ਨਵੀਂ ਦਿੱਲੀ, 25 ਅਕਤੂਬਰ – ਇਥੇ ਆਸਟਰੇਲੀਆ ਨੇ ਨੈਦਰਲੈਂਡਜ਼ ਨੂੰ 309 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਆਸਟਰੇਲੀਆ ਦੇ ਨੈੱਟ ਰਨ ਰੇਟ ’ਚ ਵੱਡਾ ਸੁਧਾਰ ਹੋਇਆ ਹੈ। ਉਸ ਦਾ ਨੈੱਟ ਰੇਟ ਨੈਗੇਟਿਵ ਤੋਂ ਪਾਜ਼ੇਟਿਵ ’ਚ ਆ ਗਿਆ ਹੈ, ਜਦੋਂ ਕਿ ਟੀਮ ਸ਼੍ਰੇਣੀ ’ਚ ਉਸ ਦਾ ਸਥਾਨ ਅਜੇ ਚੌਥਾ ਹੈ। ਆਸਟਰੇਲੀਆ ਦੀ ਪੰਜ ਮੈਚਾਂ ’ਚ ਇਹ ਲਗਾਤਾਰ ਤੀਜੀ ਜਿੱਤ ਹੈ।
ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਨੈਦਰਲੈਂਡਜ਼ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਨੇ 8 ਵਿਕਟਾਂ ’ਤੇ 399 ਦੌੜਾਂ ਬਣਾਉਣ ਤੋਂ ਬਾਅਦ ਨੈਦਰਲੈਂਡਜ਼ ਦੀ ਪਾਰੀ ਨੂੰ 21 ਓਵਰਾਂ ’ਚ 90 ਦੌੜਾਂ ’ਤੇ ਸਮੇਟ ਦਿੱਤਾ। ਵਰਲਡ ਕੱਪ ’ਚ ਦੌੜਾਂ ਦੇ ਲਿਹਾਜ਼ ਨਾਲ ਇਹ ਇਕ ਦਿਨਾ ਮੈਚਾ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਵੱਡੀ ਜਿੱਤ ਦਾ ਰਿਕਾਰਡ ਭਾਰਤ ਦੇ ਨਾਂ ਹੈ ਜਿਸ ਨੇ ਇਸ ਸਾਲ ਸ੍ਰੀਲੰਕਾ ਨੂੰ 310 ਦੌੜਾਂ ਨਾਲ ਹਰਾਇਆ ਸੀ। ਨੈਦਰਲੈਂਡਜ਼ ਦਾ ਕੋਈ ਵੀ ਬੱਲੇਬਾਜ਼ ਆਸਟਰੇਲੀਆਈ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਹੀਂ ਸਕਿਆ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਆਪਣੇ ਬੱਲੇਬਾਜ਼ ਡੇਵਿਡ ਵਾਰਨਰ ਤੇ ਗਲੇਨ ਮੈਕਸਵੈੱਲ ਦੇ ਸੈਂਕੜਿਆਂ ਦੀ ਬਦੌਲਤ ਇਕ ਦਿਨਾ ਵਰਲਡ ਕੱਪ ਕ੍ਰਿਕਟ ’ਚ ਨੈਦਰਲੈਂਡਜ਼ ਖ਼ਿਲਾਫ਼ 50 ਓਵਰਾਂ ਵਿੱਚ 8 ਵਿਕਟਾਂ ’ਤੇ 399 ਦੌੜਾਂ ਬਣਾਈਆਂ ਸਨ। ਵਾਰਨਰ ਨੇ 104 ਤੇ ਮੈਕਸਵੈੱਲ ਨੇ 106 ਦੌੜਾਂ ਬਣਾਈਆਂ। ਆਸਟਰੇਲੀਆ ਨੇ ਪਲੇਇੰਗ ਇਲੈਵਨ ਵਿੱਚ ਮਾਰਕਸ ਸਟੋਇਨਿਸ ਦੀ ਜਗ੍ਹਾ ਕੈਮਰੂਨ ਗ੍ਰੀਨ ਨੂੰ ਮੌਕਾ ਦਿੱਤਾ। ਨੈਦਰਲੈਂਡਜ਼ ਦੀ ਟੀਮ ਨੇ ਅੰਤਿਮ ਗਿਆਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ।
ਮੈਕਸਵੈਲ ਨੇ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਬਣਾਇਆ
ਆਸਟਰੇਲੀਆ ਦੇ ਗਲੇਨ ਮੈਕਸਵੈਲ ਨੇ ਨੈਦਰਲੈਂਡਜ਼ ਖ਼ਿਲਾਫ਼ ਬੁੱਧਵਾਰ ਨੂੰ ਇਕ ਦਿਨਾ ਮੈਚ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ। ਉਸ ਨੇ ਇਹ ਸੈਂਕੜਾ 40 ਗੇਂਦਾਂ ’ਚ ਪੂਰਾ ਕੀਤਾ। ਉਸ ਨੇ ਬਾਸ ਡੀ ਲੀਡੇ ਦੀ 49ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਛੱਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਕ ਦਿਨਾ ਵਿਸ਼ਵ ਕੱਪ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਅਡੇਨ ਮਾਰਕਰਾਮ ਦੇ ਨਾਂ ਸੀ ਜਿਸ ਨੇ ਇਸੇ ਵਿਸ਼ਵ ਕੱਪ ’ਚ 7 ਅਕਤੂਬਰ ਨੂੰ ਸ੍ਰੀਲੰਕਾ ਖ਼ਿਲਾਫ਼ 49 ਗੇਂਦਾਂ ’ਤੇ 106 ਦੌੜਾਂ ਬਣਾਈਆਂ ਸਨ। ਇਕ ਦਿਨਾ ਕਿ੍ਕਟ ਦੇ ਇਤਿਹਾਸ ’ਚ ਇਹ ਚੌਥਾ ਸਭ ਤੋਂ ਤੇਜ਼ ਸੈਂਕੜਾ ਹੈ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਆਸਟਰੇਲੀਆ ਨੇ ਨੈਦਰਲੈਂਡਜ਼ ਨੂੰ 309 ਦੌੜਾਂ ਨਾਲ ਹਰਾਇਆ