ ਲਿਆਂਦੀ ਹੈ। ਇਸ ਤਹਿਤ ਕਿਸੇ ਟੈਕਸ ਮੰਗ ਖ਼ਿਲਾਫ਼ ਅਪੀਲ ਕਰਨ ਦੇ ਇੱਛੁਕ ਕਰਦਾਤਾਵਾਂ ਨੂੰ ਹੁਣ ਵੀਡੀਓ ਕਾਨਫ਼ਰੰਸ ਰਾਹੀਂ ਨਿੱਜੀ ਸੁਣਵਾਈ ਦੀ ਸਹੂਲਤ ਦੇਣ ਦੀ ਪ੍ਰਕਿਰਿਆ ਸੌਖੀ ਬਣਾ ਦਿੱਤੀ ਗਈ ਹੈ। ਵੱਖਰੀ ਜਾਣਕਾਰੀ ਮੁਤਾਬਿਕ ਵਿੱਤੀ ਵਰ੍ਹੇ 2020-21 ਲਈ ਹੁਣ ਤੱਕ 4.86 ਕਰੋੜ ਆਮਦਨ ਕਰ ਰਿਟਰਨਾਂ ਭਰੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 18.89 ਲੱਖ ਰਿਟਰਨਾਂ ਸਿਰਫ਼ 28 ਦਸੰਬਰ ਨੂੰ ਹੀ ਭਰੀਆਂ ਗਈਆਂ ਸਨ। ਆਮਦਨ ਕਰ ਵਿਭਾਗ ਨੇ ਦੱਸਿਆ ਕਿ ਵਿਭਾਗ ਵੱਲੋਂ ਨਿੱਜੀ ਕਰਦਾਤਾਵਾਂ ਨੂੰ ਟੈਕਸ ਭਰਨ ਲਈ ਪਹਿਲਾਂ ਹੀ ਆਖ਼ਰੀ ਮਿਤੀ ਪੰਜ ਮਹੀਨੇ ਵਧਾ ਕੇ 31 ਦਸੰਬਰ 2021 ਕੀਤੀ ਗਈ ਸੀ। ਵਿਭਾਗ ਨੇ ਟਵੀਟ ਕੀਤਾ ਕਿ 28 ਦਸੰਬਰ ਤੱਕ ਕੁੱਲ 4,86,34,306 ਆਮਦਨ ਕਰ ਰਿਟਰਨਾਂ ਭਰੀਆਂ ਗਈਆਂ ਸਨ, ਜਿਨ੍ਹਾਂ ਵਿੱਚ 28 ਦਸੰਬਰ ਨੂੰ 18,89,057 ਰਿਟਰਨਾਂ ਭਰੀਆਂ ਗਈਆਂ ਸਨ।
Home Page ਆਈਟੀਆਰ ਦੀ ‘ਈ-ਵੈਰੀਫਿਕੇਸ਼ਨ’ ਦਾ ਸਮਾਂ ਵਧਾਇਆ