ਲਖਨਊ, 29 ਅਕਤੂਬਰ – ਇੱਥੇ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਵਰਲਡ ਕੱਪ ਸੈਮੀਫਾਈਨਲ ’ਚ ਆਪਣਾ ਟਿਕਟ ਲਗਭਗ ਪੱਕਾ ਕਰ ਲਿਆ ਹੈ। ਇਸ ਮੈਚ ’ਚ ਮੁਹੰਮਦ ਸ਼ਮੀ ਨੇ 4 ਅਤੇ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ। ਭਾਰਤੀ ਟੀਮ ਛੇ ਮੈਚਾਂ ’ਚ 12 ਅੰਕਾਂ ਨਾਲ ਸੂਚੀ ‘ਚ ਸਿਖਰ ’ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਟੀਮ ਜਿੱਤ ਲਈ ਮਿਲੇ 230 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 34.5 ਓਵਰਾਂ ’ਚ ਸਿਰਫ 129 ਦੌੜਾਂ ’ਤੇ ਹੀ ਆਊਟ ਹੋ ਗਈ।
ਇੰਗਲੈਂਡ ਨੇ ਟਾਸ ਜਿੱਤਿਆ ਅਤੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ ਇੰਗਲੈਂਡ ਖ਼ਿਲਾਫ਼ 50 ਓਵਰਾਂ ਵਿੱਚ ਆਪਣੀਆਂ 8 ਵਿਕਟਾਂ ਗੁਆ ਕੇ 229 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ 13 ਗੇਂਦਾਂ ਵਿੱਚ ਨੌਂ ਦੌੜਾਂ, ਜਦੋਂਕਿ ਵਿਰਾਟ ਕੋਹਲੀ ਦੌੜਾਂ ਦਾ ਖਾਤੇ ਖੋਲ੍ਹੇ ਬਿਨਾ ਆਊਟ ਹੋ ਗਏ। ਸ਼੍ਰੇਅਸ ਅਈਅਰ 16 ਗੇਂਦਾਂ ਵਿੱਚ 4 ਤੇ ਕੇਐੱਲ ਰਾਹੁਲ 58 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਕਪਤਾਨ ਰੋਹਿਤ ਸ਼ਰਮਾ 101 ਗੇਂਦਾਂ ਵਿੱਚ 87 ਦੌੜਾਂ ਬਣਾ ਕੇ ਆਊਟ ਹੋ ਗਿਆ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਰਵਿੰਦਰ ਜਡੇਜਾ (13 ਗੇਂਦਾਂ ’ਤੇ 8 ਦੌੜਾਂ) ਅਤੇ ਮੁਹੰਮਦ ਸ਼ਮੀ (1 ਦੌੜ) ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ। ਸੂਰਿਆ ਕੁਮਾਰ ਯਾਦਵ ਨੀਮ ਸੈਂਕੜਾ (47 ਗੇਂਦਾਂ ’ਚ 49 ਦੌੜਾਂ) ਬਣਾਉਣ ਤੋਂ ਖੁੰਝ ਗਿਆ ਹੈ।
ਇੰਗਲੈਂਡ ਵੱਲੋਂ ਡੇਵਿਡ ਵਿਲੀ, ਕ੍ਰਿਸ ਵੋਕਸ ਅਤੇ ਆਦਿਲ ਰਸ਼ੀਦ ਨੇ ਦੋ ਦੋ ਵਿਕਟਾਂ ਝਟਕਾਈਆਂ। ਭਾਰਤੀ ਕ੍ਰਿਕਟ ਟੀਮ ਅੱਜ ਇਥੇ ਇੰਗਲੈਂਡ ਖ਼ਿਲਾਫ਼ ਮੈਚ ’ਚ ਵਿੱਚ ਮਹਾਨ ਸਪਿੰਨਰ ਅਤੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਬਾਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ। ਬੇਦੀ ਦਾ ਲੰਘੀ 23 ਅਕੂਤਬਰ ਨੂੰ ਦੇਹਾਂਤ ਹੋ ਗਿਆ ਸੀ। ਦੱਸਣਯੋਗ ਹੈ ਕਿ ਬਿਸ਼ਨ ਸਿੰਘ ਬੇਦੀ ਨੇ 1976 ਤੋਂ 1978 ਤੱਕ 22 ਟੈਸਟ ਮੈਚਾਂ ’ਚ ਭਾਰਤ ਦੀ ਅਗਵਾਈ ਕੀਤੀ। ਉਨ੍ਹਾਂ ਨੇ 1967 ਤੋਂ 1979 ਦੌਰਾਨ ਕੁੱਲ 67 ਟੈਸਟ ਮੈਚ ਅਤੇ 10 ਇਕ ਰੋਜ਼ਾ ਮੈਚਾਂ ’ਚ ਦੇਸ਼ਾਂ ਦੀ ਨੁਮਾਇੰਦਗੀ ਤੇ 4 ਇੱਕ ਦਿਨਾਂ ਮੈਚਾਂ ’ਚ ਟੀਮ ਦੀ ਕਪਤਾਨੀ ਵੀ ਕੀਤੀ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ,...