ਪੁਣੇ, 30 ਅਕਤੂਬਰ – ਅੱਜ ਇੱਥੇ ਅਫ਼ਗਾਨਿਸਤਾਨ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਅਫਗਾਨ ਟੀਮ ਦੀ ਇਹ ਲਗਾਤਾਰ ਦੂਜੀ ਤੇ ਟੂਰਨਾਮੈਂਟ ਵਿੱਚ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਉਹ ਮੌਜੂਦਾ ਚੈਂਪੀਅਨ ਇੰਗਲੈਂਡ ਤੇ ਪਾਕਿਸਤਾਨ ਨੂੰ ਵੀ ਹਰਾ ਚੁੱਕੀ ਹੈ।
ਅਫ਼ਗਾਨਿਸਤਾਨ ਨੇ ਸ੍ਰੀਲੰਕਾ ਦੀ ਪੂਰੀ ਟੀਮ ਨੂੰ 49.3 ਓਵਰਾਂ ਵਿੱਚ 241 ਦੌੜਾਂ ’ਤੇ ਆਊਟ ਕਰਨ ਮਗਰੋਂ 3 ਵਿਕਟਾਂ ਗੁਆ ਕੇ 45.2 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਸ੍ਰੀਲੰਕਾ ਦੇ ਪਾਥੁਮ ਨਿਸ਼ੰਕੇ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਕੁਸਾਲ ਮੈਂਡਿਸ ਨੇ 39 ਅਤੇ ਸਮਰਵਿਕਰਮਾ ਨੇ 36 ਦੌੜਾਂ ਦਾ ਯੋਗਦਾਨ ਦਿੱਤਾ।
ਅਫ਼ਗ਼ਾਨਿਸਤਾਨ ਲਈ ਨੂਰ ਅਹਿਮਦ ਦੀ ਥਾਂ ਫਜ਼ਲਹੱਕ ਫਾਰੂਕੀ ਨੂੰ ਟੀਮਾਂ ਵਿੱਚ ਸ਼ਾਮਲ ਕਰਨਾ ਲਾਹੇਵੰਦ ਰਿਹਾ। ਉਸ ਨੇ 34 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ ਅਤੇ ਉਹ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ। ਇਸ ਤੋਂ ਇਲਾਵਾ ਮੁਜੀਬ ਉਰ ਰਹਿਮਾਨ ਨੇ 2 ਅਤੇ ਅਜ਼ਮਤੁੱਲ੍ਹਾ, ਰਾਸ਼ਿਦ ਖਾਨ ਤੇ ਮੁਹੰਮਦ ਨਬੀ ਨੂੰ 1-1 ਵਿਕਟ ਮਿਲੀ। ਟੀਚੇ ਦਾ ਪਿੱਛਾ ਕਰਦਿਆਂ ਅਫ਼ਗਾਨਿਸਤਾਨ ਨੂੰ ਪਹਿਲੇ ਓਵਰ ਵਿੱਚ ਸ਼ੁਰੂਆਤੀ ਝਟਕਾ ਰਹਿਮਾਨੁੱਲ੍ਹਾ ਗੁਰਬਾਜ਼ ਵਜੋਂ ਲੱਗਿਆ, ਜੋ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਿਆ। ਰਹਿਮਤ ਸ਼ਾਹ (62 ਦੌੜਾਂ), ਹਸ਼ਮਤੁੱਲ੍ਹਾ ਸ਼ਾਹਿਦੀ (ਨਾਬਾਦ 58 ਦੌੜਾਂ) ਅਤੇ ਅਜ਼ਮਤੁੱਲ੍ਹਾ ਉਮਰਜ਼ਈ (ਨਾਬਾਦ 73 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ ਅਫ਼ਗਾਨ ਟੀਮ ਨੇ ਟੀਚਾ ਹਾਸਲ ਕਰ ਲਿਆ। ਇਨ੍ਹਾਂ ਤੋਂ ਇਲਾਵਾ ਇਬਰਾਹਿਮ ਜਾਦਰਾਨ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ 2 ਵਿਕਟਾਂ ਲਈਆਂ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਅਫ਼ਗਾਨਿਸਤਾਨ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ,...